ਕੈਲਾਸ਼ ਨਾਥ, ਚੰਡੀਗਡ਼੍ਹ : Punjab Election 2022: ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਹੁਣ ਕਿਸੇ ਦਾਇਰੇ ਵਿਚ ਬੰਨ੍ਹ ਕੇ ਨਹੀਂ ਰਹਿਣਾ ਚਾਹੁੰਦੀ। ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਭਾਜਪਾ ਨੇ ਹੁਣ ਹਿੰਦੂਆਂ ਦੇ ਦਾਇਰੇ ’ਚੋਂ ਬਾਹਰ ਨਿਕਲ ਕੇ ਸਿੱਖਾਂ ਵਿਚ ਵੀ ਪੈਠ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਦਲਿਤਾਂ ਤੋਂ ਬਾਅਦ ਭਾਜਪਾ ਹੁਣ ਲਗਾਤਾਰ ਸਿੱਖਾਂ ਨੂੰ ਪਾਰਟੀ ਨਾਲ ਜੋਡ਼ਨ ਵਿਚ ਲੱਗੀ ਹੋਈ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ਵਿਚ ਆਉਣ ਤੋਂ ਬਾਅਦ ਪੰਜਾਬ ਵਿਚ ਸਭ ਤੋਂ ਵੱਡੇ ਪੰਥਕ ਚਿਹਰੇ ਰਹੇ ਗੁਰਚਰਨ ਸਿੰਘ ਟੌਹਡ਼ਾ ਦੇ ਦੋਹਤੇ ਕੰਵਰਵੀਰ ਸਿੰਘ ਟੌਹਡ਼ਾ ਸਮੇਤ ਕਈ ਆਗੂ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਦਮਦਮੀ ਟਕਸਾਲ ਦੇ ਸਾਬਕਾ ਬੁਲਾਰੇ ਰਹੇ ਪ੍ਰੋ. ਸਰਚਾਂਦ ਸਿੰਘ ਵੀ ਭਾਜਪਾ ਦੇ ਪਾਲੇ ਵਿਚ ਆ ਗਏ ਹਨ। ਗਰਮ ਖਿਆਲੀ ਸੰਸਥਾ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਸੀਨੀਅਰ ਉਪ ਪ੍ਰਧਾਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਸਾਬਕਾ ਪੀਏ ਇਕਬਾਲ ਸਿੰਘ ਤੁੰਗ ਵੀ ਭਾਜਪਾ ਦੇ ਹੋ ਚੁੱਕੇ ਹਨ। 2021 ’ਚ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਪੋਤੇ ਇੰਦਰਜੀਤ ਸਿੰਘ ਵੀ ਭਾਜਪਾ ’ਚ ਸ਼ਾਮਲ ਹੋ ਚੁੱਕੇ ਹਨ।
ਭਾਜਪਾ ਇਸ ਲਈ ਵੀ ਪੰਜਾਬ ਵਿਚ ਸਿੱਖਾਂ ’ਚ ਆਪਣਾ ਦਾਇਰਾ ਵਧਾ ਰਹੀ ਹੈ ਕਿਉਂਕਿ ਹੁਣ ਉਨ੍ਹਾਂ ਦੇ ਨਾਲ ਸ਼ੋ੍ਰਮਣੀ ਅਕਾਲੀ ਦਲ ਨਹੀਂ ਹੈ। 2020 ਤਕ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਜੋਡ਼ ਸੀ। ਇਸ ਗਠਜੋਡ਼ ਤਹਿਤ ਭਾਜਪਾ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿਚੋਂ ਕੇਵਲ 23 ਸੀਟਾਂ ’ਤੇ ਹੀ ਚੋਣ ਲਡ਼ਦੀ ਸੀ। ਭਾਜਪਾ ਕੋਲ ਸਿੱਖ ਚਿਹਰੇ ਤਾਂ ਪਹਿਲਾਂ ਤੋਂ ਹੀ ਸਨ ਪਰ ਉਹ ਕਦੇ ਇਨ੍ਹਾਂ ਨੂੰ ਉਭਾਰਦੀ ਨਹੀਂ ਸੀ। ਇਸ ਦੇ ਪਿੱਛੇ ਮੁੱਖ ਕਾਰਨ ਇਹ ਵੀ ਸੀ ਕਿ ਭਾਜਪਾ ਦੇ ਸਿੱਖ ਚਿਹਰਿਆਂ ਨੂੰ ਤਵੱਜੋ ਦੇਣਾ ਸ਼ੋ੍ਰਮਣੀ ਅਕਾਲੀ ਦਲ ਨੂੰ ਪਸੰਦ ਨਹੀਂ ਆਉਂਦਾ ਸੀ। ਵੈਸੇ ਵੀ ਗਠਜੋਡ਼ ਦੌਰਾਨ ਪੰਜਾਬ ਵਿਚ ਭਾਜਪਾ ਦਾ ਅਕਸ ਛੋਟੇ ਭਰਾ ਵਾਲਾ ਹੀ ਸੀ। ਗਠਜੋਡ਼ ਟੁੱਟਣ ਅਤੇ ਕਿਸਾਨ ਅੰਦੋਲਨ ਦੌਰਾਨ ਭਾਜਪਾ ਨੂੰ ਇਹ ਕਮਜ਼ੋਰੀ ਮਹਿਸੂਸ ਹੋਈ। ਕਿਸਾਨ ਅੰਦੋਲਨ ਦੇ ਖ਼ਤਮ ਹੋਣ ਤੋਂ ਬਾਅਦ ਭਾਜਪਾ ਨੇ ਵੱਡੀ ਗਿਣਤੀ ਵਿਚ ਸਿੱਖ ਚਿਹਰਿਆਂ ਨੂੰ ਪਾਰਟੀ ’ਚ ਸ਼ਾਮਲ ਕਰਵਾ ਕੇ ਇਸ ਕਮਜ਼ੋਰੀ ਨੂੰ ਦੂਰ ਕਰਨ ਦਾ ਯਤਨ ਸ਼ੁਰੂ ਕੀਤਾ ਹੈ। ਇਸ ਪਡ਼ਾਅ ਤਹਿਤ ਭਾਜਪਾ ਗਰਮ ਖਿਆਲੀ ਜਥੇਬੰਦੀਆਂ ਨਾਲ ਸਬੰਧਤ ਲੋਕਾਂ ਨੂੰ ਵੀ ਆਪਣੇ ਨਾਲ ਲਿਆਉਣ ਤੋਂ ਗੁਰੇਜ਼ ਨਹੀਂ ਕਰ ਰਹੀ। ਹਾਲਾਂਕਿ, ਭਾਜਪਾ ਨਾਲ ਜੁਡ਼ਨ ਵਾਲੇ ਜ਼ਿਆਦਾਤਰ ਸਿੱਖ ਚਿਹਰੇ ਸ਼ਹਿਰੀ ਖੇਤਰ ਤੋਂ ਹਨ। ਭਾਜਪਾ ਦੀ ਨਜ਼ਰ ਹੁਣ ਦਿਹਾਤੀ ਖੇਤਰ ’ਤੇ ਵੀ ਹੈ।
ਸਾਬਕਾ ਟਕਸਾਲੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਪਾਰਟੀ ਨਾਲ ਭਾਜਪਾ ਨਾਲ ਗਠਜੋਡ਼ ਕਰ ਲਿਆ ਹੈ। ਸਾਬਕਾ ਜਥੇਦਾਰ ਮਰਹੂਮ ਜਗਦੇਵ ਸਿੰਘ ਤਲਵੰਡੀ ਦੇ ਪੁੱਤਰ ਰਣਜੀਤ ਸਿੰਘ ਤਲਵੰਡੀ ਵੀ ਭਾਜਪਾ ਨਾਲ ਆ ਗਏ ਹਨ। ਹੁਣ ਚਰਚਾ ਹੈ ਕਿ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦਾ ਪਰਿਵਾਰ ਵੀ ਭਾਜਪਾ ਨਾਲ ਜੁਡ਼ਨ ਦੀ ਤਿਆਰੀ ਵਿਚ ਹੈ।
ਪੀਐੱਮ ਫ਼ੈਸਲੇ ਲੈਂਦੇ ਨੇ, ਗਲਤੀ ਹੋਵੇ ਤਾਂ ਮਾਫ਼ੀ ਮੰਗਣ ਦੀ ਵੀ ਹਿੰਮਤ : ਕੰਵਰਵੀਰ
ਭਾਜਪਾ ਜੁਆਇਨ ਕਰਨ ਵਾਲੇ ਗੁਰਚਰਨ ਸਿੰਘ ਟੌਹਡ਼ਾ ਦੇ ਦੋਹਤੇ ਕੰਵਰਵੀਰ ਟੌਹਡ਼ਾ ਦਾ ਕਹਿਣਾ ਹੈ ਕਿ ਉਨ੍ਹਾਂ ਭਾਜਪਾ ਇਸ ਲਈ ਜੁਆਇਨ ਕੀਤੀ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਚ ਫੈਸਲਾ ਲੈਣ ਦੀ ਸਮਰੱਥਾ ਹੈ। ਉਹ ਨਾ ਸਿਰਫ ਫੈਸਲਾ ਲੈਂਦੇ ਹਨ ਬਲਕਿ ਜੇ ਕੋਈ ਗਲਤੀ ਹੁੰਦੀ ਹੈ ਤਾਂ ਉਹ ਉਸ ਦੇ ਲਈ ਮਾਫੀ ਵੀ ਮੰਗ ਲੈਂਦੇ ਹਨ। ਖੇਤੀ ਕਾਨੂੰਨ ਨੂੰ ਲੈ ਕੇ ਉਨ੍ਹਾਂ ਜਿਸ ਤਰ੍ਹਾਂ ਜਨਤਕ ਰੂਪ ਵਿਚ ਮਾਫੀ ਮੰਗੀ, ਉਹ ਕੋਈ ਆਮ ਵਿਅਕਤੀ ਨਹੀਂ ਕਰ ਸਕਦਾ। ਟੌਹਡ਼ਾ ਸਾਹਿਬ (ਗੁਰਚਰਨ ਸਿੰਘ ਟੌਹਡ਼ਾ) ਕਹਿੰਦੇ ਸਨ, ਤੁਸੀਂ ਜਿਸ ਧਰਮ ਦੇ ਵੀ ਹੋਵੋ, ਉਸ ’ਚ ਪਰਪੱਕ ਹੋਣਾ ਚਾਹੀਦਾ ਹੈ। ਸਿੱਖੀ ਸਭ ਨੂੰ ਨਾਲ ਲੈ ਕੇ ਚੱਲਣਾ ਸਿਖਾਉਂਦੀ ਹੈ। ਭਾਜਪਾ ਵੀ ਸਭ ਨੂੰ ਇਕ ਸਾਥ ਲੈ ਕੇ ਚੱਲਣ ਦੀ ਗੱਲ ਕਰਦੀ ਹੈ।