ਕੁਲਦੀਪ ਸ਼ੁਕਲਾ, ਚੰਡੀਗੜ੍ਹ : ਪੰਜਾਬ ਪੁਲਿਸ ਦੇ ਤਤਕਾਲੀ ਡੀਜੀਪੀ ਸਿਧਾਰਥ ਚਟੋਪਾਧਿਆਏ ਦੇ ਜਾਅਲੀ ਦਸਤਖਤਾਂ ਨਾਲ ਤਰੱਕੀਆਂ ਵਾਲੇ 11 ਪੁਲਿਸ ਮੁਲਾਜ਼ਮਾਂ ਦੀ ਸੂਚੀ ਜਾਰੀ ਕਰਨ ਦੇ ਮਾਮਲੇ 'ਚ ਸੈਕਟਰ-3 ਥਾਣੇ ਦੀ ਪੁਲਿਸ ਨੂੰ ਸਥਾਨਕ ਰੈਂਕ ਦੇ ਏਐਸਆਈ ਤੋਂ ਐਸਆਈ ਬਣੇ ਸਤਿੰਦਰ ਤੇ ਸਥਾਨਕ ਰੈਂਕ ਦੇ ਕਾਂਸਟੇਬਲ ਤੋਂ ਕਾਂਸਟੇਬਲ ਬਣੇ ਸੰਜੀਵ ਦੀ ਤਲਾਸ਼ ਹੈ। ਐਸਆਈਟੀ ਨੇ ਤਤਕਾਲੀ ਡੀਜੀਪੀ ਦੇ ਪੀਏ ਕੁਲਵਿੰਦਰ ਸਿੰਘ ਨੂੰ ਪੇਸ਼ ਕਰ ਕੇ ਉਸ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ।
ਹੁਣ ਤਕ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸਤਿੰਦਰ ਤੇ ਕੁਲਵਿੰਦਰ ਡੀਜੀਪੀ ਦਫ਼ਤਰ 'ਚ ਬੈਠ ਕੇ ਫਰਜ਼ੀ ਆਰਡਰਾਂ ਦੀਆਂ ਕਾਪੀਆਂ ਤਿਆਰ ਕਰਦੇ ਸਨ। ਪੁਲਿਸ ਨੇ ਦਫ਼ਤਰ 'ਚੋਂ ਇਕ ਕੰਪਿਊਟਰ ਵੀ ਬਰਾਮਦ ਕੀਤਾ ਸੀ, ਜਿਸ ਵਿਚ ਦਸਤਾਵੇਜ਼ ਵੀ ਮਿਲੇ ਸਨ। ਸੰਦੀਪ ਕੋਲੋਂ ਇਕ ਲੱਖ ਰੁਪਏ ਵੀ ਬਰਾਮਦ ਕੀਤੇ ਗਏ ਹਨ। ਹੁਣ ਤਕ ਐਸਆਈਟੀ ਮਾਮਲੇ 'ਚ ਮੁਹਾਲੀ ਸਾਈਬਰ ਸੈੱਲ 'ਚ ਤਾਇਨਾਤ ਇੰਸਪੈਕਟਰ ਸਤਵੰਤ ਸਿੰਘ ਸਿੰਧੂ ਅਤੇ ਬਰਖਾਸਤ ਸਬ ਇੰਸਪੈਕਟਰ ਸਰਬਜੀਤ ਸਿੰਘ, ਹੌਲਦਾਰ ਮਨੀ ਕਟੋਚ, ਤਤਕਾਲੀ ਡੀਜੀਪੀ ਦੇ ਪੀਏ ਕੁਲਵਿੰਦਰ ਸਿੰਘ, ਸੁਪਰਡੈਂਟ ਸੰਦੀਪ ਅਤੇ ਬਹਾਦਰ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਹੁਣ ਦੂਜੀ ਵਾਰ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਮੁਲਜ਼ਮ ਨੂੰ ਮੰਗਲਵਾਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।