ਸੁਖਵਿੰਦਰਜੀਤ ਸਿੰਘ ਮਨੌਲੀ, ਚੰਡੀਗੜ੍ਹ
ਮਾਲਵਾ ਸੱਭਿਆਚਾਰਕ ਮੰਚ ਪੰਜਾਬ ਵੱਲੋਂ ਸੋਮਵਾਰ ਨੂੰ ਪ੍ਰਸਿੱਧ ਲੋਕ ਗਾਇਕ ਕੰਵਰ ਗਰੇਵਾਲ ਨੂੰ ਭਾਈ ਘਨੱਈਆ ਜੀ ਪੁਰਸਕਾਰ (ਗੋਲਡ-ਮੈਡਲ) ਭੇਟ ਕਰਦਿਆਂ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਤੰਦਰੁਸਤ ਸਮਾਜ ਦੀ ਸਿਰਜਣਾ 'ਚ ਲੇਖਕਾਂ ਤੇ ਕਲਾਕਾਰਾਂ ਦਾ ਅਹਿਮ ਯੋਗਦਾਨ ਹੈ।
ਬਾਵਾ ਨੇ ਦੱਸਿਆ ਕਿ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਪਿਛਲੇ 30 ਸਾਲਾਂ ਤੋਂ ਧੀਆਂ ਦਾ ਲੋਹੜੀ ਮੇਲਾ ਮਨਾ ਰਿਹਾ ਹੈ ਅਤੇ ਸਮਾਜਿਕ ਬੁਰਾਈਆਂ ਖ਼ਿਲਾਫ਼ ਇੱਕ ਲਹਿਰ ਚਲਾ ਰਿਹਾ ਹੈ। ਉਨਾਂ੍ਹ ਕਿਹਾ ਕਿ ਇਸੇ ਲਈ ਜਿੱਥੇ ਹਰ ਸਾਲ ਨਵਜੰਮੀਆਂ ਬੱਚੀਆਂ ਦਾ ਸਨਮਾਨ ਕਰਕੇ ਸਵਾਗਤ ਕੀਤਾ ਜਾਂਦਾ ਹੈ ਉਥੇ ਸਮਾਜ 'ਚ ਚੰਗਾ ਕੰਮ ਕਰਨ ਵਾਲੀਆਂ ਸਖ਼ਸੀਅਤਾਂ ਨੂੰ ਉਤਸਾਹੀ ਪੁਰਸਕਾਰ ਪ੍ਰਦਾਨ ਕੀਤੇ ਜਾਂਦੇ ਹਨ। ਸ੍ਰੀ ਬਾਵਾ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਲੰਮਾਂ ਸਮਾਂ ਚੱਲੇ ਕਿਸਾਨੀ ਸੰਘਰਸ਼ 'ਚ ਕੰਵਰ ਗਰੇਵਾਲ ਨੇ ਆਪਣੀ ਬੁਲੰਦ ਆਵਾਜ਼ 'ਚ ਨਿਡਰ ਤੇ ਨਿਰਸਵਾਰਥ ਹੋ ਕੇ ਭਰਵੀਂ ਹਾਜ਼ਰੀ ਲਵਾਈ ਹੈ। ਇਸ ਲਈ ਅਸੀ ਕੰਵਰ ਗਰੇਵਾਲ ਦੇ ਰਿਣੀ ਹਾਂ ਅਤੇ ਅੱਜ ਉਨਾਂ੍ਹ ਨੂੰ ਭਾਈ ਘਨੱਈਆ ਜੀ ਪੁਰਸਕਾਰ ਪ੍ਰਦਾਨ ਕਰ ਰਹੇ ਹਾਂ। ਇਸ ਮੌਕੇ ਸਨਮਾਨ ਲੈਣ ਉਪਰੰਤ ਕੰਵਰ ਗਰੇਵਾਲ ਨੇ ਕਿਹਾ ਕਿ ਉਹ ਆਪਣੀ ਕਲਾ ਨੂੰ ਹਮੇਸ਼ਾਂ ਚੰਗੇ ਸੁਨੇਹੇ ਲਈ ਵਰਤਣਾ ਚਾਹੁੰਦੇ ਹਨ ਅਤੇ ਪੰਜਾਬੀ ਮਾਂ ਬੋਲੀ ਲਈ ਉਸਾਰੂ ਯਤਨਾਂ ਲਈ ਕਾਰਜਸ਼ੀਲ ਰਹਿੰਦੇ ਹਨ। ਕੰਵਰ ਗਰੇਵਾਲ ਨੇ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦਾ ਖਾਸ ਤੌਰ 'ਤੇ ਕ੍ਰਿਸ਼ਨ ਕੁਮਾਰ ਬਾਵਾ ਦਾ ਧੰਨਵਾਦ ਕੀਤਾ।
ਇਸ ਮੌਕੇ ਉੱਘੇ ਰੰਗਕਰਮੀ ਨਿਰਮਲ ਜੌੜਾ ਨੇ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਵੱਲੋਂ ਕੀਤੇ ਜਾ ਰਹੇ ਸਾਰਥਿਕ ਕਾਰਜਾਂ ਦੀ ਸ਼ਲਾਘਾ ਕੀਤਾ। ਮੰਚ ਦੇ ਪ੍ਰਧਾਨ ਬੀਬੀ ਬਰਜਿੰਦਰ ਕੌਰ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਰੇਸਮ ਸਿੰਘ ਸੱਗੂ, ਬੀਬੀ ਗੁਰਪ੍ਰਰੀਤ ਕੌਰ ਸਿੱਧੂ, ਅੰਗਰੇਜ ਸਿੰਘ ਜਨਰਲ ਸਕੱਤਰ, ਮਨਮੋਹਣ ਕੌੜਾ ਜਨਰਲ ਸਕੱਤਰ ਮੰਚ, ਸਾਹਿਲ ਸਿੰਘ, ਬੀਬੀ ਮਨਜੀਤ ਕੌਰ, ਮਹੰਤ ਲਖਬੀਰ ਦਾਸ, ਸੰਦੀਪ ਪੋਪਲੀ ਆਦਿ ਹਾਜ਼ਰ ਸਨ।