ਸਤਵਿੰਦਰ ਧਡ਼ਾਕ, ਐੱਸਏਐੱਸ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵੀਰਵਾਰ ਨੂੰ ਐਲਾਨੇ ਅਕਾਦਮਿਕ ਸਾਲ 2021-22, ਅੱਠਵੀਂ ਜਮਾਤ ਦੇ ਨਤੀਜਿਆਂ ਵਿਚ ਸਰਕਾਰੀ ਮਿਡਲ ਸਕੂਲ ਗੁੰਮਟੀ ਜ਼ਿਲ੍ਹਾ ਬਰਨਾਲਾ ਦੇ ਮਨਪ੍ਰੀਤ ਸਿੰਘ ਨੇ 600 ਵਿੱਚੋਂ 600 (100 ਫ਼ੀਸਦੀ) ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਦੂਜੇ ਸਥਾਨ ਲਈ ਐੱਸਏਵੀ ਜੈਨ ਡੇਅ-ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਦੀ ਪ੍ਰੀਖਿਆਰਥਣ ਹਿਮਾਨੀ ਨੇ 596 ਅੰਕ (99.33 ਫ਼ੀਸਦੀ) ਜਦਕਿ ਤੀਜੇ ਸਥਾਨ ’ਤੇ ਅੰਬਰ ਪਬਲਿਕ ਸਕੂਲ ਨਵਾਂ ਤਨੇਲ ਅੰਮ੍ਰਿਤਸਰ ਦੀ ਕਰਮਨਪ੍ਰੀਤ ਕੌਰ ਰਹੀ, ਜਿਸ ਨੇ 596 (99.33ਫ਼ੀਸਦੀ) ਅੰਕ ਪ੍ਰਾਪਤ ਹੋਏ। ਮਈ ਮਹੀਨੇ ਵਿਚ ਸਮਾਪਤ ਹੋਈਆਂ ਪ੍ਰੀਖਿਆਵਾਂ ਵਿਚ ਕੁੱਲ 25 ਵਿਸ਼ਿਆਂ ਦੀ ਪ੍ਰੀਖਿਆਵਾਂ ਹੋਈਆਂ ਸਨ ਜਿਨ੍ਹਾਂ ਵਿਚ 3 ਲੱਖ 7 ਹਜ਼ਾਰ 942 ਪ੍ਰੀਖਿਆਰਥੀਆਂ ਨੇ ਹਿੱਸਾ ਲਿਆ ਸੀ। ਇਨ੍ਹਾਂ ਵਿੱਚੋਂ 3 ਲੱਖ 2 ਹਜ਼ਾਰ 558 ਪ੍ਰੀਖਿਆਰਥੀ ਪਾਸ, 5 ਹਜ਼ਾਰ 487 ਫੇਲ੍ਹ ਹੋ ਗਏ ਜਦਕਿ ਤਕਨੀਕੀ ਖ਼ਾਮੀਆਂ ਕਰ ਕੇ 697 ਪ੍ਰੀਖਿਆਰਥੀਆਂ ਦਾ ਨਤੀਜਾ ਰੋਕ ਲਿਆ ਗਿਆ ਹੈ ਤੇ ਓਵਰਆਲ ਨਤੀਜਾ 98.25 ਫ਼ੀਸਦੀ ਰਿਹਾ।
ਕੁਡ਼ੀਆਂ ਨੇ ਵਧੀਆ ਕਾਰਗੁਜ਼ਾਰੀ ਦੁਹਰਾਈ
ਇਨ੍ਹਾਂ ਪ੍ਰੀਖਿਆਵਾਂ ਕੁਡ਼ੀਆਂ ਦੀ ਪਾਸ ਪ੍ਰਤੀਸ਼ਤਤਾ 98.70 ਫ਼ੀਸਦੀ ਰਹੀ ਜਿਹਡ਼ੀ ਕਿ ਮੁੰਡਿਆਂ ਨਾਲੋਂ 0.86 ਫ਼ੀਸਦੀ ਜ਼ਿਆਦਾ ਹੈ। ਵੇਰਵਿਆਂ ਮੁਤਾਬਕ ਲੰਘੇ ਅਕਾਦਮਿਕ ਵਰ੍ਹੇ ’ਚ 1 ਲੱਖ 63 ਹਜ਼ਾਰ 166 ਮੁੰਡੇ ਪ੍ਰੀਖਿਆਵਾਂ ਲਈ ਯੋਗ ਠਹਿਰਾਏ ਗਏ ਸਨ ਜਿਨ੍ਹਾਂ ਵਿੱਚੋਂ 1 ਲੱਖ 59 ਹਜ਼ਾਰ 668 ਪਾਸ ਹੋ ਸਕੇ ਜਦਕਿ ਕੁਡ਼ੀਆਂ ਦੀ 1 ਲੱਖ 44 ਹਜ਼ਾਰ 767 ਕੁਡ਼ੀਆਂ ਵਿੱਚੋਂ 1 ਲੱਖ 42 ਹਜ਼ਾਰ 881 ਪਾਸ ਹੋ ਗਈਆਂ। ਅੱਠਵੀਂ ਦੀਆਂ ਪ੍ਰੀਖਿਆਵਾਂ ਵਿਚ 9 ਟਰਾਂਸਜੈਂਡਰਜ਼ ਨੇ ਹਿੱਸਾ ਲਿਆ ਸੀ ਜਿਨ੍ਹਾਂ ਦਾ ਨਤੀਜਾ 100 ਫ਼ੀਸਦੀ ਰਿਹਾ ਹੈ। ਇਸੇ ਤਰ੍ਹਾਂ ਸੂਬੇ ਦੇ 29 ਜ਼ਿਲ੍ਹਿਆਂ ਵਿੱਚੋਂ 99.36 ਫ਼ੀਸਦੀ ਪਾਸ-ਪ੍ਰਤੀਸ਼ਤਤਾ ਨਾਲ ਪਹਿਲੇ ਸਥਾਨ ’ਤੇ ਰਿਹਾ ਦੂਜੇ ਸਥਾਨ ’ਤੇ ਕਪੂਰਥਲਾ 99.16 ਫ਼ੀਸਦੀ ਜਦੋਂਕਿ ਤੀਜੇ ਸਥਾਨ ’ਤੇ ਰਹੇ ਹੁਸ਼ਿਆਰਪੁਰ ਦੀ ਪਾਸ ਪ੍ਰਤੀਸ਼ਤਤਾ 99.02 ਫ਼ੀਸਦੀ ਰਹੀ। ਇਸ ਵਰ੍ਹੇ ਸਾਰੇ ਜ਼ਿਲ੍ਹਿਆਂ ਦਾ ਨਤੀਜਾ 96 ਫ਼ੀਸਦੀ ਤੋਂ ਉੱਪਰ ਰਿਹਾ।
ਦੂਜੇ ਤੇ ਤੀਜੇ ਸਥਾਨ ’ਤੇ ਰਹੀਆਂ ਦੋਵਾਂ ਪ੍ਰੀਖਿਆਰਥਣਾਂ ਦੇ ਅੰਕ ਬਰਾਬਰ ਹਨ ਪਰ ਪ੍ਰੀਖਿਆਰਥਣ ਹਿਮਾਨੀ ਦੀ ਉਮਰ ਕਰਮਪ੍ਰੀਤ ਕੌਰ ਤੋਂ ਘੱਟ ਹੋਣ ਕਰ ਕੇ ਉਸ ਨੁੰ ਸੂਬਾ ਪੱਧਰ ’ਤੇ ਦੂਜਾ ਸਥਾਨ ਹਾਸਲ ਹੋਇਆ ਹੈ।
ਸਕੂਲਾਂ ’ਚ ਐਫ਼ੀਲੀਟੇਡ ਸਕੂਲਾਂ ਦੀ ਝੰਡੀ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰਾਪਤ ਵੇਰਵਿਆਂ ਮੁਤਾਬਕ ਅੱਠਵੀਂ ਜਮਾਤ ਦੇ ਨਤੀਜਿਆਂ ਵਿਚ ਸਭ ਤੋਂ ਵੱਧ 98.75 ਫ਼ੀਸਦੀ ਪ੍ਰੀਖਿਆਰਥੀ ਐਫ਼ੀਲੀਏਟਿਡ ਸਕੂਲਾਂ ਨਾਲ ਸਬੰਧਤ ਹਨ। ਇਨ੍ਹਾਂ ਸਕੂਲਾਂ ਵਿੱਚੋਂ ਕੁੱਲ 57 ਹਜ਼ਾਰ 327 ਪ੍ਰੀਖਿਆਰਥੀਆਂ ਨੇ ਹਿੱਸਾ ਲਿਆ ਸੀ ਜਿਨ੍ਹਾਂ ਵਿਚੋਂ 56 ਹਜ਼ਾਰ 610 ਪਾਸ ਹੋ ਗਏ। ਦੂਜੇ ਸਥਾਨ ’ਤੇ ਐਸੋਸੀਏਟਿਡ ਸਕੂਲਾਂ ਦੇ ਪ੍ਰੀਖਿਆਰਥੀ ਰਹੇ ਜਿਨ੍ਹਾਂ ਦਾ ਨਤੀਜਾ 98.55 ਫ਼ੀਸਦੀ ਜਦਕਿ 98.29 ਫ਼ੀਸਦੀ ਅੰਕਾਂ ਨਾਲ ਸਰਕਾਰੀ ਸਕੂਲਾਂ ਦੇ ਪ੍ਰੀਖਿਆਰਥੀ ਤੀਜੇ ਸਥਾਨ ’ਤੇ ਸਿਮਟ ਗਏ। ਨਤੀਜੇ ਪੱਖੋਂ ਸਭ ਤੋਂ ਘੱਟ ਪਾਸ-ਪ੍ਰਤੀਸ਼ਤ ਏਡਿਡ ਸਕੂਲਾਂ ਦਾ ਹੈ ਜਿਨ੍ਹਾਂ ਦੇ ਕੁੱਲ 16 ਹਜ਼ਾਰ 579 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਤੇ ਨਤੀਜਾ 95.68 ਫੀਸਦੀ ਰਿਹਾ।
ਫੇਲ੍ਹ ਵਿਦਿਆਰਥੀ ਲੈ ਸਕਣਗੇ ਦਾਖ਼ਲੇ
ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਹ ਵੀ ਕਿਹਾ ਗਿਆ ਕਿ ਜਿਹਡ਼ੇ ਪ੍ਰੀਖਿਆਰਥੀ ਪਾਸ ਨਹੀਂ ਹੋ ਸਕੇ, ਉਨ੍ਹਾਂ ਦੀ ਸਪਲੀਮੈਂਟਰੀ ਪ੍ਰੀਖਿਆ ਦੋ ਮਹੀਨੇ ਦੇ ਅੰਦਰ-ਅੰਦਰ ਕਰਵਾਈ ਜਾਵੇਗੀ ਪਰ ਅਜਿਹੇ ਪ੍ਰੀਖਿਆਰਥੀ ਨੌਵੀਂ ਸ਼੍ਰੇਣੀ ਵਿਚ ਆਰਜ਼ੀ ਤੌਰ ’ਤੇ ਦਾਖ਼ਲਾ ਲੈ ਸਕਦੇ ਹਨ। ਇਨ੍ਹਾਂ ਵਿੱਚੋਂ ਜੋ ਪ੍ਰੀਖਿਆਰਥੀ ਸਪਲੀਮੈਂਟਰੀ ਪ੍ਰੀਖਿਆ ਵਿਚ ਪਾਸ ਹੋ ਜਾਣਗੇ, ਉਨ੍ਹਾਂ ਦਾ ਨਤੀਜਾ ‘ਪ੍ਰਮੋਟਿਡ’ ਤੇ ਜੋ ਇਸ ਪ੍ਰੀਖਿਆ ਵਿਚ ਪਾਸ ਨਹੀਂ ਹੋ ਸਕਣਗੇ, ਦਾ ਨਤੀਜਾ ‘ਨਾਟ ਪ੍ਰਮੋਟਿਡ’ ਹੋਵੇਗਾ। ਪ੍ਰੋ. ਯੋਗਰਾਜ, ਨੇ ਕਿਹਾ ਕਿ ਅੱਠਵੀਂ ਸ਼੍ਰੇਣੀ ਦੀ ਮਾਰਚ 2022, ਟਰਮ-2 ਦੀ ਲਿਖਤੀ ਤੇ ਪ੍ਰਯੋਗੀ ਪ੍ਰੀਖਿਆ ਦੀ ਆਖ਼ਰੀ ਮਿਤੀ 9 ਮਈ ਸੀ ਅਤੇ ਨਤੀਜਾ 23 ਦਿਨਾਂ ਬਾਅਦ ਨਤੀਜਾ ਐਲਾਨ ਦਿੱਤਾ ਗਿਆ ਹੈ। ਕੰਟਰੋਲਰ ਪ੍ਰੀਖਿਆਵਾਂ ਜੇਆਰ ਮਹਿਰੋਕ ਨੇ ਮੀਟਿੰਗ ਦੌਰਾਨ ਦੱਸਿਆ ਕਿ ਅੱਠਵੀਂ ਸ਼੍ਰੇਣੀ ਦੇ ਨਤੀਜੇ ਸਬੰਧੀ ਪੂਰੇ ਵੇਰਵੇ, ਮੈਰਿਟ ਸੂਚੀ ਤੇ ਪਾਸ ਪ੍ਰਤੀਸ਼ਤਤਾ ਸ਼ੁੱਕਰਵਾਰ, 3 ਜੂਨ 2022 ਨੂੰ ਸਵੇਰ 10:00 ਵਜੇ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ’ਤੇ ਮੁਹਈਆ ਹੋਣਗੇ। ਇਸ ਸਬੰਧੀ ਸਰਟੀਫ਼ਿਕੇਟ ਬਾਅਦ ਵਿਚ ਜਾਰੀ ਕੀਤੇ ਜਾਣਗੇ।