ਜਾਗਰਣ ਸੰਵਾਦਦਾਤਾ, ਚੰਡੀਗਡ਼੍ਹ : ਦੇਸ਼ ਦੀ ਸਭ ਤੋਂ ਪੁਰਾਣੀ ਅਤੇ ਨਾਮੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਜਲਦੀ ਹੀ ਸੈਂਟਰਲ ਯੂਨੀਵਰਸਿਟੀ ਬਣ ਸਕਦੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇਕ ਤਾਜ਼ਾ ਹੁਕਮ ਨਾਲ ਪੀਯੂ ਨੂੰ ਸੈਂਟਰਲ ਯੂਨੀਵਰਸਿਟੀ ਸਟੇਟਸ ਮਿਲਣ ਦੀਆਂ ਉਮੀਦਾਂ ਨੂੰ ਮਜ਼ਬੂਤੀ ਮਿਲੀ ਹੈ। ਚੰਡੀਗਡ਼੍ਹ ਵਿਚ ਕੇਂਦਰ ਸਰਕਾਰ ਵੱਲੋਂ ਸੈਂਟਰਲ ਰੂਲਜ਼ ਲਾਗੂ ਹੋਣ ਕਾਰਨ ਇਹ ਸੰਭਵ ਹੋ ਸਕੇਗਾ। ਪੀਯੂ ਨੂੰ ਸੈਂਟਰਲ ਯੂਨੀਵਰਸਿਟੀ ਸਟੇਟਸ ਦਿੱਤੇ ਜਾਣ ਨੂੰ ਲੈ ਕੇ ਹਾਈ ਕੋਰਟ ਨੇ ਕੇਂਦਰ ਸਰਕਾਰ ਤੋਂ 30 ਅਗਸਤ ਤਕ ਜਵਾਬ ਮੰਗਿਆ ਹੈ। ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਇਸ ਸਾਲ ਪੀਯੂ ਨੂੰ ਸੈਂਟਰਲ ਯੂਨੀਵਰਸਿਟੀ ਦਾ ਦਰਜਾ ਮਿਲ ਸਕਦਾ ਹੈ। ਮੌਜੂਦਾ ਪੀਯੂ ਪ੍ਰਸ਼ਾਸਨ ਲਈ ਵੀ ਹੁਣ ਮਾਮਲੇ ਨੂੰ ਕੇਂਦਰ ਸਰਕਾਰ ਕੋਲ ਮਜ਼ਬੂਤੀ ਨਾਲ ਰੱਖਣ ਦਾ ਮੌਕਾ ਮਿਲ ਜਾਵੇਗਾ। ਪੀਯੂ ਨੂੰ ਇਸ ਸਮੇਂ ਇੰਟਰ-ਸਟੇਟ ਯੂਨੀਵਰਸਿਟੀ ਦਾ ਦਰਜਾ ਹਾਸਲ ਹੈ।
ਪ੍ਰੋਫੈਸਰ ਦੇ ਮਾਮਲੇ ’ਚ ਹਾਈ ਕੋਰਟ ਨੇ ਦਿੱਤੇ ਹੁਕਮ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪੀਯੂ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ ਲੀਗਲ ਸਟੱਡੀਜ਼ (ਯੂਆਈਐੱਲਐੱਸ) ਤੋਂ ਰਿਟਾਇਰ ਪ੍ਰੋਫੈਸਰ ਡਾ. ਸੰਗੀਤਾ ਭੱਲਾ ਨੇ ਉਨ੍ਹਾਂ ਦੀ ਰਿਟਾਇਰਮੈਂਟ 60 ਸਾਲ ਵਿਚ ਕੀਤੇ ਜਾਣ ਦੇ ਮਾਮਲੇ ਨੂੰ ਚੁਣੌਤੀ ਦਿੱਤੀ ਸੀ। ਪਟੀਸ਼ਨ ਵਿਚ ਕਿਹਾ ਗਿਆ ਕਿ ਪਹਿਲੀ ਅਪ੍ਰੈਲ ਤੋਂ ਕੇਂਦਰ ਸਰਕਾਰ ਵੱਲੋਂ ਯੂਟੀ ਵਿਚ ਸੈਂਟਰਲ ਪੇਅ ਸਕੇਲ ਲਾਗੂ ਕਰ ਦਿੱਤਾ ਗਿਆ। ਕੇਂਦਰ ਦੇ ਇਸ ਫ਼ੈਸਲੇ ਨਾਲ ਪੀਯੂ ਦੇ ਐਫਲੀਏਟਡ ਕਾਲਜਾਂ ’ਚ ਪ੍ਰੋਫੈਸਰ ਦੀ ਰਿਟਾਇਰਮੈਂਟ ਉਮਰ 65 ਸਾਲ ਹੋ ਗਈ ਹੈ ਜਦਕਿ ਪੀਯੂ ਪ੍ਰੋਫੈਸਰ ਨੂੰ 60 ਸਾਲ ਵਿਚ ਰਿਟਾਇਰ ਕੀਤਾ ਜਾ ਰਿਹਾ ਹੈ। ਸੈਂਟਰਲ ਪੇਅ ਸਕੇਲ ਨੋਟੀਫਿਕੇਸ਼ਨ ਮੁਤਾਬਕ ਯੂਟੀ ਦੇ ਸਾਰੇ ਕਾਲਜ, ਯੂਨੀਵਰਸਿਟੀਆਂ ਅਤੇ ਹੋਰ ਉੱਚ ਵਿਦਿਅਕ ਅਦਾਰੇ ਵੀ ਇਸ ਵਿਚ ਸ਼ਾਮਲ ਹਨ। ਜਸਟਿਸ ਰਾਜਬੀਰ ਸਹਿਰਾਵਤ ਦੇ ਬੈਂਚ ਨੇ ਮਾਮਲੇ ਵਿਚ ਸੁਣਵਾਈ ਕਰਦੇ ਹੋਏ ਕੇਂਦਰ ਤੋਂ ਇਸ ਮਾਮਲੇ ਵਿਚ 30 ਅਗਸਤ ਤਕ ਠੋਸ ਫ਼ੈਸਲੇ ਨਾਲ ਪੱਖ ਰੱਖਣ ਦੇ ਆਦੇਸ਼ ਦਿੱਤੇ ਹਨ, ਜਿਸ ਵਿਚ ਪੀਯੂ ਨੂੰ ਇਨ-ਪ੍ਰਿੰਸੀਪਲ ਸੈਂਟਰਲ ਯੂਨੀਵਰਸਿਟੀ ਦਾ ਦਰਜਾ ਦੇਣ ਲਈ ਕਿਹਾ ਹੈ।
ਬਾਦਲ ਸਰਕਾਰ ਦੇ ਯੂ-ਟਰਨ ਨਾਲ ਨਹੀਂ ਬਣੀ ਸੈਂਟਰਲ ਯੂਨੀਵਰਸਿਟੀ
ਪੀਯੂ ਨੂੰ ਸੈਂਟਰਲ ਯੂਨੀਵਰਸਿਟੀ ਸਟੇਟਸ ਦੇਣ ਲਈ ਕਈ ਸਾਲਾਂ ਤੋਂ ਮੰਗ ਉੱਠ ਰਹੀ ਹੈ। 2008 ਵਿਚ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਦੀ ਅਗਵਾਈ ਵਿਚ 141 ਦਿਨ ਤਕ ਲਡ਼ੀਵਾਰ ਹਡ਼ਤਾਲ ਕੀਤੀ ਗਈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੀਯੂ ਨੂੰ ਸੈਂਟਰਲ ਯੂਨੀਵਰਸਿਟੀ ਬਣਾਏ ਜਾਣ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਐੱਨਓਸੀ ਦੀ ਚਿੱਠੀ ਵੀ ਜਾਰੀ ਕਰ ਦਿੱਤੀ ਸੀ ਪਰ ਸਿਆਸੀ ਦਬਾਅ ਕਾਰਨ ਅਗਲੇ ਹੀ ਦਿਨ ਚਿੱਠੀ ਵਾਪਸ ਲੈ ਲਈ ਗਈ। ਉਸ ਸਮੇਂ ਪੀਯੂ ਨੂੰ ਸੈਂਟਰਲ ਯੂਨੀਵਰਸਿਟੀ ਸਟੇਟਸ ਮਿਲਣ ਦਾ ਰਸਤਾ ਲਗਪਗ ਸਾਫ਼ ਹੋ ਗਿਆ ਸੀ।