ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਸਵੱਛ ਸਰਵੇਖਣ 2021'ਚ ਮੋਹਾਲੀ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ। ਇਸ ਸਾਲ ਮੋਹਾਲੀ ਨੇ ਪੂਰੇ ਟ੍ਰਾਈਸਿਟੀ ਹੀ ਨਹੀਂ ਸਗੋਂ ਪੂਰੇ ਪੰਜਾਬ ਅਤੇ ਨੇੜਲੇ ਸੂਬਿਆਂ 'ਚ ਕਮਾਲ ਕਰ ਦਿੱਤਾ ਹੈ। ਇਸਦੇ ਨਾਲ-ਨਾਲ ਸਵੱਛ ਸਰਵੇਖਣ ਦੇ ਪੁਆਇੰਟਾਂ 'ਚ ਵੀ ਲੰਮੀ ਛਾਲ ਮਾਰਦੇ ਹੋਏ ਮੋਹਾਲੀ ਨੇ ਇਸ ਵਾਰ 3510 ਅੰਕ ਹਾਸਲ ਕੀਤੇ ਹਨ।
ਮੋਹਾਲੀ ਦੇ ਵਿਧਾਇਕ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਵੱਛ ਸਰਵੇਖਣ ਦੇ ਇਨ੍ਹਾਂ ਨਤੀਜਿਆਂ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਮੋਹਾਲੀ ਨਗਰ ਨਿਗਮ ਦੀ ਨਵੀਂ ਚੁਣੀ ਟੀਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਸਮੇਤ ਕੌਂਸਲਰਾਂ ਤੇ ਨਿਗਮ ਅਧਿਕਾਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਲਗਾਤਾਰ ਕੀਤੇ ਜਾ ਰਹੇ ਉਪਰਾਲਿਆਂ ਦੀ ਬਦੌਲਤ ਮੋਹਾਲੀ ਨੇ ਆਪਣੀ ਰੈਕਿੰਗ 'ਚ ਜ਼ਬਰਦਸਤ ਸੁਧਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਮੋਹਾਲੀ ਨੂੰ ਸਵੱਛ ਸਰਵੇਖਣ 'ਚ ਨੰਬਰ 1 'ਤੇ ਵੇਖਣਾ ਚਾਹੁੰਦੇ ਹਨ ਤੇ ਉਨ੍ਹਾਂ ਨੂੰ ਆਸ ਹੈ ਕਿ ਇਹ ਚੁਣੀ ਹੋਈ ਟੀਮ ਮੋਹਾਲੀ 'ਚ ਜਿਸ ਤਰ੍ਹਾਂ ਮਿਹਨਤ ਕਰ ਰਹੀ ਹੈ, ਉਹ ਦਿਨ ਦੂਰ ਨਹੀਂ ਜਦੋਂ ਉਨ੍ਹਾਂ ਦਾ ਸੁਫ਼ਨਾ ਪੂਰਾ ਹੋ ਜਾਵੇਗਾ।
ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਇਸ ਉਪਲੱਬਧੀ 'ਤੇ ਮੋਹਾਲੀ ਨਗਰ ਨਿਗਮ ਦੇ ਸਮੁੱਚੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਉਨ੍ਹਾਂ ਦੇ ਨਾਲ ਸਨ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਸ਼ਹਿਰ 'ਚ ਸਫ਼ਾਈ ਸਬੰਧੀ ਚੁੱਕੇ ਗਏ ਕਦਮਾਂ ਦੇ ਚੱਲਦੇ ਮੋਹਾਲੀ ਨੇ ਇਹ ਵਿਲੱਖਣ ਪ੍ਰਰਾਪਤੀ ਹਾਸਲ ਕੀਤੀ ਹੈ। ਉਨਾਂ੍ਹ ਕਿਹਾ ਕਿ ਇਸ ਪ੍ਰਰਾਪਤੀ ਲਈ ਮੋਹਾਲੀ ਦੇ ਕੌਂਸਲਰ ਤੇ ਮੋਹਾਲੀ ਦੇ ਸਮੁੱਚੇ ਵਸਨੀਕ ਵੀ ਵਧਾਈ ਦੇ ਪਾਤਰ ਹਨ ਜਿਨਾਂ੍ਹ ਨੇ ਆਪੋ-ਆਪਣੇ ਵਾਰਡਾਂ ਅਤੇ ਗਲੀਆਂ, ਮੁਹੱਲਿਆਂ ਨੂੰ ਸਾਫ਼ ਸੁਥਰਾ ਰੱਖਣ 'ਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਮੋਹਾਲੀ ਸ਼ਹਿਰ ਦੀ ਸਫ਼ਾਈ ਵਿਵਸਥਾ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਫਿਕਸ ਕੀਤੀ ਗਈ। ਕੂੜੇ ਨੂੰ ਸੈਗਰੀਗੇਟ ਕਰਕੇ ਕਿਚਨ ਦੇ ਕੂੜੇ ਤੋਂ ਖਾਦ ਬਣਾਉਣ ਲਈ ਮੋਹਾਲੀ 'ਚ ਕਈ ਥਾਈਂ ਪਿਟਸ ਬਣਾਈਆਂ ਗਈਆਂ। ਕੂੜੇ ਨੂੰ ਮੌਕੇ 'ਤੇ ਹੀ ਵੱਖਰਾ ਕਰਨ ਦਾ ਕੰਮ ਮੋਹਾਲੀ 'ਚ ਅਰੰਭ ਕਰਵਾਇਆ ਗਿਆ, ਸ਼ਹਿਰ 'ਚ ਸਫ਼ਾਈ ਵਿਵਸਥਾ ਚਾਕ ਚੌਬੰਦ ਕਰਵਾਈ ਗਈ ਤੇ ਉਹ ਖੁਦ ਅਤੇ ਉਨ੍ਹਾਂ ਦੀ ਟੀਮ ਸਫ਼ਾਈ ਵਿਵਸਥਾ ਦੀ ਨਜ਼ਰਸਾਨੀ ਕਰਦੀ ਰਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਮੋਹਾਲੀ ਨੂੰ ਪਹਿਲੇ 50 'ਚ ਲੈ ਕੇ ਆਉਣ ਦਾ ਸੀ ਜੋ ਕਿ ਛੇਤੀ ਹੀ ਪੂਰਾ ਕੀਤਾ ਜਾਵੇਗਾ।
ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਛੇਤੀ ਹੀ ਮੋਹਾਲੀ ਨਗਰ ਨਿਗਮ 1000 ਸਫ਼ਾਈ ਕਰਮਚਾਰੀਆਂ ਦੀ ਭਰਤੀ ਕਰਨ ਜਾ ਰਹੀ ਹੈ ਜਿਸ ਨਾਲ ਮੈਨੂਅਲ ਸਫ਼ਾਈ ਵਿਵਸਥਾ ਨੂੰ ਹੋਰ ਬਲ ਮਿਲੇਗਾ। ਉਨ੍ਹਾਂ ਕਿਹਾ ਕਿ ਮਕੈਨੀਕਲ ਸਫ਼ਾਈ ਦਾ ਨਵਾਂ ਠੇਕਾ ਵੀ ਦਿੱਤਾ ਜਾਣਾ ਹੈ ਅਤੇ ਇਹ ਵਿਵਸਥਾ ਵੀ ਸ਼ਹਿਰ 'ਚ ਜਾਰੀ ਰਹੇਗੀ, ਸਗੋਂ ਬੀ ਸੜਕਾਂ ਨੂੰ ਵੀ ਇਸ 'ਚ ਸ਼ਾਮਲ ਕੀਤਾ ਜਾ ਰਿਹਾ ਹੈ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਨੇ ਕਿਹਾ ਕਿ ਕੂੜੇ ਨੂੰ ਸੈਗਰੀਗੇਟ ਕਰਨ ਦੇ ਮਾਮਲੇ 'ਚ ਮੋਹਾਲੀ ਬਹੁਤ ਪਿੱਛੇ ਸੀ ਜਿਸਨੂੰ ਨਵੀਂ ਟੀਮ ਨੇ ਮਿਹਨਤ ਕਰਕੇ ਅੱਗੇ ਪਹੁੰਚਾਇਆ ਹੈ ਅਤੇ ਇਸ ਨਾਲ ਮੋਹਾਲੀ ਨੂੰ ਵਾਧੂ ਪੁਆਇੰਟਸ ਮਿਲੇ ਹਨ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੋਹਾਲੀ 'ਚ ਡੰਪਿੰਗ ਗ੍ਰਾਉਂਡ ਦੀ ਹਰ ਸਾਲ ਸਮੱਸਿਆ ਆਉਂਦੀ ਸੀ ਅਤੇ ਕਈ ਵਾਰ ਕੂੜੇ ਨੂੰ ਅੱਗ ਲਗ ਜਾਂਦੀ ਸੀ। ਉਨਾਂ੍ਹ ਕਿਹਾ ਕਿ ਇਸ ਸਮੱਸਿਆ ਦਾ ਹੱਲ ਕਰਨ ਦੇ ਨਾਲ ਨਾਲ ਡੰਪਿੰਗ ਗ੍ਰਾਉਂਡ 'ਚ ਕੂੜੇ ਦੀ ਸਾਂਭ ਸੰਭਾਲ ਵਾਸਤੇ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਜਿਸ ਨਾਲ ਨਾ ਸਿਰਫ਼ ਕੂੜੇ ਦੇ ਰੱਖ ਰਖਾਅ 'ਚ ਆ ਰਹੀਆਂ ਸਮੱਸਿਆਵਾਂ ਦਾ ਨਿਪਟਾਰਾ ਹੋਇਆ ਸਗੋਂ ਇਸ ਨਾਲ ਸਵੱਛ ਸਰਵੇਖਣ 'ਚ ਵੀ ਮੋਹਾਲੀ ਨੂੰ ਵਧੀਆ ਅੰਕ ਮਿਲੇ।
ਜ਼ਿਕਰਯੋਗ ਹੈ ਕਿ 2019 'ਚ ਮੋਹਾਲੀ ਦਾ ਸਫ਼ਾਈ ਸਰਵੇਖਣ 'ਚ ਰੈਂਕ 150 ਤੋਂ ਹੇਠਾਂ ਸੀ ਤੇ 2020 'ਚ ਵੀ 150 ਤੋਂ ਹੇਠਾਂ ਹੀ ਰਿਹਾ। ਇਸ ਦੌਰਾਨ ਸ਼ਹਿਰ 'ਚ ਸਫ਼ਾਈ ਵਿਵਸਥਾ 'ਤੇ ਢੇਰਾਂ ਸਵਾਲ ਵੀ ਖੜ੍ਹੇ ਹੋਏ ਸਨ ਕਿਉਂਕਿ ਨਗਰ ਨਿਗਮ ਤਾਂ ਹਰ ਸਾਲ ਮੋਹਾਲੀ ਸ਼ਹਿਰ ਦੀ ਸਫ਼ਾਈ 'ਤੇ 18 ਕਰੋੜ ਰੁਪਏ ਖਰਚ ਕਰਦੀ ਹੈ ਜੋ ਕਿ ਪ੍ਰਤੀ ਮਹੀਨਾ ਡੇਢ ਕਰੋੜ ਰੁਪਏ ਬਣਦਾ ਹੈ। ਇਸ ਸਫ਼ਾਈ ਵਿਵਸਥਾ 'ਚ ਮਕੈਨੀਕਲ ਅਤੇ ਮੈਨੂਅਲ ਦੋਹਾਂ ਤਰਾਂ੍ਹ ਦੀ ਸਫ਼ਾਈ ਹੁੰਦੀ ਹੈ।