ਜਾਸੰ, ਸੋਲਨ/ਚੰਡੀਗੜ੍ਹ : ਸੋਲਨ ਜ਼ਿਲ੍ਹੇ ਦੇ ਕਸੌਲੀ ਨਾਲ ਲੱਗਦੀ ਗੜਖਲ-ਸਨਾਵਰ ਪੰਚਾਇਤ ਦੇ ਬੜਾਹ ਪਿੰਡ ’ਚ ਦੇਰ ਰਾਤ ਖੁੰਭਾਂ ਦੀ ਸਬਜ਼ੀ ਖਾਣ ਨਾਲ ਬਿਹਾਰ ਦੇ ਤਿੰਨ ਅਤੇ ਹਰਿਆਣਾ ਦੇ ਇਕ ਵਿਅਕਤੀ ਦੀ ਸਿਹਤ ਵਿਗੜ ਗਈ। ਤਬੀਅਤ ਜ਼ਿਆਦਾ ਵਿਗੜਨ ’ਤੇ ਉਨ੍ਹਾਂ ਨੂੰ ਸੀਐੱਚਸੀ ਧਰਮਪੁਰ ਲਿਆਂਦਾ ਗਿਆ। ਇਲਾਜ ਦੌਰਾਨ 35 ਸਾਲਾ ਨਜ਼ਾਕਤ ਵਾਸੀ ਸੁਕੇਤਰੀ ਜ਼ਿਲ੍ਹਾ ਪੰਚਕੂਲਾ (ਹਰਿਆਣਾ) ਦੀ ਮੌਤ ਹੋ ਗਈ। 44 ਸਾਲਾ ਵਰਿੰਦਰ ਸ਼ਰਮਾ ਵਾਸੀ ਯੋਗਾਪੱਟੀ (ਬਿਹਾਰ) ਅਤੇ ਉਸ ਦੇ 16 ਸਾਲਾ ਪੁੱਤਰ ਨਿਤੀਸ਼ ਨੂੰ ਡਾਕਟਰਾਂ ਨੇ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ।
ਬਿਹਾਰ ਦੇ ਆਰਾ ਜ਼ਿਲ੍ਹੇ ਦੇ ਭੋਜਪੁਰ ਵਾਸੀ 35 ਸਾਲਾ ਅਮਰਨਾਥ ਸ਼ਰਮਾ ਸੀਐੱਚਸੀ ਧਰਮਪੁਰ ’ਚ ਜੇਰੇ ਇਲਾਜ ਹੈ। ਹਾਲਾਂਕਿ ਤਿੰਨਾਂ ਦੀ ਹਾਲਤ ਠੀਕ ਹੈ ਅਤੇ ਸਾਰੇ ਖ਼ਤਰੇ ਤੋਂ ਬਾਹਰ ਹਨ। ਅਮਰਨਾਥ ਸ਼ਰਮਾ, ਵਰਿੰਦਰ ਸ਼ਰਮਾ ਤੇ ਨਜ਼ਾਕਤ ਦੋ ਮਹੀਨੇ ਤੋਂ ਬੜਾਹ ਪਿੰਡ ਦੇ ਇਕ ਘਰ ’ਚ ਕਾਰਪੇਂਟਰ ਦਾ ਕੰਮ ਕਰਦੇ ਸਨ ਜਦਕਿ ਨਿਤੀਸ਼ ਸ਼ਰਮਾ ਮੰਗਲਵਾਰ ਨੂੰ ਹੀ ਬੜਾਹ ਆਇਆ ਸੀ।
ਮਜ਼ਦੂਰਾਂ ਨੇ ਪੁਲਿਸ ਨੂੰ ਦੱਸਿਆ ਕਿ ਮੰਗਲਵਾਰ ਸ਼ਾਮ ਗੜਖਲ ਬਾਜ਼ਾਰ ’ਚੋਂ ਉਨ੍ਹਾਂ ਨੇ ਖੁੰਭਾਂ ਖ਼ਰੀਦੀਆਂ ਸਨ। ਰਾਤ 10 ਵਜੇ ਉਹ ਸਾਰੇ ਖੁੰਭਾਂ ਦੀ ਸਬਜ਼ੀ ਖਾ ਕੇ ਸੌਂ ਗਏ ਤੇ ਰਾਤ 12 ਵਜੇ ਉਨ੍ਹਾਂ ਨੂੰ ਉਲਟੀਆਂ ਸ਼ੁਰੂ ਹੋ ਗਈਆਂ। ਇਸ ਦੀ ਜਾਣਕਾਰੀ ਉਨ੍ਹਾਂ ਨੇ ਬੁੱਧਵਾਰ ਸਵੇਰੇ ਘਰ ਦੇ ਮਾਲਕ ਨੂੰ ਦਿੱਤੀ ਤਾਂ ਉਹ ਸੀਐੱਚਸੀ ਧਰਮਪੁਰ ਲੈ ਗਏ। ਮ੍ਰਿਤਕ ਦੀ ਪੋਸਟਮਾਰਟਮ ਰਿਪੋਰਟ ਤੋਂ ਹੀ ਪਤਾ ਲੱਗੇਗਾ ਕਿ ਇਨ੍ਹਾਂ ਦੀ ਤਬੀਅਤ ਕਿਵੇਂ ਵਿਗੜੀ।