ਜੇਐੱਸ ਕਲੇਰ, ਜ਼ੀਰਕਪੁਰ : ਜ਼ੀਰਕਪੁਰ ਸ਼ਹਿਰ 'ਚ ਫੈਲੀ ਬਦ ਇੰਤਜਮੀ, ਨਗਰ ਕੌਂਸਲ ਅਤੇ ਹੋਰਨਾਂ ਸਰਕਾਰੀ ਦਫ਼ਤਰਾਂ 'ਚ ਫੈਲੇ ਭਿ੍ਸ਼ਟਾਚਾਰ ਅਤੇ ਆਮ ਜਨਤਾ ਦੀ ਸੁਣਵਾਈ ਨਾ ਹੋਣ ਤੋਂ ਤੰਗ ਆ ਕੇ ਜੈਕ ਰੈਜੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਨੇ ਇੱਥੋਂ ਦੇ ਸਾਰੇ ਵਾਰਡਾਂ 'ਚ ਜਨ ਪ੍ਰਤੀਨਿਧੀ ਕਮੇਟੀਆਂ ਦੇ ਗਠਨ ਕੀਤੇ ਜਾਣ ਦਾ ਫੈਸਲਾ ਕੀਤਾ ਹੈ। ਇਹ ਕਮੇਟੀਆਂ ਨਗਰ ਕੌਂਸਲ, ਤਹਿਸੀਲ ਅਤੇ ਹੋਰਨਾਂ ਸਰਕਾਰੀ ਵਿਭਾਗਾਂ 'ਚ ਜਨਤਾ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਸ਼ਿਕਾਇਤਾਂ ਨੂੰ ਸੁਣਕੇ ਜੈਕ ਦੇ ਮਾਧਿਅਮ ਰਾਹੀਂ ਜਨਤਾ ਦੀ ਲੜਾਈ ਲੜਨਗੀਆਂ। ਜੈਕ ਪ੍ਰਧਾਨ ਸੁਖਦੇਵ ਚੌਧਰੀ ਦੀ ਹਾਜ਼ਰੀ 'ਚ ਹੋਈ ਤਤਕਾਲ ਮੀਟਿੰਗ 'ਚ ਮੋਹਨ ਸਿੰਘ ਛੱਤ, ਪੀ ਅਵਸਥੀ, ਹਰਬਖ਼ਸ ਸਿੰਘ ਚੀਮਾ, ਕੁਲਵਿੰਦਰ ਸੈਣੀ, ਬੀਐੱਸ ਵਾਸੂਦੇਵ, ਵਿਨੈ ਕੁਮਾਰ ਅਤੇ ਰੂਪ ਰਾਮ ਨੇ ਹਿੱਸਾ ਲਿਆ। ਸੁਖਦੇਵ ਚੌਧਰੀ ਨੇ ਦੱਸਿਆ ਕਿ ਜ਼ੀਰਕਪੁਰ ਨਗਰ ਕੌਂਸਲ 'ਚ ਭਿ੍ਸ਼ਟਾਚਾਰ ਦੇ ਸਾਰੇ ਰਿਕਾਰਡ ਹੋ ਚੁੱਕੇ ਹਨ, ਜਿਸਦਾ ਖਮਿਆਜਾ ਇੱਥੋਂ ਦੀ ਆਮ ਜਨਤਾ ਭੁਗਤ ਰਹੀ ਹੈ। ਸੁਖਦੇਵ ਚੌਧਰੀ ਨੇ ਕਿਹਾ ਕਿ ਅੱਜ ਹਲਾਤ ਇਹ ਬਣ ਚੁੱਕੇ ਹਨ ਕਿ ਨਗਰ ਕੌਂਸਲ ਅਤੇ ਹੋਰਨਾਂ ਸਰਕਾਰੀ ਦਫ਼ਤਰਾਂ 'ਚ ਲੋਕਾਂ ਨੂੰ ਆਪਣੇ ਜਾਇਜ਼ ਕੰਮ ਲਈ ਵੀ ਪੈਸੇ ਦੇਣੇ ਪੈ ਰਹੇ ਹਨ। ਆਮ ਜਨਤਾ ਦੀ ਸੁਣਵਾਈ ਨਾ ਹੋਣ ਕਰਕੇ ਜੈਕ ਰੈਜੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਨੇ ਸ਼ਹਿਰ ਦੇ ਸਾਰੇ 31 ਵਾਰਡਾਂ 'ਚ ਜੈਕ ਕਮੇਟੀਆਂ ਬਣਾਏ ਜਾਣ ਦਾ ਫੈਸਲਾ ਕੀਤਾ ਹੈ। ਇਸ ਲਈ 23 ਜਨਵਰੀ ਨੂੰ ਮੈਕਸਸ ਏਲੇਂਜਾ ਨਗਲਾ ਰੋਡ ਜ਼ੀਰਕਪੁਰ ਵਿਖੇ ਇਕ ਮੀਟਿੰਗ ਸੱਦੀ ਗਈ ਹੈ। ਚੌਧਰੀ ਨੇ ਦੱਸਿਆ ਕਿ ਜੈਕ ਵੱਲੋਂ ਬਣਾਈ ਕਮੇਟੀ ਦੀ ਵਾਰਡ ਪੱਧਰ 'ਤੇ ਡਿਊਟੀ ਲਗਾਈ ਜਾਵੇਗੀ। ਇਹ ਕਮੇਟੀ ਆਮ ਲੋਕਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਅਤੇ ਉਨਾਂ੍ਹ ਦੀਆਂ ਸ਼ਿਕਾਇਤਾਂ ਸੁਣੇਗੀ। ਇਸ ਤੋਂ ਬਾਅਦ ਇਨਾਂ੍ਹ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਜੈਕ ਵੱਲੋਂ ਆਪਣੇ ਪੱਧਰ 'ਤੇ ਯਤਨ ਕਰਕੇ ਜਨਤਾ ਨੂੰ ਹੋਣ ਵਾਲੀ ਲੁੱਟ ਤੋਂ ਬਚਾਇਆ ਜਾਵੇਗਾ। ਚੌਧਰੀ ਨੇ ਕਿਹਾ ਕਿ 23 ਜਨਵਰੀ ਦੀ ਮੀਟਿੰਗ 'ਚ ਵਾਰਡ 'ਤੇ ਕਮੇਟੀਆਂ ਦਾ ਗਠਨ ਕਰਕੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।