ਸਟੇਟ ਬਿਊਰੋ, ਚੰਡੀਗੜ੍ਹ : Punjab Assembly Election 2022 : ਪੰਜਾਬ ਵਿਧਾਨ ਸਭਾ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਹੋਣ ਦੇ ਨਾਲ ਹੀ ਅੱਜ ਤੋਂ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਉਮੀਦਵਾਰਾਂ ਨੇ ਅੱਜ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨੇ ਸ਼ੁਰੂ ਕਰ ਦਿੱਤੇ ਹਨ। ਫਰੀਦਕੋਟ ਤੇ ਬਠਿੰਡਾ ਸਮੇਤ ਸੂਬੇ 'ਚ ਹੁਣ ਤਕ ਕੁਝ ਥਾਵਾਂ 'ਤੇ ਨਾਮਜ਼ਦਗੀਆਂ ਹੋਈਆਂ ਹਨ। ਸੂਬੇ 'ਚ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਨਾਮਜ਼ਦਗੀ ਭਰਨ ਦੌਰਾਨ ਰਿਟਰਨਿੰਗ ਅਫ਼ਸਰ ਦੇ ਸਾਹਮਣੇ ਉਮੀਦਵਾਰ ਦੇ ਨਾਲ ਸਿਰਫ਼ ਦੋ ਵਿਅਕਤੀ ਹੀ ਹਾਜ਼ਰ ਹੋਣਗੇ। ਉਮੀਦਵਾਰ ਆਨਲਾਈਨ ਵੀ ਨਾਮਜ਼ਦਗੀ ਦਾਖਲ ਕਰ ਸਕਦੇ ਹਨ।
ਵਿਧਾਨ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਕੁਸ਼ਲਦੀਪ ਸਿੰਘ ਢਿੱਲੋਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਦੇ ਨਾਲ ਹੀ ਬਠਿੰਡਾ ਦੀ ਮੌੜ ਮੰਡੀ ਵਿਧਾਨ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਗਮੀਤ ਸਿੰਘ ਬਰਾੜ ਨੇ ਪਹਿਲੇ ਦਿਨ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਵਿਧਾਨ ਸਭਾ ਹਲਕਾ ਫਰੀਦਕੋਟ ਤੋਂ ਨਾਮਜ਼ਦਗੀ ਭਰਦੇ ਕਾਂਗਰਸੀ ਉਮੀਦਵਾਰ ਕੁਸ਼ਲਦੀਪ ਸਿੰਘ ਢਿੱਲੋਂ।
ਦੱਸ ਦੇਈਏ ਕਿ ਵੱਖ-ਵੱਖ ਪਾਰਟੀਆਂ ਦੀ ਮੰਗ ਤੋਂ ਬਾਅਦ ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਪ੍ਰੋਗਰਾਮ ਵਿੱਚ ਬਦਲਾਅ ਕੀਤਾ ਸੀ। ਇਸ ਤੋਂ ਬਾਅਦ ਅੱਜ ਪੰਜਾਬ ਵਿੱਚ ਭਰਤੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿੱਚ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਉਮੀਦਵਾਰ ਦੇ ਨਾਲ ਸਿਰਫ਼ ਦੋ ਵਿਅਕਤੀ ਹੀ ਜਾ ਸਕਦੇ ਹਨ।