ਸੁਨੀਲ ਕੁਮਾਰ ਭੱਟੀ, ਡੇਰਾਬੱਸੀ : ਏਐੱਸਪੀ ਡਾ. ਦਰਪਣ ਆਹਲੂਵਾਲੀਆਂ ਦੇ ਨਿਰਦੇਸ਼ਾਂ 'ਤੇ ਐੱਸਐੱਚਓ ਜਸਕੰਵਲ ਸਿੰਘ ਸੇਖੋਂ ਦੀ ਅਗਵਾਈ 'ਚ ਡੇਰਾਬੱਸੀ ਬੱਸ ਅੱਡੇ 'ਤੇ ਸ਼ਾਮ ਵੇਲੇ ਖਾਣ ਪੀਣ ਦੀਆਂ ਰੇਹੜੀਆਂ ਦੇ ਨੇੜੇ ਗ਼ਲਤ ਤਰੀਕੇ ਨਾਲ ਖੜ੍ਹੇ ਦੋ ਪਹੀਆ ਵਾਹਨਾਂ ਦੇ ਚਾਲਾਨ ਕੀਤੇ ਗਏ। ਇਸ ਮੌਕੇ ਏਐੱਸਪੀ ਡਾ . ਦਰਪਣ ਆਹਲੂਵਾਲੀਆਂ ਨੇ ਦੱਸਿਆ ਕਿ ਸ਼ਹਿਰ 'ਚ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹਿਰ ਅੰਦਰ ਆਪਣੇ ਵਾਹਨਾਂ ਨੂੰ ਗ਼ਲਤ ਤਰੀਕੇ ਨਾਲ ਪਾਰਕ ਨਾ ਕਰਨ, ਜਿਸ ਨਾਲ ਕਿਸੇ ਵੀ ਰਾਹਗੀਰਾਂ ਨੂੰ ਕੋਈ ਪਰੇਸ਼ਾਨੀ ਨਾ ਝੱਲਣੀ ਪਵੇ। ਉਨ੍ਹਾਂ ਦੁਕਾਨਦਾਰਾਂ ਨੂੰ ਵੀ ਕਿਹਾ ਕਿ ਜੇਕਰ ਤੁਹਾਡੀ ਦੁਕਾਨਾਂ ਅੱਗੇ ਕੋਈ ਵਿਅਕਤੀ ਆਪਣੇ ਵਾਹਨਾਂ ਨੂੰ ਗ਼ਲਤ ਪਾਰਕ ਕਰਕੇ ਬਾਜ਼ਾਰ ਅੰਦਰ ਚਲੇ ਜਾਂਦੇ ਹਨ ਤਾਂ ਉਨ੍ਹਾਂ ਦੀ ਤੁਰੰਤ ਟ੍ਰੈਫਿਕ ਇੰਚਾਰਜ ਜਾਂ ਥਾਣੇ 'ਚ ਸ਼ਿਕਾਇਤ ਕੀਤੀ ਜਾਵੇ ਤਾਂ ਕਿ ਉਨ੍ਹਾਂ ਦੇ ਵਾਹਨ ਜ਼ਬਤ ਕੀਤੇ ਜਾ ਸਕਣ।
ਇਸ ਮੌਕੇ ਏਐੱਸਪੀ ਦਰਪਣ ਆਹਲੂਵਾਲੀਆਂ ਨੇ ਕਿਹਾ ਕਿ ਹਰ ਰੋਜ਼ ਗ਼ਲਤ ਪਾਰਕਿੰਗ ਕਰਨ ਵਾਲੇ ਵਾਹਨਾਂ ਦੇ ਚਲਾਨ ਕੀਤੇ ਜਾਣਗੇ ਅਤੇ ਪੁਲਿਸ ਨੂੰ ਵੀ ਸਖ਼ਤ ਨਿਰਦੇਸ਼ ਦੇ ਦਿੱਤੇ ਗਏ ਹਨ ਕਿ ਸ਼ਹਿਰ ਅੰਦਰ ਸਖ਼ਤੀ ਵਰਤੀ ਜਾਵੇ। ਇਸ ਮੌਕੇ ਟ੍ਰੈਫਿਕ ਇੰਚਾਰਜ ਜਸਪਾਲ ਸਿੰਘ ਸਮੇਤ ਪੁਲਿਸ ਸਟਾਫ਼ ਵੀ ਮੌਜੂਦ ਸੀ।