ਇਕਬਾਲ ਸਿੰਘ, ਡੇਰਾਬੱਸੀ : ਸ਼ਹਿਰ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਪੁਰਾਣੀ ਧਾਰਮਿਕ ਸੰਸਥਾ ਸਨਾਤਨ ਧਰਮ ਸਭਾ ਰਜਿਸਟਰਡ ਨੰਬਰ 48, ਜਿਸ ਤਹਿਤ ਸ਼ਹਿਰ ਦੇ ਕਈ ਮੰਦਰ ਚੱਲ ਰਹੇ ਹਨ, ਇਸ ਦੇ ਮੁਖੀ ਸੁਭਾਸ਼ ਗੁਪਤਾ ਨੇ ਫੈਸਲਾ ਲੈਂਦਿਆਂ ਸਭਾ ਦੀ ਬਾਡੀ ਅਤੇ ਪ੍ਰਬੰਧਕਾਂ ਨੂੰ ਭੰਗ ਕਰ ਦਿੱਤਾ ਹੈ। ਸੁਭਾਸ਼ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੀ ਚੋਣ 1 ਜੁਲਾਈ 2020 ਨੂੰ 3 ਸਾਲਾਂ ਲਈ ਹੋਈ ਸੀ। ਉਨ੍ਹਾਂ ਨੇ ਇਸ ਜ਼ਿੰਮੇਵਾਰੀ ਨੂੰ ਤਨ-ਮਨ ਨਾਲ ਨਿਭਾਇਆ, ਪਰ ਸਭਾ ਦੇ ਖਜ਼ਾਨਚੀ ਅਤੇ ਜਨਰਲ ਸਕੱਤਰ ਵੱਲੋਂ ਮਨਮਾਨੇ ਢੰਗ ਨਾਲ ਅਹਿਮ ਫੈਸਲੇ ਲਏ ਜਾਣ ਕਾਰਨ ਸਭਾ 'ਚ ਸਭ ਕੁਝ ਠੀਕ ਨਹੀਂ ਚੱਲ ਰਿਹਾ। ਗੁਪਤਾ ਨੇ ਕਿਹਾ ਕਿ ਸਕੱਤਰ ਜਨਰਲ ਅਤੇ ਖਜ਼ਾਨਚੀ ਨੂੰ ਵਾਰ-ਵਾਰ ਕਹਿਣ 'ਤੇ ਵੀ ਸਭਾ ਦਾ ਹਿਸਾਬ-ਕਿਤਾਬ ਪੇਸ਼ ਨਹੀਂ ਕੀਤਾ ਜਾ ਰਿਹਾ, ਜਿਸ ਕਰਕੇ ਮੈਂ ਬਾਡੀ ਅਤੇ ਮੈਨੇਜਮੈਂਟ ਸਮੇਤ ਸਮੂਹ ਅਹੁਦੇਦਾਰਾਂ ਦੀ ਟੀਮ ਨੂੰ ਭੰਗ ਕਰ ਰਿਹਾ ਹਾਂ।
ਸਨਾਤਨ ਧਰਮ ਸਭਾ ਦੇ ਪ੍ਰਧਾਨ ਸੁਭਾਸ਼ ਗੁਪਤਾ ਦੇ ਇਸ ਅਚਾਨਕ ਅਤੇ ਸਨਸਨੀਖੇਜ਼ ਫੈਸਲੇ ਨੇ ਸਾਰੇ ਮੈਂਬਰਾਂ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਸਭਾ ਦੇ ਇਤਿਹਾਸ 'ਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਸੁਭਾਸ਼ ਗੁਪਤਾ ਨਾਲ ਗੱਲ ਕਰਨ 'ਤੇ ਉਨ੍ਹਾਂ ਖਜ਼ਾਨਚੀ ਰਾਜਿੰਦਰ ਗੁਪਤਾ ਅਤੇ ਸਕੱਤਰ ਜਨਰਲ ਪਵਨ ਸ਼ਰਮਾ 'ਤੇ ਫੈਸਲੇ ਲੈਣ 'ਚ ਪਾਰਦਰਸ਼ੀ ਨਾ ਹੋਣ ਦੇ ਦੋਸ਼ ਲਾਏ। ਬਹੁਤ ਸਾਰੇ ਮੈਂਬਰਾਂ ਨੇ ਸ੍ਰੀ ਸੁਭਾਸ਼ ਗੁਪਤਾ ਵੱਲੋਂ ਸਨਾਤਨ ਧਰਮ ਸਭਾ ਦੇ ਹਿੱਤ 'ਚ ਪਾਰਦਰਸ਼ਤਾ ਲਈ ਲਏ ਗਏ ਫੈਸਲੇ ਦਾ ਸਵਾਗਤ ਕੀਤਾ ਹੈ।