ਜੈ ਸਿੰਘ ਛਿੱਬਰ, ਚੰਡੀਗਡ਼੍ਹ : ਪਿਛਲੇ ਦੋ ਦਹਾਕਿਆਂ ਦੌਰਾਨ ਸੂਬੇ ਦੇ ਦੋ ਲੱਖ ਕਿਸਾਨਾਂ ਨੇ ਖੇਤੀ ਧੰਦੇ ਨੂੰ ਅਲਵਿਦਾ ਕਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹਾ ਸੰਗਰੂਰ ਦੇ ਕਿਸਾਨਾਂ ਨੇ ਸੱਭ ਤੋਂ ਵੱਧ ਖੁਦਕੁਸ਼ੀਆਂ ਕੀਤੀਆਂ ਹਨ। ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਤੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਸਾਨਾਂ ਦੇ ਖੁਦਕੁਸ਼ੀਆਂ ਦੇ ਵੱਧ ਰਹੇ ਰੁਝਾਨ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਸਾਨਾਂ ਨੂੰ ਖੁਦਕੁਸ਼ੀਆਂ ਦਾ ਰਾਹ ਛੱਡ ਕੇ ਸੰਘਰਸ਼ ਦੇ ਰਾਹ ਪੈਣ ਦੀ ਅਪੀਲ ਕੀਤੀ ਹੈ।
ਆਗੂਆਂ ਨੇ ਦੱਸਿਆ ਕਿ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਦੇ ਅਰਥ ਸ਼ਾਸਤਰੀਆਂ ਡਾ. ਸੁਖਪਾਲ ਸਿੰਘ, ਮਨਜੀਤ ਕੌਰ ਤੇ ਐੱਚਐੱਸ ਕਿੰਗਰਾ ਨੇ ਸਾਲ 2000 ਤੋਂ 2018 ਦੌਰਾਨ ਸੂਬੇ ਦੇ ਛੇ ਜ਼ਿਲ੍ਹਿਆਂ ਦਾ ਚਾਰ ਪਡ਼੍ਹਾਵਾਂ ਵਿਚ ਘਰ ਘਰ ਸਰਵੇ ਦੇ ਅਧਾਰ ’ਤੇ ਤੱਥ ਪੇਸ਼ ਕੀਤੇ ਹਨ। ਰਿਪੋਰਟ ਅਨੁਸਾਰ 1991 ਤੋਂ 2011 ਤਕ ਦੋ ਲੱਖ ਛੋਟੇ ਕਿਸਾਨ ਖੇਤੀ ਧੰਦਾ ਛੱਡ ਚੁੱਕੇ ਹਨ ਤੇ ਸਾਲ 2000 ਤੋਂ 2018 ਤਕ ਸੰਗਰੂਰ ਜ਼ਿਲ੍ਹੇ ਦੇ 2566 ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਹਨ। ਮਾਨਸਾ ਦੇ 2098 ਤੇ ਬਠਿੰਡਾ ਦੇ 1956, ਬਰਨਾਲਾ ਦੇ 1126, ਮੋਗਾ ਦੇ 880 ਤੇ ਲੁਧਿਆਣਾ ਦੇ 725 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ।
ਸਾਲ 2008 ਪਿੱਛੋਂ ਕਰਜ਼ਾ ਮੁਆਫੀ ਕਾਰਨ ਖੁਦਕੁਸ਼ੀਆਂ ਦੇ ਰੁਝਾਨ ਨੂੰ ਠੱਲ੍ਹ ਪਈ ਸੀ । 2015 ਵਿਚ ਫਿਰ ਨਰਮੇ ਦੀ ਫਸਲ ਅਮਰੀਕਨ ਸੁੰਡੀ ਉੱਤੇ ਨਕਲੀ ਕੀਟਨਾਸ਼ਕਾਂ ਦੇ ਫੇਲ੍ਹ ਹੋ ਜਾਣ ਕਾਰਨ ਕਿਸਾਨ ਖ਼ੁਦਕੁਸ਼ੀਆਂ ਵੱਲ ਧੱਕੇ ਗਏ ਸਨ ਕਿਉਂਕਿ ਨਰਮੇ ਦਾ ਝਾਡ਼ ਤੀਹਾਂ ਸਾਲਾਂ ਦੇ ਔਸਤ ਨਾਲੋਂ ਘੱਟ ਕੇ ਸਿਰਫ 1.97 ਕੁਇੰਟਲ ਪ੍ਰਤੀ ਹੈਕਟੇਅਰ ਹੀ ਰਹਿ ਗਿਆ ਸੀ। ਖੋਜ ਰਿਪੋਰਟ ਮੁਤਾਬਕ 77 % ਖੁਦਕੁਸ਼ੀ ਕਰਨ ਵਾਲੇ ਛੋਟੇ ਅਤੇ ਸੀਮਾਂਤ ਕਿਸਾਨ ਸਨ ਜਦੋਂਕਿ ਕੁੱਲ ਕਿਸਾਨਾਂ ਵਿਚ ਇਹਨਾਂ ਦੀ ਅਬਾਦੀ 34 ਫੀਸਦੀ ਹੀ ਹੈ। ਵੱਡੇ ਕਿਸਾਨਾਂ ਵਿਚ ਖੁਦਕੁਸ਼ੀ ਦਾ ਅੰਕਡ਼ਾ ਸਿਰਫ 0.47% ਹੀ ਹੈ।
ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਵਿਚ 92% ਮਰਦ ਸਨ। 72 ਫੀਸਦੀ ਕਿਸਾਨਾਂ ਨੇ ਕੀਟਨਾਸ਼ਕ ਪੀ ਕੇ ਖੁਦਕੁਸ਼ੀ ਕੀਤੀ। ਰਿਪੋਰਟ ਨੇ ਉਸ ਝੂਠ ਦਾ ਪਾਜ ਉਘਾਡ਼ਿਆ ਹੈ, ਜਿਸ ਵਿਚ ਪ੍ਰਚਾਰਿਆ ਜਾਂਦਾ ਹੈ ਕਿ ਕਿਸਾਨ ਵਿਆਹਾਂ ਤੇ ਗ਼ੈਰ ਉਤਪਾਦਨ ਵਾਲੇ ਕੰਮਾਂ ਲਈ ਕਰਜ਼ਾ ਲੈਂਦੇ ਹਨ। ਰਿਪੋਰਟ ਮੁਤਾਬਕ 75 ਫੀਸਦੀ ਕਿਸਾਨਾਂ ਨੇ ਕਰਜ਼ਾ ਖੇਤੀ ਉਤਪਾਦਨ ਜਾਂ ਮਸ਼ੀਨੀਕਰਨ ਲਈ ਲਿਆ ਸੀ ਜਿਸ ਵਿਚ 12.7% ਟਰੈਕਟਰ, 44% ਖੇਤੀ ਇਨਪੁਟ (ਇਸ ਬੀਜ, ਖਾਦ, ਕੀਟਨਾਸ਼ਕ ਵਗੈਰਾ ਸ਼ਾਮਲ ਹੁੰਦੇ ਹਨ), ਸਿੰਚਾਈ ਲਈ 2.47% ਅਤੇ 15.53% ਫੁਟਕਲ ਖਰਚਿਆਂ ਲਈ ਵਰਤਿਆ ਸੀ। ਖਪਤ ਵਾਲੇ ਹਿੱਸੇ ਵਿਚ 10.3 ਫੀਸਦੀ ਘਰ ਬਣਾਉਣ, ਵਿਆਹਾਂ ਸ਼ਾਦੀਆਂ ਲਈ 7.7% ਤੇ ਘਰੇਲੂ ਖਰਚਿਆਂ ਲਈ 3.7% ਸੀ ।
ਯੂਨੀਅਨ ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਮੁਤਾਬਕ ਸਰਵੇ ਅਨੁਸਾਰ 88% ਖ਼ੁਦਕੁਸ਼ੀਆਂ ਕਰਜ਼ੇ ਕਰ ਕੇ ਹੋਈਆਂ ਹਨ, ਜਿਸ ਵਿਚ ਘਰੇਲੂ ਕਲੇਸ਼ 17.18%, ਫ਼ਸਲ ਦਾ ਖ਼ਰਾਬਾ 8.32 %, ਬਿਮਾਰੀ 6.27% ਤੇ ਜ਼ਮੀਨ ਕੁਰਕੀ 3.63 % ਖੁਦਕਸ਼ੀ ਦਾ ਕਾਰਨ ਰਿਹਾ।
ਖੁਦਕੁਸ਼ੀਆਂ ਕਰਨ ਵਾਲੇ 75 ਫੀਸਦੀ (19 ਤੋਂ 35 ਸਾਲ) ਕਿਸਾਨ ਨੌਜਵਾਨ ਸਨ ਤੇ ਇਹਨਾਂ ਵਿੱਚੋਂ 75 % ਅਣਪਡ਼੍ਹ ਜਾਂ ਪ੍ਰਾਇਮਰੀ ਤਕ ਪਡ਼੍ਹੇ ਹੋਏ ਸਨ। ਸਿਰਫ ਇਕ ਫੀਸਦੀ ਹੀ ਗ੍ਰੈਜੂਏਟ ਸਨ। ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਵਿੱਚੋਂ 11 ਫ਼ੀਸਦ ਦੇ ਬੱਚਿਆਂ ਨੂੰ ਪਡ਼੍ਹਾਈ ਛੱਡਣੀ ਪਈ ਤੇ 3.4 ਫੀਸਦੀ ਕੇਸਾਂ ਵਿਚ ਵਿਆਹ ਸ਼ਾਦੀ ਲਈ ਰਿਸ਼ਤੇ ਲੱਭਣ ਵਿਚ ਦਿੱਕਤ ਆਈ ਕਿਉਂਕਿ ਆਰਥਿਕ ਤੌਰ ’ਤੇ ਟੁੱਟੇ ਪਰਿਵਾਰ ਨਾਲ ਰਿਸ਼ਤਾ ਜੋਡ਼ਨ ਤੋਂ ਲੋਕ ਸੰਕੋਚ ਕਰਦੇ ਹਨ। ਕਿਸਾਨ ਆਗੂਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨੀ ਕਰਜ਼ੇ ’ਤੇ ਲਕੀਰ ਫੇਰ ਕੇ ਖੇਤੀ ਵਿਚ ਸਰਕਾਰੀ ਨਿਵੇਸ਼ ਨਾਲ ਖੇਤੀ ਨੂੰ ਲਾਹੇਵੰਦ ਬਣਾਇਆ ਜਾਵੇ ।