ਸੁਨੀਲ ਕੁਮਾਰ ਭੱਟੀ, ਡੇਰਾਬੱਸੀ
ਵਿਧਾਨ ਸਭਾ ਚੋਣਾਂ ਅਤੇ ਰਾਤ ਨੂੰ ਲਾਕਡਾਊਨ ਦੇ ਮੱਦੇਨਜ਼ਰ ਪੁਲਿਸ ਵੱਲੋਂ ਕੀਤੀ ਸਖ਼ਤੀ ਦੇ ਬਾਵਜੂਦ ਡੇਰਾਬੱਸੀ ਵਿੱਖੇ ਚੋਰਾਂ ਦੀ ਦਹਿਸ਼ਤ ਜਾਰੀ ਹੈ। ਬੀਤੀ ਰਾਤ ਚੋਰ ਇਕ ਟਾਇਰਾਂ ਦੀ ਦੁਕਾਨ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੇ ਟਾਇਰ ਚੋਰੀ ਕਰਕੇ ਲੈ ਗਏ। ਪੁਲਿਸ ਨੇ ਮੋਕੇ ਦਾ ਦੌਰਾ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਬਾਰੇ ਦੁਕਾਨ ਮਾਲਕ ਅੰਮਿ੍ਤ ਸਿੰਘ ਨੇ ਦੱਸਿਆ ਕਿ ਉਸਨੇ ਟਰੱਕ, ਕਾਰ, ਟਰੈਕਟਰ ਅਤੇ ਮੋਟਰਸਾਈਕਲਾਂ ਦੇ ਟਾਇਰਾਂ ਦੀ ਦੁਕਾਨ ਬਰਵਾਲਾ ਸੜਕ 'ਤੇ ਯੂਨੀਅਨ ਦੇ ਸਾਹਮਣੇ ਕੀਤੀ ਹੋਈ ਹੈ। ਬੀਤੀ ਰਾਤ ਰੋਜ਼ਾਨਾ ਵਾਂਗ ਦੁਕਾਨ ਨੂੰ ਤਾਲਾ ਲਗਾ ਕੇ ਗਿਆ ਸੀ। ਜਦੋਂ ਸਵੇਰੇ ਗੁਆਂਢੀਆਂ ਨੇ ਦੁਕਾਨ ਦੇ ਤਾਲੇ ਟੁੱਟੇ ਹੋਣ ਦੀ ਸੂਚਨਾ ਦਿੱਤੀ। ਜਦੋਂ ਉਸ ਨੇ ਮੌਕੇ 'ਤੇ ਪਹੁੰਚ ਕੇ ਵੇਖਿਆ ਤਾਂ ਤਾਲੇ ਟੁੱਟੇ ਪਏ ਸਨ ਅਤੇ ਦੁਕਾਨ 'ਚੋਂ ਕਰੀਬ 62 ਟਾਇਰ ਅਤੇ ਬੈਟਰੀ ਗਾਇਬ ਸਨ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਜੈੱਕ ਦੀ ਮਦਦ ਨਾਲ ਪਹਿਲਾ ਸ਼ਟਰ ਚੁੱਕਿਆ ਅਤੇ ਦੁਕਾਨ ਦੇ ਅੰਦਰ ਦਾਖ਼ਲ ਹੋਕੇ ਚੋਰੀ ਨੂੰ ਅੰਜਾਮ ਦਿੱਤਾ। ਦੁਕਾਨ ਮਾਲਕ ਮੁਤਾਬਿਕ ਚੋਰਾਂ ਨੇ ਚੋਰੀ ਦਾ ਸਾਮਾਨ ਲੈ ਜਾਣ ਲਈ ਵੱਡੇ ਟਰੱਕ ਦਾ ਇਸਤੇਮਾਲ ਕੀਤਾ ਹੋਵੇਗਾ। ਉਨ੍ਹਾਂ ਕਿਹਾ ਕਿ ਕਰੀਬ 62 ਟਾਇਰ ਕਿਸੇ ਵੱਡੀ ਗੱਡੀ 'ਚ ਹੀ ਲੈ ਜਾਏ ਜਾ ਸਕਦੇ ਹਨ। ਲਾਕਡਾਊਨ ਦੇ ਸਮੇਂ ਚੋਰੀ ਦੀ ਵਾਰਦਾਤਾਂ ਨੇ ਦੁਕਾਨਦਾਰਾਂ ਦੀ ਨੀਂਦ ਉੱਡਾ ਦਿੱਤੀ ਹੈ।
ਲੋਕਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਥਾਂ-ਥਾਂ ਸੀਸੀਟੀਵੀ ਕੈਮਰੇ ਲਗਵਾਏ ਹੋਏ ਹਨ। ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਥਾਂ-ਥਾਂ ਪੁਲਿਸ ਨੇ ਨਾਕੇ ਲਾਏ ਹੋਏ ਹਨ। ਇਸਦੇ ਬਾਵਜੂਦ ਚੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਆਰਾਮ ਨਾਲ ਨਿਕਲ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਲਗਵਾਏ ਸੀਸੀਟੀਵੀ ਕੈਮਰੇ ਵੀ ਕਿਸੇ ਚੋਰੀ ਦੀ ਵਾਰਦਾਤ ਨੂੰ ਸੁਲਝਾਉਣ 'ਚ ਕਾਰਗਾਰ ਸਾਬਤ ਨਹੀਂ ਹੋ ਸਕੇ। ਡੇਰਾਬੱਸੀ 'ਚ ਕੁੱਝ ਦਿਨ ਪਹਿਲਾਂ ਵੀ ਬਰਵਾਲਾ ਸੜਕ 'ਤੇ ਇਕ ਫੈਕਟਰੀ ਸਮੇਤ ਮੀਟ ਮਾਰਕਿਟ ਦੀ 4 ਦੁਕਾਨਾਂ ਦੇ ਤਾਲੇ ਤੋੜਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਚੁਕੇ ਹਨ, ਪਰ ਪੁਲਿਸ ਦੇ ਹੱਥ ਅੱਜ ਤਕ ਕੋਈ ਸੁਰਾਗ ਨਹੀਂ ਲੱਗ ਸਕਿਆ।
ਇਸ ਬਾਰੇ ਗੱਲ ਕਰਨ 'ਤੇ ਡੇਰਾਬੱਸੀ ਥਾਣਾ ਮੁਖੀ ਕੁਲਬੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਮਿਲਣ 'ਤੇ ਮੌਕੇ ਦਾ ਦੌਰਾ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।