ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਗੂਆਂ ਵਿਚਾਲੇ ਬਿਆਨਬਾਜ਼ੀ ਤੇ ਦੂਸ਼ਣਬਾਜ਼ੀ ਦਾ ਦੌਰ ਤੇਜ਼ ਹੋ ਗਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਆਮ ਆਦਮੀ ਪਾਰਟੀ 'ਤੇ ਹਮਲਾ ਬੋਲਿਆ ਹੈ। ਸਿੱਧੂ ਨੇ 'ਆਪ' ਵੱਲੋਂ ਮੁੱਖ ਮੰਤਰੀ ਦੇ ਨਾਂ 'ਤੇ ਫ਼ੋਨ ਕਾਲ ਰਾਹੀਂ ਵੋਟਾਂ ਪਾਉਣ ਨੂੰ ਇਕ ਘਪਲਾ ਕਰਾਰ ਦਿੱਤਾ। ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਵੀ ਸ਼ਿਕਾਇਤ ਕੀਤੀ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਕੇਜਰੀਵਾਲ ਨੇ ਪ੍ਰਾਈਵੇਟ ਨੰਬਰ ਜਾਰੀ ਕੀਤਾ ਸੀ। ਕੇਜਰੀਵਾਲ ਨੇ ਦਾਅਵਾ ਕੀਤਾ ਕਿ 21,59,437 ਲੋਕਾਂ ਨੇ ਆਪਣੀ ਰਾਏ ਦਿੱਤੀ ਹੈ। ਇੱਕ ਨਿੱਜੀ ਨੰਬਰ 'ਤੇ ਇਕ ਸਮੇਂ 'ਚ ਸਿਰਫ਼ ਇੱਕ ਕਾਲ ਆ ਸਕਦੀ ਹੈ। ਇੱਕ ਕਾਲ ਦੀ ਮਿਆਦ 15 ਸਕਿੰਟ ਹੈ। ਇਕ ਦਿਨ ਵਿਚ ਸਿਰਫ਼ 5760 ਕਾਲ ਜਾਂ ਮੈਸੇਜ ਆ ਸਕਦੇ ਹਨ। 4 ਦਿਨਾਂ ਵਿੱਚ 23,040 ਤੋਂ ਵੱਧ ਨਹੀਂ ਆ ਸਕਦੇ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੇਰਾ ਅੰਦਾਜ਼ਾ ਹੈ ਕਿ ਇਸ ਸਾਰੀ ਪ੍ਰਕਿਰਿਆ 'ਤੇ 25 ਤੋਂ 30 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਹ ਪੈਸਾ ਕਿੱਥੋਂ ਆਇਆ? ਆਮ ਆਦਮੀ ਪਾਰਟੀ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਇਹ ਰਕਮ ਕਿੱਥੋਂ ਆਈ। ਸਿੱਧੂ ਨੇ ਇਕ ਵਾਰ ਫਿਰ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਤਿੱਖਾ ਹਮਲਾ ਕੀਤਾ ਹੈ। ਸਿੱਧੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਸਿਰਫ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਦਾ ਪੰਜਾਬ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।