ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਬਾਦਲਾਂ ਵੱਲੋਂ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਸੀਬੀਆਈ ਦੀ ਕਲੋਜ਼ਰ ਰਿਪੋਰਟ ਦੇ ਵਿਰੋਧ ਨੂੰ ਸਿਆਸੀ ਡਰਾਮਾ ਕਰਾਰ ਦਿੱਤਾ ਹੈ। ਚੀਮਾ ਨੇ ਕਿਹਾ ਕਿ ਅਕਾਲੀ ਦਲ ਦੀ ਕੋਰ ਕਮੇਟੀ 'ਚ ਕਲੋਜ਼ਰ ਰਿਪੋਰਟ ਬਾਰੇ ਬਾਦਲਾਂ ਨੇ ਜੋ ਬਿਆਨਬਾਜ਼ੀ ਕੀਤੀ ਹੈ ਉਹ ਬਾਦਲਾਂ ਦੀ ਦੋਗਲੀ ਨੀਤੀ ਦਾ ਸ਼ਿਖਰ ਹੈ ਅਤੇ ਪੰਜਾਬ ਦੇ ਲੋਕ ਬਾਦਲਾਂ ਦੀ ਇਸ ਸਿਆਸੀ ਬਿਆਨਬਾਜ਼ੀ ਤੋਂ ਭਲੀਭਾਂਤ ਜਾਣੂੰ ਹਨ।
ਚੀਮਾ ਨੇ ਕਿਹਾ ਕਿ ਇਹ ਹਾਸੋਹੀਣੀ ਗੱਲ ਹੈ ਕਿ ਇਕ ਪਾਸੇ ਕੇਂਦਰ ਦੀ ਸੱਤਾ 'ਚ ਭਾਗੀਦਾਰ ਬਾਦਲ ਪਰਿਵਾਰ ਵੱਲੋਂ ਭਾਜਪਾ ਨਾਲ ਮਿਲ ਕੇ ਸੀਬੀਆਈ 'ਤੇ ਕਲੋਜ਼ਰ ਰਿਪੋਰਟ ਦਾਖਲ ਕਰਨ ਦਾ ਦਬਾਅ ਬਣਾਇਆ ਗਿਆ ਹੈ ਅਤੇ ਦੂਜੇ ਪਾਸੇ ਖ਼ੁਦ ਬਾਦਲ ਕਲੋਜ਼ਰ ਰਿਪੋਰਟ ਦੋ ਵਿਰੋਧ ਕਰਕੇ ਦਿਖਾਵਾ ਕਰ ਰਹੇ ਹਨ। ਚੀਮਾ ਨੇ ਕਿਹਾ ਕਿ ਬਾਦਲ ਇੰਜ ਦਿਖਾਵਾ ਕਰ ਰਹੇ ਹਨ, ਜਿਵੇਂ ਕੇਂਦਰ 'ਚ ਕਿਸੇ ਵਿਰੋਧੀ ਧਿਰ ਦੀ ਸਰਕਾਰ ਹੋਵੇ।
ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੀ ਬਾਦਲਾਂ ਨਾਲ ਰਲ਼ੀ ਹੋਈ ਹੈ ਅਤੇ ਬੇਅਦਬੀ ਮਾਮਲਿਆਂ 'ਚ ਸ਼ਾਮਲ ਦੋਸ਼ੀਆਂ ਨੂੰ ਬਚਾਉਣ 'ਤੇ ਤੁਲੀ ਹੈ। ਸੋਚੀ ਸਮਝੀ ਸਾਜ਼ਿਸ਼ ਤਹਿਤ ਸਬੂਤ ਨਸ਼ਟ ਕੀਤੇ ਜਾ ਰਹੇ ਹਨ। ਨਾਭਾ ਜੇਲ੍ਹ 'ਚ ਮਹਿੰਦਰਪਾਲ ਬਿੱਟੂ ਦੀ ਹੱਤਿਆ ਇਸੇ ਕੜੀ ਦਾ ਹਿੱਸਾ ਹੈ। ਚੀਮਾ ਨੇ ਕਿਹਾ ਕਿ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਮੁਲਜ਼ਮਾਂ ਨੂੰ ਸਜ਼ਾ ਦਿਵਾ ਕੇ ਕੈਪਟਨ ਅਮਰਿੰਦਰ ਸਿੰਘ ਆਪਣਾ ਚੋਣ ਵਾਅਦਾ ਪੂਰਾ ਕਰਨ।