ਸਤਵਿੰਦਰ ਧੜਾਕ, ਐੱਸਏਐੱਸ ਨਗਰ : ਸਿੱਖਿਆ ਵਿਭਾਗ ਮੁਹਾਲੀ ਨੇ ਫੇਜ਼-7 ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਰਜਨੀ ਬਾਲਾ ਨੂੰ ਦੋਸ਼-ਸੂਚੀ ਜਾਰੀ ਕਰ ਦਿੱਤੀ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਸੁਸ਼ੀਲ ਨਾਥ ਦੇ ਹਸਤਾਖ਼ਰਾਂ ਵਾਲੇ ਪੱਤਰ ’ਚ ਅਧਿਆਪਕਾ ਖ਼ਿਲਾਫ਼ ਗੰਭੀਰ ਦੋਸ਼ ਤੈਅ ਹੋਏ ਹਨ। ਦੋਸ਼ਾਂ ਦਾ ਜਵਾਬ ਦੇਣ ਲਈ 21 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਇਸ ਕਾਰਵਾਈ ਦਾ ਉਤਾਰਾ ਡੀਪੀਆਈ ਪ੍ਰਾਇਮਰੀ ਤੋਂ ਇਲਾਵਾ ਬਲਾਕ ਪ੍ਰਾਇਮਰੀ ਅਫ਼ਸਰ ਖਰੜ-3 ਨੂੰ ਵੀ ਭੇਜਿਆ ਗਿਆ ਹੈ। ਵੇਰਵਿਆਂ ਅਨਸਾਰ ਇਹ ਅਸਾਮੀ ਅਨਸੂਚਿਤ ਜਾਤੀ ਨਾਲ ਸਬੰਧਤ ਉਮੀਦਵਾਰਾਂ ਲਈ ਰਾਖਵੀਂ ਸੀ ਪਰ ਸਬੰਧਤ ਅਧਿਆਪਕਾ ਇਸ ਕੈਟਾਗਰੀ ਨਾਲ ਸਬੰਧਤ ਨਹੀਂ ਹੈ। ਇਸ ਮਾਮਲੇ ’ਚ ਪਿਛਲੇ ਦਿਨੀਂ ਕਾਂਗਰਸੀ ਲੀਡਰ ਵਿਜੇ ਕੁਮਾਰ ਟਿੰਕੂ ’ਤੇ ਵੀ ਮੋਰਿੰਡਾ ਪੁਲਿਸ ਨੇ ਕੇਸ ਦਰਜ ਕੀਤਾ ਹੈ।
ਵਿਭਾਗ ਵੱਲੋਂ ਅਧਿਆਪਕਾ ’ਤੇ ਲਗਾਏ ਦੋਸ਼ ਕਿੰਨੇ ਸਹੀ ਸਾਬਿਤ ਹੁੰਦੇ ਹਨ ਇਹ ਪੜਤਾਲ ਦਾ ਵਿਸ਼ਾ ਹੈ ਪਰ ਦੋਸ਼-ਪੱਤਰ ਨੇ ਵੱਡੇ ਘਾਲ਼ੇ-ਮਾਲ਼ੇ ਵੱਲ ਜ਼ਰੂਰ ਸੰਕੇਤ ਕੀਤਾ ਹੈ। ਡੀਈਓ ਮੁਹਾਲੀ ਵਲੋੰ 16 ਜੂਨ ਨੂੰ ਜਾਰੀ ਕੀਤੇ ਪੱਤਰ ’ਚ ਅਧਿਆਪਕਾ ਰਜਨੀ ਬਾਲਾ ਨੂੰ ਪੰਜਾਬ ਸਿਵਲ ਸੇਵਾਵਾਂ(ਸਜ਼ਾ ਤੇ ਅਪੀਲ ) ਨਿਯਮਾਂਵਲੀ ਦੇ ਨਿਯਮ 8 ਦੀ ੳਕਤ ਨਿਯਮਾਂ ਦੇ ਨਿਯਮ 5 ਦੇ ਹੋਰ ਉੱਪ-ਨਿਯਮਾਂ ਤਹਿਤ ਸਜ਼ਾ ਦੀ ਤਜਵੀਜ਼ ਹੈ। ਪੰਜ-ਨੁਕਾਤੀ ਦੋਸ਼-ਪੱਤਰ ਨਾਲ ਦੋਸ਼ਾਂ ਦਾ ਵਿਵਰਣ ਵੀ ਦਿੱਤਾ ਗਿਆ ਹੈ। ਕਿਹਾ ਗਿਆ ਹੈ ਕਿ ਜੇਕਰ ਅਧਿਆਪਕਾ ਆਪਣੇ ਪੱਖ ’ਚ ਲਿਖਤੀ ਜਵਾਬ ਦੇ ਸਕਦੀ ਹੈ ਐਪਰ ਉਸ ਨੂੰ ਉਹੀ ਰਿਕਾਰਡ ਦਿਖਾਇਆ ਜਾਵੇਗਾ ਜਿਸ ਦਾ ਸਬੰਧ ਉਸ ਦੇ ਦੋਸ਼ਾਂ ਨਾਲ ਹੈ, ਜੇਕਰ ਮੁਖੀ ਦੇ ਧਿਆਨ ’ਚ ਇਹ ਆਉਂਦਾ ਹੈ ਕਿ ਰਿਕਾਰਡ ਦਿਖਾਉਣਾ ਲੋਕ ਹਿੱਤ ’ਚ ਨਹੀਂ ਹੈ ਤਾਂ ਉਹ ਰਿਕਾਰਡ ਦਿਖਾਉਣ ਤੋਂ ਮਨ੍ਹਾ ਵੀ ਕਰ ਸਕਦਾ ਹੈ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਉਹ ਮਿੱਥੇ ਸਮੇਂ ’ਚ ਲਿਖਤੀ ਜਵਾਬ ਨਹੀਂ ਦਿੰਦੀ ਤਾਂ ਇਹ ਸਮਝ ਲਿਆ ਜਾਵੇਗਾ ਕਿ ਉਹ ਆਪਣੀ ਸਫ਼ਾਈ ’ਚ ਕੁਝ ਨਹੀਂ ਕਹਿਣਾ ਚਹੁੰਦੀ।
ਇਹ ਹੈ ਮਾਮਲਾ
ਦੱਸਣਾ ਬਣਦਾ ਕਿ ਮੋਰਿੰਡਾ ਦੇ ਇਕ ਪ੍ਰਾਇਮਰੀ ਸਕੂਲ ’ਚ ਅਧਿਆਪਕ ਨੇ ਤਿਆਗ ਪੱਤਰ ਦੇਣ ਤੋੰ ਬਾਅਦ ਇਥੇ ਆਸਾਮੀ ਖ਼ਾਲੀ ਹੋ ਗਈ ਸੀ। ਨਿਯਮਾਂ ਅਨੁਸਾਰ ਇਸ ਅਸਾਮੀ ’ਤੇ ਅਨੁਸੂਚਿਤ ਜਾਤੀ ਨਾਲ ਸਬੰਧਤ ਉਮੀਦਵਾਰ ਦੀ ਭਾਰਤੀ ਹੋ ਸਕਦੀ ਸੀ ਪਰ ਨਗਰ ਕੌੰਸਲ ਮੋਰਿੰਡਾ ਦੇ ਤਤਕਾਲੀ ਅਧਿਕਾਰੀਆਂ ਨੇ ਉਪਰਕਤ ਅਧਿਆਪਕਾ ਨੂੰ ਨਿਯੁਕਤ ਕਰ ਲਿਆ। ਇਸ ਮਾਮਲੇ ’ਚ ਐੱਸਸੀ ਕਮਿਸ਼ਨ ਪੰਜਾਬ ਨੂੰ ਗੁਰਧਿਆਨ ਸਿੰਘ ਨਾਂਅ ਦੇ ਵਿਅਕਤੀ ਨੇ ਸ਼ਿਕਾਇਤ ਦਿੱਤੀ ਸੀ ਤੇ ਐੱਸਸੀ ਕਮਿਸ਼ਨ ਨੇ ਕਾਰਵਾਈ ਕਰਨ ਲਈ ਲਿਖਿਆ ਸੀ। ਇਹ ਮਾਮਲਾ ਕਾਂਗਰਸ ਸਰਕਾਰ ’ਚ ਲਟਕਦਾ ਰਿਹਾ ਤੇ ਹੁਣ ਜਦੋੰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਕਾਰਵਾਈ ਹੋਣੀ ਸ਼ੁਰੂ ਕਰ ਦਿੱਤੀ ਗਈ ਹੈ।
ਸਾਡੇ ਧਿਆਨ ’ਚ ਆਇਆ ਹੈ ਕਿ ਅਧਿਆਪਕਾ ਦੀ ਨਿਯੁਕਤੀ ਨਿਯਮਾਂ ਅਨੁਸਾਰ ਨਹੀਂ ਹੋਈ। ਇਸ ਅਸਾਮੀ ’ਤੇ ਅਨੁਸੂਚਿਤ ਜਾਤੀਆਂ ਦੇ ਉਮੀਦਵਾਰ ਨੂੰ ਰੱਖਿਆ ਜਾਣਾ ਸੀ ਪਰ ਅਧਿਆਪਕਾ ਰਜਨੀ ਬਾਲਾ ਇਸ ਕੈਟਾਗਰੀ ’ਚ ਨਹੀਂ ਆਉਂਦੀ। ਇਸ ਲਈ ਅਸੀਂ ਹੁਣ ਤਤਕਾਲੀ ਸਮੇਂ ’ਚ ਜਾਰੀ ਕੀਤਾ ਇਸ਼ਤਿਹਾਰ ਤੋਂ ਇਲਾਵਾ ਦਸਤਾਵੇਜ਼ਾਂ ਦੀ ਜਾਂਚ-ਪੜਤਾਲ ਕਰਾਂਗੇ।