ਜੈ ਸਿੰਘ ਛਿੱਬਰ, ਚੰਡੀਗਡ਼੍ਹ : ਜੈਪੁਰ (ਰਾਜਸਥਾਨ) ਤੋਂ ਪਨਬੱਸ ਬੱਸਾਂ ਦੀਆਂ ਬਾਡੀ ਲਾਉਣ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵਡ਼ਿੰਗ ‘ਆਪ’ ਸਰਕਾਰ ਦੇ ਨਿਸ਼ਾਨੇ ’ਤੇ ਆ ਗਏ ਹਨ। ਰਾਜਾ ਵਡ਼ਿੰਗ ਦੇ ਬਤੌਰ ਟਰਾਂਸਪੋਰਟ ਮੰਤਰੀ ਕਾਰਜਕਾਲ ਦੌਰਾਨ ਟਰਾਂਸਪੋਰਟ ਵਿਭਾਗ ਨੇ ਜੈਪੁਰ ਦੀ ਜਿਸ ਕੰਪਨੀ ਤੋਂ 842 ਬੱਸਾਂ ਨੂੰ ਬਾਡੀਆਂ ਲੁਆਈਆਂ ਹੈ, ਉਸੇ ਕੰਪਨੀ ਨੇ ਉਤਰ ਪ੍ਰਦੇਸ਼ ਦੀਆਂ 148 ਬੱਸਾਂ ਨੂੰ ਘੱਟ ਰੇਟ ’ਤੇ ਕਰੀਬ ਦੋ ਲੱਖ ਰੁਪਏ ਪ੍ਰਤੀ ਬੱਸ ਬਾਡੀ ਲਾਈ ਹੈ। ਇਸ ਤਰ੍ਹਾਂ ਪੰਜਾਬ ਦੇ ਖ਼ਜ਼ਾਨੇ ਨੂੰ 16 ਕਰੋਡ਼ ਰੁਪਏ ਦੇ ਕਰੀਬ ਚੂਨਾ ਲੱਗਿਆ ਹੈ।
ਸੂਤਰਾਂ ਅਨੁਸਾਰ ਸਰਕਾਰ ਵਿਚਾਰ ਕਰ ਰਹੀ ਹੈ ਕਿ ਮਾਮਲੇ ਦੀ ਵਿਭਾਗੀ ਜਾਂਚ ਕਰਵਾਈ ਜਾਵੇ ਜਾਂ ਫਿਰ ਵਿਜੀਲੈਂਸ ਨੂੰ ਜਾਂਚ ਸੌਂਪੀ ਜਾਵੇ। ਮੁੱਕਦੀ ਗੱਲ ਇਹ ਕਿ ਰਾਜਾ ਵਡ਼ਿੰਗ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।
ਜਾਣਕਾਰੀ ਅਨੁਸਾਰ ਅਪਰ ਇੰਡੀਆ ਕੋਚ ਬਿਲਡਰ ਐਸੋਸੀਏਸ਼ਨ ਪੰਜਾਬ ਨੇ ਪ੍ਰਿੰਸੀਪਲ ਸੈਕਟਰੀ ਟਰਾਂਸਪੋਰਟ ਨਾਲ ਪਨਬੱਸ ਦੀਆਂ ਬੱਸਾਂ ਨੂੰ ਫੈਬਰੀਕੇਸ਼ਨ ਬਾਡੀ ਲਾਉਣ ਲਈ ਪੱਤਰ ਵਿਹਾਰ ਕੀਤਾ ਪਰ ਟਰਾਂਸਪੋਰਟ ਵਿਭਾਗ ਨੇ ਏਆਈਐੱਸ 052 ਦੇ ਨਿਯਮ ਦਾ ਹਵਾਲਾ ਦਿੰਦੇ ਹੋਏ ਜੈਪੁਰ ਦੀ ਬੀਬੀਐੱਮਐਸ ਫੈਬਰੀਕੇਸ਼ਨ ਕੰਪਨੀ ਨੂੰ ਟੈਂਡਰ ਅਲਾਟ ਕਰ ਦਿੱਤਾ। ਅਪਰ ਇੰਡੀਆ ਕੋਚ ਬਿਲਡਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੈ ਖੁੱਲਰ ਨੇ ਟਰਾਂਸਪੋਰਟ ਵਿਭਾਗ ਨੂੰ ਭੇਜੇ ਪੱਤਰ ਵਿਚ ਹਵਾਲਾ ਦਿੱਤਾ ਹੈ ਕਿ 52 ਸੀਟਾਂ ਵਾਲੀ ਬੱਸ ਨੂੰ ਬਾਡੀ ਲਾਉਣ ਲਈ ਕੇਂਦਰ ਸਰਕਾਰ ਦੇ ਏਆਈਐੱਸ 052 ਅਤੇ ਪੰਜਾਬ ਸਰਕਾਰ ਦਾ 22ਬੀ ਨਿਯਮ ਇਕ ਸਮਾਨ ਹਨ। ਖੁੱਲ੍ਹਰ ਨੇ ‘ਪੰਜਾਬੀ ਜਾਗਰਣ’ ਕੋਲ ਖ਼ੁਲਾਸਾ ਕੀਤਾ ਹੈ ਕਿ ਟਰਾਂਸਪੋਰਟ ਵਿਭਾਗ ਦੇ ਕੁਝ ਅਧਿਕਾਰੀ 22ਬੀ ਨਿਯਮ ਤਹਿਤ ਪੰਜਾਬ ਦੇ ਬਾਡੀ ਬਿਲਡਰਾਂ ਨੂੰ ਟੈਂਡਰ ਭਰਨ ਲਈ ਰਾਜ਼ੀ ਹੋ ਗਏ ਸਨ ਪਰ ਟੈਂਡਰ ਖੁੱਲ੍ਹਣ ਤੋਂ ਕੁਝ ਦਿਨ ਪਹਿਲਾਂ ਵਿਭਾਗ ਨੇ ਟੈਂਡਰ ਵਿਚ ਏਆਈਐੱਸ 52 ਦਾ ਹਵਾਲਾ ਦਿੰਦਿਆਂ ਸੋਧ ਕਰ ਦਿੱਤੀ ਤੇ ਟੈਂਡਰ ਦੀ ਤਰੀਕ ਵਿਚ ਵਾਧਾ ਕਰ ਦਿੱਤਾ। ਖੁੱਲ੍ਹਰ ਨੇ ਕਿਹਾ ਕਿ ਵਿਭਾਗ ਨੇ ਅਜਿਹਾ ਜੈਪੁਰ ਦੀ ਕੰਪਨੀ ਨੂੰ ਟੈਂਡਰ ਦੇਣ ਲਈ ਕੀਤਾ ਸੀ। ਟਰਾਂਸਪੋਰਟ ਵਿਭਾਗ ਦੇ ਇਸ ਰਵੱਈਏ ਕਾਰਨ ਪੰਜਾਬ ਦੇ ਬਾਡੀ ਬਿਲਡਰਾਂ ਨੇ ਰੋਸ ਵਜੋ ਬਾਈਕਾਟ ਕਰ ਦਿੱਤਾ ਸੀ।
ਖੁੱਲ੍ਹਰ ਅਨੁਸਾਰ ਬੀਐੱਮਐੱਮਐਸ ਫੈਬਰੀਕੇਟਰ ਕੰਪਨੀ ਨੇ ਪਨਬੱਸ ਦੀਆਂ 842 ਬੱਸਾਂ ’ਤੇ 10,16, 000 ਰੁਪਏ ਅਤੇ ਯੂਪੀਐਸਆਰਟੀਸੀ (ਉਤਰ ਪ੍ਰਦੇਸ਼) ਦੀਆਂ 148 ਬੱਸਾਂ ਦੀ ਬਾਡੀ 8,41,000 ਰੁਪਏ ਦੀ ਲਾਈ ਹੈ। ਦਿਲਚਸਪ ਗੱਲ ਹੈ ਕਿ ਕਰੀਬ ਇਕ ਮਹੀਨੇ ਦੇ ਵਕਫ਼ੇ ’ਚ ਹੀ ਕੰਪਨੀ ਨੇ ਪੰਜਾਬ ਤੋਂ ਕਰੀਬ ਦੋ ਲੱਖ ਰੁਪਏ ਪ੍ਰਤੀ ਬੱਸ ਵਾਧੂ ਰਾਸ਼ੀ ਵਸੂਲ ਲਈ। ਖੁੱਲ੍ਹਰ ਅਨੁਸਾਰ ਜੈਪੁਰ ਦੀ ਕੰਪਨੀ ਨੇ ਪਨਬੱਸ ਦੀਆਂ ਬੱਸਾਂ ਨੂੰ ਯੂਪੀ ਦੀਆਂ ਬੱਸਾਂ ਦੇ ਮੁਕਾਬਲੇ ਘਟੀਆ ਮਟੀਰੀਅਲ ਲਾਇਆ ਹੈ। ਯੂਪੀ ਦੀਆਂ ਬੱਸਾਂ ’ਚ ਗਰੀਨ ਟੀਟਿੰਡ ਸ਼ੀਸ਼ੇ ਲਾਏ ਹਨ ਤੇ ਪਨਬਸ ’ਤੇ ਸਧਾਰਨ ਸ਼ੀਸ਼ੇ ਲਾਏ ਹਨ। ਪਨਬੱਸ ਦੀਆਂ ਬੱਸਾਂ ਦੇ ਸ਼ੀਸ਼ੇ ਦੇ ਪਿੱਛੇ ਲੋਹੇ ਦੀ ਜਾਲੀ ਨਹੀਂ ਲਾਈ ਗਈ।
ਵਰਨਣਯੋਗ ਹੈ ਕਿ ਵਿਜੀਲੈਂਸ ਪਹਿਲਾਂ ਹੀ ਕਾਂਗਰਸ ਦੇ ਦੋ ਸਾਬਕਾ ਜੰਗਲਾਤ ਮੰਤਰੀਆਂ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ ’ਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕੇਸ ਦਰਜ ਕਰ ਚੁੱਕੀ ਹੈ ਅਤੇ ਧਰਮਸੋਤ ਨਿਆਇਕ ਹਿਰਾਸਤ ਅਧੀਨ ਨਾਭਾ ਜੇਲ੍ਹ ਵਿਚ ਬੰਦ ਹਨ। ਸਾਬਕਾ ਵਿਧਾਇਕ ਜੋਗਿੰਦਰ ਪਾਲ ’ਤੇ ਪੁਲਿਸ ਨੇ ਨਾਜਾਇਜ਼ ਮਾਈਨਿੰਗ ਦਾ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਸੀ ਜਿਨ੍ਹਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ। ਸਾਬਕਾ ਖ਼ੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਸਾਬਕਾ ਮੰਤਰੀ ਓਪੀ ਸੋਨੀ ਵੀ ਤਿੰਨ ਗੁਣਾ ਮਹਿੰਗੇ ਸੈਨੇਟਾਈਜ਼ਰ ਖ਼ਰੀਦਣ ਦੇ ਮਾਮਲੇ ਚ ਵਿਜੀਲੈਂਸ ਦੀ ਰਡਾਰ ’ਤੇ ਹਨ।
ਕਾਨੂੰਨ ਦਾ ਸਾਹਮਣਾ ਕਰਨ ਲਈ ਤਿਆਰ ਹਾਂ: ਵਡ਼ਿੰਗ
ਇਸ ਮਾਮਲੇ ’ਚ ਰਾਜਾ ਵਡ਼ਿੰਗ ਦਾ ਕਹਿਣਾ ਹੈ ਕਿ ਬਾਡੀ ਲਾਉਣ ਦੇ ਮਾਮਲੇ ਨੂੰ ਲੈ ਕੇ 17 ਵਿਅਕਤੀਆਂ, ਜਿਨ੍ਹਾਂ ’ਚ ਅਧਿਕਾਰੀ ਤੇ ਤਕਨੀਕੀ ਸਟਾਫ ਸ਼ਾਮਲ ਹੈ, ਦੀ ਕਮੇਟੀ ਬਣੀ ਹੋਈ ਹੈ। ਜੇ ਨਿਯਮਾਂ ਦੀ ਉਲੰਘਣਾ ਹੋਈ ਹੈ ਤਾਂ ਉਹ ਕਾਨੂੰਨ ਦਾ ਸਾਹਮਣਾ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਮੰਤਰੀ ਕੋਲ ਫਾਈਲ ਆਉਣ ਤੋਂ ਪਹਿਲਾਂ ਕਈ ਅਧਿਕਾਰੀਆਂ ਵੱਲੋਂ ਪਾਸ ਕੀਤੀ ਜਾਂਦੀ ਹੈ। ਵਡ਼ਿੰਗ ਨੇ ਦੋਸ਼ਾਂ ਨੂੰ ਸਿਰੇ ਤੋ ਖ਼ਾਰਜ ਕਰਦਿਆਂ ਕਿਹਾ ਕਿ ਉਨ੍ਹਾਂ ਬਦਨਾਮ ਕਰਨ ਲਈ ਸਾਜ਼ਿਸ਼ ਰਚੀ ਜਾ ਰਹੀ ਹੈ।