ਪੀਯੂ ਸੈਨੇਟਰ ਨੂੰ ਫੈਕਲਟੀ ਅਲਾਟਮੈਂਟ ਦਾ ਨੋਟੀਫਿਕੇਸ਼ਨ ਜਾਰੀ
ਸੁਮਿਤ ਸ਼ਿਓਰਾਣ, ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਦੀ ਨਵੀਂ ਸਿੰਡੀਕੇਟ ਦੇ ਗਠਨ ਨੂੰ ਲੈ ਕੇ ਪ੍ਰਸ਼ਾਸਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅਗਸਤ ਮਹੀਨੇ ਸਿੰਡੀਕੇਟ ਚੋਣ ਕਰਵਾਉਣ ਦੀ ਤਿਆਰੀ ਹੈ। ਵੀਰਵਾਰ ਨੂੰ ਪੀਯੂ ਪ੍ਰਬੰਧਕਾਂ ਵੱਲੋਂ ਸਾਰੇ ਸੈਨੇਟਰਾਂ ਨੂੰ ਫੈਕਲਟੀ ਅਲਾਟ ਕਰ ਦਿੱਤੀ ਗਈ ਹੈ। ਇਸ ਸਬੰਧ ਵਿਚ ਪੀਯੂ ਰਜਿਸਟ੍ਰਾਰ ਪ੍ਰੋ. ਵਾਈਪੀ ਵਰਮਾ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਪਰ ਫੈਕਲਟੀ ਚੋਣਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ।
ਕੁਝ ਸੈਨੇਟਰਜ਼ ਨੇ ਚੋਣ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਕਿਹਾ ਗਿਆ ਹੈ ਕਿ ਕੁਲਪਤੀ ਨੂੰ ਫੈਕਲਟੀ ਚੋਣ ਦਾ ਫ਼ੈਸਲਾ ਲੈਣ ਦਾ ਕੋਈ ਹੱਕ ਨਹੀਂ ਹੈ। ਸੂਤਰਾਂ ਮੁਤਾਬਕ ਜੁਲਾਈ ਵਿਚ ਸਮਰ ਵੋਕੇਸ਼ਨ ਹੋਣ ਕਾਰਨ ਅਗਸਤ ਵਿਚ ਸਿੰਡੀਕੇਟ ਚੋਣਾਂ ਹੋ ਸਕਦੀਆਂ ਹਨ। ਸਿੰਡੀਕੇਟ ਚੋਣਾਂ ਤੋਂ ਪਹਿਲਾਂ ਸੈਨੇਟ ਮੀਟਿੰਗ ਸੱਦੇ ਜਾਣ ਦੀਆਂ ਸੰਭਾਵਨਾਵਾਂ ਹਨ। ਪੰਜਾਬ ਯੂਨੀਵਰਸਿਟੀ ਵਿਚ ਲੰਘੇ ਦੋ ਸਾਲਾਂ ਤੋਂ ਪਹਿਲਾਂ ਸੈਨੇਟ ਤੇ ਹੁਣ ਸਿੰਡੀਕੇਟ ਦੇ ਗਠਨ ਨੂੰ ਲੈ ਕੇ ਵਿਵਾਦ ਜਾਰੀ ਹੈ। ਪੀਯੂ ਸੈਨੇਟ ਚੋਣਾਂ ਲਈ ਕਰੀਬ ਡੇਢ ਵਰ੍ਹੇ ਤਕ ਮਾਮਲਾ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਚੱਲਦਾ ਹੈ ਤੇ ਫਿਰ ਅਦਾਲਤੀ ਦਖ਼ਲ ਮਗਰੋਂ ਸੈਨੇਟ ਚੋਣਾਂ ਹੋ ਸਕੀਆਂ ਸਨ। ਪੀਯੂ ਦੀ ਫੈਕਲਟੀ ਲਈ ਚੁਣੇ ਗਏ ਸੈਨੇਟਰ ਦੀ ਚਾਂਸਲਰ ਵੱਲੋਂ ਨੋਟੀਫਿਕੇਸ਼ਨ ਨਹੀਂ ਕੀਤੀ ਗਈ ਤੇ ਬਾਅਦ ਵਿਚ ਛੇ ਸੀਟਾਂ ਲਈ ਚੋਣ ਰੱਦ ਕਰ ਦਿੱਤੀ ਗਈ। ਫੈਕਲਟੀ ਵਿਚ ਨਿਯਮਾਂ ਤਹਿਤ ਸਾਰੇ ਮੈਂਬਰਾਂ ਨੂੰ ਆਪਣੇ ਫੀਲਡ ਨੂੰ ਚੁਣਨਾ ਜ਼ਰੂਰੀ ਹੁੰਦਾ ਹੈ।