ਕੈਲਾਸ਼ ਨਾਥ, ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਟੌਤੀ ਲਈ ਐਕਸਾਈਜ਼ ਡਿਊਟੀ ਘਟਾਉਣ ਤੋਂ ਬਾਅਦ ਪੰਜਾਬ ਸਰਕਾਰ ਉੱਤੇ ਪੈਟਰੋਲ ਅਤੇ ਡੀਜ਼ਲ ਉੱਤੇ ਵੈਟ ਘਟਾਉਣ ਦਾ ਦਬਾਅ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵੈਟ ਘਟਾਉਣ ਦੇ ਮੂਡ ਵਿੱਚ ਨਹੀਂ ਹੈ। ਸੂਬੇ ਦੀ ਵਿੱਤੀ ਹਾਲਤ ਨੂੰ ਦੇਖਦੇ ਹੋਏ ਸਰਕਾਰ ਮਾਲੀਏ ਨੂੰ ਲੈ ਕੇ ਚਿੰਤਤ ਹੈ। ਇਸ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ ਨੇ ਵੈਟ ਘਟਾਉਣ ਲਈ 'ਆਪ' ਸਰਕਾਰ 'ਤੇ ਹਮਲੇ ਸ਼ੁਰੂ ਕਰ ਦਿੱਤੇ ਹਨ।
ਸੂਤਰਾਂ ਅਨੁਸਾਰ ਕੇਂਦਰ ਸਰਕਾਰ ਵੱਲੋਂ ਐਕਸਾਈਜ਼ ਡਿਊਟੀ ਘਟਾਉਣ ਕਾਰਨ ਸੂਬਾ ਸਰਕਾਰ ਨੂੰ 900 ਕਰੋੜ ਰੁਪਏ ਤੋਂ ਵੱਧ ਦਾ ਸਾਲਾਨਾ ਨੁਕਸਾਨ ਹੋਇਆ ਹੈ। ਅਜਿਹੇ 'ਚ ਜੇਕਰ ਪੰਜਾਬ ਸਰਕਾਰ ਵੈਟ ਵੀ ਘਟਾਉਂਦੀ ਹੈ ਤਾਂ ਇਸ ਨਾਲ ਸੂਬੇ ਦੀ ਆਰਥਿਕ ਹਾਲਤ ਹੋਰ ਖਰਾਬ ਹੋ ਜਾਵੇਗੀ ਕਿਉਂਕਿ ਪਹਿਲਾਂ ਹੀ 'ਆਪ' ਸਰਕਾਰ 8000 ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੀ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ 'ਤੇ ਹਮੇਸ਼ਾ ਦਬਾਅ ਬਣਿਆ ਰਹਿੰਦਾ ਹੈ ਕਿ ਚੰਡੀਗੜ੍ਹ ਅਤੇ ਹਰਿਆਣਾ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਪੰਜਾਬ ਨਾਲੋਂ ਘੱਟ ਹੋਣ ਕਾਰਨ ਪੰਜਾਬ ਦੀ ਵਿਕਰੀ ਇਨ੍ਹਾਂ ਰਾਜਾਂ 'ਚ ਤਬਦੀਲ ਹੋ ਜਾਂਦੀ ਹੈ, ਜਿਸ 'ਤੇ ਰੋਕ ਲਗਾਈ ਜਾਵੇ।ਦੋ ਦਿਨ ਪਹਿਲਾਂ ਜਦੋਂ ਕੇਂਦਰ ਸਰਕਾਰ ਨੇ ਪੈਟਰੋਲ 'ਚ 9.50 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 'ਚ 7 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਸੀ ਤਾਂ ਸਿਆਸੀ ਪਾਰਟੀਆਂ ਨੇ 'Îਆਪ' ਸਰਕਾਰ 'ਤੇ ਵੈਟ ਘਟਾਉਣ ਲਈ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਸਮੇਂ ਰਾਜ ਵਿਚ ਪੈਟਰੋਲ 'ਤੇ 13.77 ਫੀਸਦੀ ਅਤੇ ਡੀਜ਼ਲ 'ਤੇ 9.92 ਫੀਸਦੀ ਵੈਟ ਹੈ। ਰਾਜ ਸਾਲਾਨਾ ਲਗਪਗ 13.63 ਲੱਖ ਕਿਲੋ ਲੀਟਰ ਪੈਟਰੋਲ ਅਤੇ 3.89 ਲੱਖ ਕਿਲੋ ਲੀਟਰ ਡੀਜ਼ਲ ਦੀ ਖਪਤ ਕਰਦਾ ਹੈ।
ਜ਼ਿਕਰਯੋਗ ਹੈ ਕਿ 7 ਨਵੰਬਰ 2021 ਨੂੰ ਸੂਬੇ ਦੀ ਤਤਕਾਲੀ ਚੰਨੀ ਸਰਕਾਰ ਨੇ ਪੈਟਰੋਲ 'ਤੇ 10 ਰੁਪਏ ਅਤੇ ਡੀਜ਼ਲ 'ਤੇ 5 ਰੁਪਏ ਦੀ ਕਟੌਤੀ ਕੀਤੀ ਸੀ। ਸਰਕਾਰ ਨੇ ਉਮੀਦ ਪ੍ਰਗਟਾਈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਣ ਨਾਲ ਸੂਬੇ ਵਿੱਚ ਡੀਜ਼ਲ ਅਤੇ ਪੈਟਰੋਲ ਦੀ ਖਪਤ ਵਧੇਗੀ ਜਿਸ ਕਾਰਨ ਮਾਲੀਏ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ ਪਰ ਅਜਿਹਾ ਨਹੀਂ ਹੋਇਆ। ਚੰਨੀ ਸਰਕਾਰ ਦੀ ਇਸ ਕਟੌਤੀ ਕਾਰਨ ਸੂਬੇ 'ਤੇ 3295 ਕਰੋੜ ਰੁਪਏ ਦਾ ਵਿੱਤੀ ਬੋਝ ਆ ਗਿਆ ਸੀ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਨੂੰ ਵੀ ਇਸ ਕਟੌਤੀ ਦਾ ਲਾਭ ਨਹੀਂ ਮਿਲਿਆ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਚੋਣਾਂ 'ਚ ਮੁੱਦਾ ਨਹੀਂ ਬਣ ਸਕੀ।
ਸੂਤਰ ਦੱਸਦੇ ਹਨ ਕਿ ਚੰਨੀ ਸਰਕਾਰ ਦੇ ਸਮੇਂ ਦੇ ਪੁਰਾਣੇ ਤਜ਼ਰਬੇ ਦੇ ਮੱਦੇਨਜ਼ਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਪੈਟਰੋਲ ਅਤੇ ਡੀਜ਼ਲ 'ਤੇ ਵੈਟ ਘਟਾਉਣ ਦਾ ਕੋਈ ਮੂਡ ਨਹੀਂ ਦਿਖਾ ਰਹੀ ਹੈ। ਦੂਜੇ ਪਾਸੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸੁਨੀਲ ਜਾਖੜ ਨੇ ਕੱਲ੍ਹ 'ਆਪ' ਸਰਕਾਰ ਤੋਂ ਲੋਕਾਂ ਨੂੰ ਰਾਹਤ ਦੇਣ ਲਈ ਪੈਟਰੋਲ ਅਤੇ ਡੀਜ਼ਲ 'ਤੇ ਵੈਟ ਘਟਾਉਣ ਦੀ ਮੰਗ ਕੀਤੀ ਸੀ।