ਆਨਲਾਈਨ ਡੈਸਕ, ਚੰਡੀਗੜ੍ਹ: Farmer Protest in Mohali: ਕਿਸਾਨਾਂ ਨੇ ਚੰਡੀਗੜ੍ਹ-ਮੋਹਾਲੀ ਬਾਰਡਰ 'ਤੇ ਪੱਕਾ ਧਰਨਾ ਦਿੱਤਾ ਹੈ। ਕਿਸਾਨ ਪਿਛਲੇ ਦਿਨੀਂ ਹੀ ਚੰਡੀਗੜ੍ਹ-ਮੋਹਾਲੀ ਬਾਰਡਰ 'ਤੇ ਪਹੁੰਚ ਗਏ ਸਨ। ਕਿਸਾਨਾਂ ਨੇ ਇੱਥੇ ਰਾਤ ਵੀ ਕੱਟੀ। ਮੁਹਾਲੀ ਦੇ ਵਾਈਪੀਐਸ ਚੌਕ ਵਿੱਚ ਕਿਸਾਨਾਂ ਨੇ ਆਪਣੇ ਟਰੈਕਟਰ ਟਰਾਲੀਆਂ ਸੜਕ ਦੇ ਵਿਚਕਾਰ ਰੱਖ ਕੇ ਪੱਕਾ ਧਰਨਾ ਦਿੱਤਾ। ਰਾਤ ਦੇ ਖਾਣੇ ਤੋਂ ਲੈ ਕੇ ਸਵੇਰ ਦੀ ਚਾਹ ਵੀ ਇੱਥੋਂ ਦੇ ਕਿਸਾਨਾਂ ਵੱਲੋਂ ਬਣਾਈ ਜਾਂਦੀ ਹੈ। ਸਵੇਰੇ ਨਹਾਉਣ ਲਈ ਪਾਣੀ ਦੇ ਟੈਂਕਰ ਮੰਗਵਾਏ ਗਏ ਹਨ।
ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ 'ਤੇ ਅੜੇ ਹੋਏ ਹਨ। ਇਸ ਦੇ ਨਾਲ ਹੀ ਕਿਸਾਨਾਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਅੱਜ ਚੰਡੀਗੜ੍ਹ ਵੱਲ ਮਾਰਚ ਕਰਨਗੇ। ਚੰਡੀਗੜ੍ਹ 'ਚ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨਗੇ। ਇਸ ਦੇ ਲਈ ਦੋਵਾਂ ਸ਼ਹਿਰਾਂ ਦੀ ਪੁਲਿਸ ਨੇ ਪਹਿਲਾਂ ਹੀ ਕਮਰ ਕੱਸ ਲਈ ਹੈ। ਮੋਹਾਲੀ-ਚੰਡੀਗੜ੍ਹ ਬਾਰਡਰ 'ਤੇ ਪੁਲਸ ਨੇ ਬੈਰੀਕੇਡ ਲਗਾ ਕੇ ਕਿਸਾਨਾਂ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਹਨ। ਹਾਲਾਂਕਿ ਹੁਣ ਤਕ ਸਥਿਤੀ ਆਮ ਵਾਂਗ ਹੈ।
ਦੁਪਹਿਰ ਦੇ ਖਾਣੇ ਦੀ ਤਿਆਰੀ ਵਿੱਚ ਰੁੱਝੇ ਕਿਸਾਨ। ਮੁਹਾਲੀ-ਚੰਡੀਗੜ੍ਹ ਸਰਹੱਦ ’ਤੇ ਵਾਈਪੀਐਸ ਚੌਕ ’ਤੇ ਸੈਂਕੜੇ ਕਿਸਾਨ ਖੜ੍ਹੇ ਹਨ।
ਕਿਸਾਨਾਂ ਨੇ ਵਾਈਪੀਐਸ ਚੌਕ ’ਤੇ ਪੱਕਾ ਧਰਨਾ ਦੇ ਕੇ ਰਾਤ ਉੱਥੇ ਹੀ ਕੱਟੀ। ਕਿਸਾਨਾਂ ਨੂੰ ਇਸ ਤਰ੍ਹਾਂ ਦੇਖ ਕੇ ਸਿੰਘੂ ਬਾਰਡਰ 'ਤੇ ਕਿਸਾਨ ਅੰਦੋਲਨ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ।
ਇਸ ਸਮੇਂ ਮੁਹਾਲੀ ਵਿੱਚ ਕਿਸਾਨ ਆਗੂਆਂ ਦੀ ਮੀਟਿੰਗ ਹੋ ਰਹੀ ਹੈ। ਮੀਟਿੰਗ ਵਿੱਚ ਅਗਲੇਰੀ ਕਾਰਜ ਯੋਜਨਾ ਤਿਆਰ ਕੀਤੀ ਜਾਵੇਗੀ।
ਚੰਡੀਗੜ੍ਹ-ਮੋਹਾਲੀ ਸਰਹੱਦ ’ਤੇ ਕਿਸਾਨਾਂ ਦੇ ਪੱਕੇ ਧਰਨੇ ਕਾਰਨ ਪੁਲਿਸ ਵੱਲੋਂ ਕਈ ਰਸਤੇ ਬੰਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਵੱਡੀ ਗਿਣਤੀ 'ਚ ਮੀਡੀਆ ਵੀ ਮੌਕੇ 'ਤੇ ਮੌਜੂਦ ਹੈ।