ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਮੁਹਾਲੀ ਦੀ ਫੇਜ਼-5 ਵਾਲੀ ਸੜਕ ਦਾ ਦੌਰਾ ਕੀਤਾ ਅਤੇ ਉਥੇ ਚੱਲਦੇ ਕੰਮ ਦੀ ਨਜ਼ਰਸਾਨੀ ਕੀਤੀ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਮੁਹਾਲੀ ਨਗਰ ਨਿਗਮ ਵੱਲੋਂ ਇਸ ਸੜਕ 'ਤੇ ਮੁਹਾਲੀ ਦੀ ਸੀਵਰੇਜ ਦੀ ਪਾਈਪ ਪਾਈ ਹੈ ਅਤੇ ਇਸ ਸੜਕ ਨੂੰ ਹੁਣ ਚਾਲੂ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਫੇਜ਼ ਗਿਆਰਾਂ ਤੋਂ ਇੱਥੇ ਤੱਕ ਸੜਕ ਪਹਿਲਾਂ ਹੀ ਚਾਲੂ ਹੋ ਚੁੱਕੀ ਹੈ।
ਇਸ ਸਬੰਧੀ ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਸੀਵਰੇਜ ਦੀ ਵੱਡੀ ਪਾਈਪ ਪਾਉਣ ਨਾਲ ਮੁਹਾਲੀ 'ਚ ਸੀਵਰੇਜ ਦੀ ਸਮੱਸਿਆ ਦਾ ਪੂਰੀ ਤਰ੍ਹਾਂ ਹੱਲ ਹੋ ਰਿਹਾ ਹੈ ਅਤੇ ਹੁਣ ਇਸ 'ਤੇ ਦੁਬਾਰਾ ਸੜਕ ਲਗਭਗ ਪਾ ਦਿੱਤੀ ਗਈ ਹੈ ਤੇ ਰਹਿੰਦੀ ਥਾਂ 'ਤੇ ਜੰਗੀ ਪੱਧਰ 'ਤੇ ਕੰਮ ਚੱਲ ਰਿਹਾ ਹੈ ਜੋ ਕਿ ਮੌਨਸੂਨ ਤੋਂ ਪਹਿਲਾਂ ਖ਼ਤਮ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁਹਾਲੀ ਦੀ ਪੁਰਾਣੀ ਸੀਵਰੇਜ ਦੀ ਪਾਈਪ ਪੂਰੀ ਤਰ੍ਹਾਂ ਜਾਮ ਹੋ ਚੁੱਕੀ ਸੀ ਅਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਜਿੱਥੇ ਨਵੀਂ ਪਾਈਪ ਪਾਈ ਗਈ ਹੈ ਉੱਥੇ 10 ਕਰੋੜ ਰੁਪਏ ਦੀ ਲਾਗਤ ਨਾਲ ਇਹ ਨਵੀਂ ਸੜਕ ਵੀ ਤਿਆਰ ਕੀਤੀ ਗਈ ਹੈ।
ਉਨ੍ਹਾਂ ਇਸ ਮੌਕੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਮੇਂ-ਸਮੇਂ ਸਿਰ ਸੜਕ 'ਤੇ ਚੱਲਦੇ ਕੰਮ ਦੀ ਨਜ਼ਰਸਾਨੀ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਕੰਮ ਦੀ ਕੁਆਲਿਟੀ ਨਾਲ ਕੋਈ ਸਮਝੌਤਾ ਨਾ ਹੋਵੇ। ਇਸ ਮੌਕੇ ਨਗਰ ਨਿਗਮ ਦੇ ਐੱਸਈ ਹਰਕੀਰਤ ਸਿੰਘ, ਐਕਸੀਅਨ ਹਰਪ੍ਰਰੀਤ ਸਿੰਘ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।