-ਬਲਟਾਣਾ ਤੋਂ ਪੰਚਕੂਲਾ ਨੂੰ ਜਾਂਦੀ ਸੜਕ 'ਤੇ ਨਗਰ ਕੌਂਸਲ ਦੀ ਕਾਰਵਾਈ
ਜੇਐੱਸ ਕਲੇਰ, ਜ਼ੀਰਕਪੁਰ : ਜ਼ੀਰਕਪੁਰ ਨਗਰ ਕੌਂਸਲ ਵੱਲੋਂ ਸ਼ਹਿਰ ਦੀਆਂ ਸੜਕਾਂ-ਬਾਜ਼ਾਰਾਂ ਆਦਿ 'ਤੇ ਕੀਤੇ ਨਾਜਾਇਜ਼ ਕਬਜ਼ੇ ਖ਼ਾਲ੍ਹੀ ਕਰਵਾਉਣ ਲਈ ਅੱਜ ਕੀਤੀ ਅਚਾਨਕ ਕਾਰਵਾਈ ਸ਼ਲਾਘਾਯੋਗ ਹੈ। ਇਸ ਮੌਕੇ ਕਾਰਵਾਈ ਦੌਰਾਨ ਨਗਰ ਕੌਂਸਲ ਜ਼ੀਰਕਪੁਰ ਦੇ ਇੰਕਰੋਚਮੈਂਟ ਟੀਮ ਨੇ ਬਲਟਾਣਾ ਖੇਤਰ ਤੋਂ ਪੰਚਕੂਲਾ ਸੈਕਟਰ-19 ਨੂੰ ਜਾਣ ਵਾਲੀ ਸੜਕ ਦੇ ਬਾਜ਼ਾਰਾਂ 'ਚ ਦੁਕਾਨਦਾਰਾਂ ਵੱਲੋਂ ਕੀਤੇ ਕਥਿਤ ਨਾਜਾਇਜ਼ ਕਬਜ਼ੇ ਕਰ ਰੱਖਿਆ ਸਾਮਾਨ ਜ਼ਬਤ ਕਰ ਲਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਨਗਰ ਕੌਂਸਲ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਕਾਰਜਸਾਧਕ ਅਫ਼ਸਰ ਰਵਨੀਤ ਸਿੰਘ ਦੇ ਨਿਰਦੇਸ਼ਾਂ ਅਨੂਸਾਰ ਕੌਂਸਲ ਦੀ ਟੀਮ ਵੱਲੋਂ ਇਹ ਕਾਰਵਾਈ ਕਰਦੇ ਹੋਏ ਰੇਹੜੀਆਂ ਫੜੀਆਂ ਵਾਲਿਆਂ ਵੱਲੋਂ ਕੀਤੇ ਨਾਜਾਇਜ਼ ਕਬਜਿਆਂ ਨੂੰ ਸੜਕ ਕਿਨਾਰਿਓਂ ਹਟਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੌਰਾਨ ਸਾਡੀ ਟੀਮ ਵੱਲੋਂ ਰੇਹੜੀਆਂ ਨੂੰ ਜ਼ਬਤ ਕੀਤਾ ਗਿਆ।
ਇਸ ਮੌਕੇ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਸੜਕ 'ਤੇ ਦੁਕਾਨਦਾਰਾਂ ਅਤੇ ਰੇਹੜੀਆਂ ਵਾਲੇ ਲੋਕਾਂ ਵੱਲੋਂ ਸੜਕ ਕਿਨਾਰੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਦੇ ਚੱਲਦੇ ਟ੍ਰੈਫਿਕ ਵਿਵਸਥਾ 'ਚ ਰੁਕਾਵਟ ਪੈਣ ਦੇ ਨਾਲ-ਨਾਲ ਪੈਦਲ ਲੰਘਣ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਦੱਸਿਆ ਕਿ ਅੱਜ ਕਾਰਜਸਾਧਕ ਅਫ਼ਸਰ ਵੱਲੋਂ ਸ਼ਹਿਰ ਦੇ ਦੁਕਾਨਦਾਰਾਂ ਅਤੇ ਰੇਹੜੀਆਂ ਫੜ੍ਹੀਆਂ ਵਾਲੇ ਲੋਕਾਂ ਲਈ ਨੋਟਿਸ ਜਾਰੀ ਕਰਦੇ ਕਿਹਾ ਗਿਆ ਹੈ, ਕਿ ਨਗਰ ਕੌਂਸਲ ਜ਼ੀਰਕਪੁਰ ਦੀ ਹਦੂਦ ਅੰਦਰ ਰੇਹੜੀ/ਫੜ੍ਹੀ ਲਾਉਣ ਵਾਲਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਰਕਾਰੀ ਪ੍ਰਰਾਪਰਟੀ, ਗਲੀਆਂ, ਸੜਕਾਂ 'ਤੇ ਕੋਈ ਵੀ ਵਿਅਕਤੀ ਰੇਹੜੀ-ਫੜ੍ਹੀ ਨਹੀਂ ਲਾਵੇਗਾ। ਜੇਕਰ ਕੋਈ ਵਿਅਕਤੀ ਅਜਿਹਾ ਕਰਦਾ ਹੈ ਤਾਂ ਇਹ ਗ਼ੈਰ-ਕਾਨੂੰਨੀ ਹੈ ਅਤੇ ਉਸ ਦੀ ਰੇਹੜੀ, ਫੜ੍ਹੀ ਨੂੰ ਨਗਰ ਕੌਂਸਲ ਵੱਲੋਂ ਕਬਜ਼ੇ ਵਿਚ ਲੈ ਲਿਆ ਜਾਵੇਗਾ ਅਤੇ ਦੁਬਾਰਾ ਛੱਡਿਆ ਨਹੀਂ ਜਾਵੇਗਾ। ਇਸ ਲਈ ਸਬੰਧਤ ਵਿਅਕਤੀਆਂ ਨੂੰ ਬੇਨਤੀ ਹੈ ਕਿ ਸਰਕਾਰੀ ਜਗ੍ਹਾਂ ਜਾਂ ਸੜਕ 'ਤੇ ਰੋਹੜੀ, ਫੜ੍ਹੀ ਨਾ ਲਾਈ ਜਾਵੇ। ਜੇਕਰ ਫਿਰ ਵੀ ਕੋਈ ਵਿਅਕਤੀ ਅਜਿਹਾ ਕਰਦਾ ਹੈ ਤਾਂ ਇਸ ਦੇ ਹਰਜਨੇ ਦਾ ਉਹ ਆਪ ਨਿੱਜੀ ਤੌਰ 'ਤੇ ਜ਼ਿੰਮੇਵਾਰ ਹੋਵੇਗਾ।