ਹਰਕ੍ਰਿਸ਼ਨ ਸ਼ਰਮਾ, ਮਾਨਸਾ : ਸਿੱਧੂ ਮੂਸੇਵਾਲਾ ਦੇ ਕਤਲ ਤੋਂ 5 ਦਿਨ ਬਾਅਦ CM ਭਗਵੰਤ ਮਾਨ ਉਨ੍ਹਾਂ ਦੇ ਘਰ ਪਹੁੰਚੇ। ਉਥੇ ਪਹੁੰਚ ਕੇ ਮੂਸੇਵਾਲਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਦੱਸ ਦੇਈਏ ਕਿ ਸਵੇਰੇ ਪਿੰਡ ਦੇ ਲੋਕਾਂ ਨੇ ਸੀਐਮ ਮਾਨ ਦਾ ਵਿਰੋਧ ਕੀਤਾ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਵੱਲੋਂ ਸੁਰੱਖਿਆ ਵਾਪਸ ਲੈਣ ਕਾਰਨ ਹੀ ਮੂਸੇਵਾਲਾ ਦੀ ਮੌਤ ਹੋਈ ਹੈ। ਜਦੋਂਕਿ ਸਰਦੂਲਗੜ੍ਹ ਦੇ ਪਿੰਡ ਬਣਾਂਵਾਲੀ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਿਨਾਂ ਸ਼ੱਕ ਪਹਿਲਾਂ ਵੀ ਦੋ ਵਾਰ ਸਿੱਧੂ ਮੂਸੇਵਾਲਾ ਦੇ ਘਰ ਜਾ ਚੁੱਕੇ ਹਨ। ਪਰ ਸ਼ੁੱਕਰਵਾਰ ਨੂੰ ਵੀ ਲੋਕਾਂ ਨੇ ਉਸ ਦਾ ਵਿਰੋਧ ਕੀਤਾ। ਫਿਲਹਾਲ ਇੱਥੇ ਭਾਰੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਫੋਨ 'ਤੇ ਗੱਲ ਕੀਤੀ ਅਤੇ ਘਟਨਾ 'ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਦੋਸ਼ੀਆਂ ਨੂੰ ਅੰਦਰ ਜ਼ਰੂਰ ਲਿਆਵਾਂਗੇ। ਸਰਕਾਰ ਹਰ ਦੋਸ਼ੀ ਨਾਲ ਸਖ਼ਤੀ ਨਾਲ ਨਜਿੱਠੇਗੀ। ਤੁਹਾਨੂੰ ਜਲਦੀ ਹੀ ਨਿਆਂ ਮਿਲੇਗਾ। ਇਸ ਦੇ ਨਾਲ ਹੀ ਭਗਵੰਤ ਮਾਨ ਸ਼ੁੱਕਰਵਾਰ ਨੂੰ ਸਿੱਧੂ ਮੂਸੇਵਾਲਾ ਦੇ ਪਿੰਡ ਮੂਸੇਵਾਲਾ ਦਾ ਦੌਰਾ ਕਰਨਗੇ। ਇਸ ਤੋਂ ਪਹਿਲਾਂ ਵੀਰਵਾਰ ਨੂੰ ਮਾਨ ਨੇ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਨਾਲ ਦਿੱਲੀ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ।
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ ਬੀਤੇ ਦਿਨੀਂ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਮੌਤ ਦਾ ਦੁੱਖ ਪ੍ਰਗਟਾਉਣ ਲਈ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੇ ਘਰ ਆਉਣਾ ਸੀ। ਇਸ ਨੂੰ ਲੈ ਕੇ ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਲਗਪਗ 20 ਕਿਲੋਮੀਟਰ ਤਕ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਇਸ ਨੂੰ ਲੈ ਕੇ ਪਿੰਡ ਮੂਸਾ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਗਿਆ ਕਿਉਂਕਿ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਕਰਨੀ ਪੈ ਰਹੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੁਲਿਸ ਵੱਲੋਂ ਰੋਕ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਰਿਸ਼ਤੇਦਾਰਾਂ ਨੂੰ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ। ਪਿੰਡ ਦੇ ਲੋਕਾਂ ਨੂੰ ਰੋਕਣ ’ਤੇ ਗੁੱਸੇ ਵਿਚ ਆਏ ਲੋਕਾਂ ਨੇ ਨਾਰਾਜ਼ ਹੋ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਤੇ ਕਿਹਾ ਕਿ ਭਗਵੰਤ ਮਾਨ ਨੂੰ ਪਿੰਡ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਸਿੱਧੂ ਮੂਸੇਵਾਲਾ ਦੇ ਰਿਸ਼ਤੇਦਾਰਾਂ ਨੇ ਆਪ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਸ਼ੁਭਦੀਪ ਦਾ ਕਤਲ ਸਰਕਾਰ ਦੀ ਨਲਾਇਕੀ ਕਾਰਨ ਹੋਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੱਲ੍ਹ ਸਰਕਾਰ ਦੇ ਦੋ ਕੈਬਨਿਟ ਮੰਤਰੀ ਆਏ, ਵੱਖ ਵੱਖ ਪਾਰਟੀਆਂ ਦੇ ਆਗੂ ਆਏ, ਉਨ੍ਹਾਂ ਵੱਲੋਂ ਸਵਾਗਤ ਕੀਤਾ ਗਿਆ ਅਤੇ ਚਾਹ ਪਾਣੀ ਪਿਲਾਈ ਗਈ ਪਰ ਅੱਜ ਸੀਐਮ ਨੇ ਆਉਣਾ ਹੈ ਤਾਂ ਪਿੰਡ ਨੂੰ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਅਜਿਹਾ ਕਿਉਂ?
ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਸ ਦੀ ਮੌਤ ’ਤੇ ਹੁਣ ਗੰਦੀ ਸਿਆਸਤ ਹੋ ਰਹੀ ਹੈ। ਅਸੀਂ ਹੁਣ ਕਿਸੇ ਵੀ ਸਿਆਸੀ ਆਗੂ ਨੂੰ ਪਿੰਡ ਦਾਖਲ ਨਹੀਂ ਹੋਣ ਦੇਵਾਂਗੇ। ਉਨ੍ਹਾਂ ਨੇ ਸਰਕਾਰ ਤੇ ਪੁਲਿਸ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਪਿੰਡ ਵਾਸੀਆਂ ਨੂੰ ਸ਼ਾਂਤ ਕਰਨ ਲਈ ਵਿਧਾਇਕ ਗੁਰਪ੍ਰੀਤ ਬਣਾਂਵਲੀ ਤੇ ਐਸਐਸਪੀ ਮਾਨਸਾ ਪੁੱਜੇ ਪਰ ਲੋਕਾਂ ਨੇ ਉਨ੍ਹਾਂ ਦਾ ਸਤਿਕਾਰ ਸਹਿਤ ਵਿਰੋਧ ਕਰਦਿਆਂ ਹੱਥ ਜੋਡ਼ ਕੇ ਵਾਪਸ ਭੇਜ ਦਿੱਤਾ। ਨਾਲ ਹੀ ਪੁਲਿਸ ਦੇ ਵਿਵਹਾਰ ਤੋਂ ਨਾਰਾਜ਼ ਲੋਕਾਂ ਤੋਂ ਵਿਧਾਇਕ ਗੁਰਪ੍ਰੀਤ ਬਣਾਂਵਲੀ ਨੇ ਹੱਥ ਜੋਡ਼ ਕੇ ਮਾਫੀ ਮੰਗਣੀ ਪਈ। ਲੋਕਾਂ ਦੇ ਵਿਰੋਧ ਤੋਂ ਬਾਅਦ ਵਿਧਾਇਕ ਤੇ ਐਸਐਸਪੀ ਨੂੰ ਵਾਪਸ ਪਰਤਣਾ ਪਿਆ।
ਸੁਰੱਖਿਆ ਦੇ ਸਖਤ ਪ੍ਰਬੰਧਾਂ ਤੋਂ ਨਾਰਾਜ਼ ਲੋਕਾਂ ਨੇ ਮੀਡੀਆ ਨੂੰ ਵੀ ਵਾਪਸ ਜਾਣ ਲਈ ਕਿਹਾ ਤੇ ਜਦੋਂ ਉਨ੍ਹਾਂ ਦੇ ਵਿਰੋਧ ਤੋਂ ਬਾਅਦ ਵਿਧਾਇਕ, ਐਸਐਸਪੀ ਵਾਪਸ ਚਲੇ ਗਏ ਤੇ ਸਕਿਉਰਿਟੀ ਘਟਾ ਦਿੱਤੀ ਗਈ ਤਾਂ ਪਿੰਡ ਵਾਸੀ ਵੀ ਸ਼ਾਂਤ ਹੋ ਕੇ ਘਰਾਂ ਨੂੰ ਚਲੇ ਗਏ। ਇਸ ਵੇਲੇ ਮੁੂਸੇਵਾਲਾ ਦੀ ਹਵੇਲੀ ਦੇ ਬਾਹਰ ਡੀਸੀ ਮਾਨਸਾ, ਐਸਡੀਐਮ ਮਾਨਸਾ ਤੇ ਕੁਝ ਪੁਲਿਸ ਦੇ ਉਚ ਅਧਿਕਾਰੀ ਮੌਜੂਦ ਹਨ। ਅਜੇ ਇਹ ਨਹੀਂ ਸਪਸ਼ਟ ਕੀਤਾ ਜਾ ਰਿਹਾ ਕਿ ਭਗਵੰਤ ਮਾਨ ਹੁਣ ਪਰਿਵਾਰ ਨਾਲ ਦੁੱਖ ਪ੍ਰਗਟਾਉਣ ਆਉਣਗੇ ਜਾਂ ਨਹੀਂ, ਇਸ ਬਾਰੇ ਕੋਈ ਵੀ ਅਧਿਕਾਰੀ ਕੁਝ ਦੱਸਣ ਲਈ ਰਾਜ਼ੀ ਨਹੀਂ ਹੋ ਰਿਹਾ।
ੋਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 8 ਵਜੇ ਆਉਣਾ ਸੀ ਪਰ ਸਾਢੇ ਅੱਠ ਵਜੇ ਤਕ ਨਹੀਂ ਪੁੱਜੇ ਤੇ ਪਿੰਡ ਦਾ ਮਾਹੌਲ ਥੋਡ਼ਾ ਤਣਾਅਪੂਰਨ ਹੈ।