ਰੋਹਿਤ ਕੁਮਾਰ, ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨੇ ਨੂੰ ਇਕ ਮਹੀਨਾ ਹੋ ਗਿਆ ਹੈ। 117 ਨਵੇਂ ਚੁਣੇ ਗਏ ਵਿਧਾਇਕਾਂ ਵਿਚ ਇਕ ਵਿਧਾਇਕਾ ਅਜਿਹੀ ਵੀ ਹੈ ਜਿਸ ਨੇ ਅਜੇ ਤਕ ਸਹੁੰ ਨਹੀਂ ਚੁੱਕੀ। ਮਜੀਠਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਚੋਣ ਜਿੱਤਣ ਵਾਲੀ ਗੁਨੀਵ ਕੌਰ ਨੇ ਹਾਲੇ ਤਕ ਵਿਧਾਇਕਾ ਵਜੋਂ ਸਹੁੰ ਨਹੀਂ ਚੁੱਕੀ। ਮਹੀਨੇ ਵਿਚ ਦੋ ਵਾਰ ਸੈਸ਼ਨ ਵੀ ਬੁਲਾਏ ਗਏ ਹਨ ਪਰ ਵਿਧਾਇਕਾ ਨੇ ਸਹੁੰ ਨਹੀਂ ਚੁੱਕੀ। ਗੁਨੀਵ ਕੌਰ ਤੋਂ ਇਲਾਵਾ ਚਾਰ ਹੋਰ ਵਿਧਾਇਕ ਸਨ ਜਿਨ੍ਹਾਂ ਨੇ ਪਹਿਲੇ ਸੱਦੇ ਸੈਸ਼ਨ ਵਿਚ ਸਹੁੰ ਨਹੀਂ ਚੁੱਕੀ। ਚਾਰ ਵਿਧਾਇਕਾਂ ਨੇ ਦੂਜੀ ਵਾਰ ਬੁਲਾਏ ਗਏ ਵਿਸ਼ੇਸ਼ ਸੈਸ਼ਨ ਦੌਰਾਨ ਸਹੁੰ ਚੁੱਕੀ। ਇਨ੍ਹਾਂ ਵਿੱਚੋਂ ਇਕ ਵਿਧਾਇਕ ਕਾਂਗਰਸ ਦਾ, ਦੋ ਵਿਧਾਇਕ ਭਾਜਪਾ ਦਾ ਅਤੇ ਇਕ ਆਜ਼ਾਦ ਵਿਧਾਇਕ ਸੀ।
ਦੱਸਣਯੋਗ ਹੈ ਕਿ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਦੌਰਾਨ ਜ਼ਿਆਦਾਤਰ ਵਿਧਾਇਕਾਂ ਵੱਲੋਂ ਸਹੁੰ ਚੁੱਕੀ ਗਈ ਸੀ ਪਰ ਗੁਨੀਵ ਕੌਰ ਨੇ ਚਿੱਠੀ ਲਿਖ ਕੇ ਕਿਹਾ ਸੀ ਕਿ ਉਹ ਹੁਣ ਸਹੁੰ ਨਹੀਂ ਚੁੱਕ ਸਕਦੀ। ਦੂਜੇ ਸੈਸ਼ਨ ਦੌਰਾਨ ਵੀ ਗੁਨੀਵ ਕੌਰ ਨੇ ਸਹੁੰ ਨਹੀਂ ਚੁੱਕੀ।
ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਅਤੇ ਉਨ੍ਹਾਂ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਵੀ ਪਹਿਲੇ ਸੈਸ਼ਨ ਵਿਚ ਸਹੁੰ ਨਹੀਂ ਚੁੱਕੀ। ਇਨ੍ਹਾਂ ਤੋਂ ਇਲਾਵਾ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ, ਵਿਧਾਇਕ ਜੰਗੀ ਲਾਲ ਮਹਾਜਨ ਵੀ ਪਹਿਲੇ ਸੈਸ਼ਨ ਵਿਚ ਸਹੁੰ ਨਹੀਂ ਚੁੱਕ ਸਕੇ। ਚਾਰ ਵਿਧਾਇਕਾਂ ਨੇ ਦੂਜੀ ਵਾਰ ਬੁਲਾਏ ਗਏ ਵਿਸ਼ੇਸ਼ ਸੈਸ਼ਨ ਵਿਚ ਸਹੁੰ ਚੁੱਕੀ। ਰਾਣਾ ਗੁਰਜੀਤ ਸਿੰਘ ਨੇ ਪਹਿਲੇ ਸੈਸ਼ਨ ਦੌਰਾਨ ਸਹੁੰ ਨਹੀਂ ਚੁੱਕੀ ਕਿਉਂਕਿ ਉਨ੍ਹਾਂ ਦੇ ਭਰਾ ਦਾ ਦੇਹਾਂਤ ਹੋ ਗਿਆ ਸੀ। ਭਾਜਪਾ ਵਿਧਾਇਕਾਂ ਨੇ ਵਿਸ਼ੇਸ਼ ਸੈਸ਼ਨ ਦੌਰਾਨ ਸਹੁੰ ਚੁੱਕੀ।
ਮਜੀਠੀਆ ਦੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਬਿਕਰਮ ਮਜੀਠੀਆ ਨੇ 22 ਫਰਵਰੀ ਨੂੰ ਡਰੱਗਜ਼ ਕੇਸ ਵਿਚ ਆਤਮ ਸਮਰਪਣ ਕੀਤਾ ਸੀ ਅਤੇ ਉਦੋਂ ਤੋਂ ਉਹ ਪਟਿਆਲਾ ਜੇਲ੍ਹ ਵਿਚ ਨਿਆਇਕ ਹਿਰਾਸਤ ਵਿਚ ਹਨ। ਗੁਨੀਵ ਕੌਰ ਉਨ੍ਹਾਂ ਦੇ ਬਾਹਰ ਆਉਣ ਦੀ ਉਡੀਕ ਕਰ ਰਹੀ ਹੈ। ਉਹ ਪਹਿਲੀ ਵਾਰ ਚੋਣ ਜਿੱਤੀ ਹੈ।