-ਦੇਸ਼ ਭਰ ਵਿਚ ਮਿਲੇਟਸ ਨੂੰ ਆਪਣੀ ਰੋਜ਼ਾਨਾ ਖੁਰਾਕ ਦਾ ਹਿੱਸਾ ਬਣਾਉਣਾ ਚਾਹੀਦਾ ਹੈ - ਰਾਜਪਾਲ
-ਚੰਡੀਗੜ੍ਹ ਵਿਚ ਹਰ ਹਫ਼ਤੇ ਲੱਗੇਗਾ ਮਿਲੇਟਸ ਦਾ ਮੇਲਾ : ਉਮੇਂਦਰ ਦੱਤ
ਅੰਕੁਰ ਤਾਂਗੜੀ, ਚੰਡੀਗੜ੍ਹ : ਦੇਸ਼ ਭਰ ਵਿਚ ਮਿਲੇਟਸ ਨੂੰ ਆਪਣੀ ਰੋਜ਼ਾਨਾ ਖੁਰਾਕ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਅਤੇ ਰਾਜ ਭਵਨ ਵਿਚ ਹੋਣ ਵਾਲੇ ਪੋ੍ਗਰਾਮਾਂ ਵਿਚ ਵੀ ਮਿਲੇਟਸ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਅੰਤਰਰਾਸ਼ਟਰੀ ਮਿਲੇਟਸ ਸਾਲ ਦੀ ਸ਼ੁਰੂਆਤ ਮੌਕੇ ਪੰਜਾਬ ਰਾਜ ਭਵਨ ਵਿਖੇ ਕੀਤਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੀਆਂ ਆਂਗਣਵਾੜੀ, ਮਿਡ-ਡੇ-ਮੀਲ ਅਤੇ ਸਿਟਕੋ ਹੋਟਲਾਂ ਵਿਚ ਮਿਲੇਟਸ ਨੂੰ ਸ਼ਾਮਲ ਕਰਨ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਮੁਕਤ ਕੰਠ ਵੱਲੋਂ ਖੇਤੀ ਵਿਰਾਸਤ ਮਿਸ਼ਨ ਦੀ ਮਿਲੇਟਸ ਸਬੰਧੀ ਜਾਗਰੂਕਤਾ ਮੁਹਿੰਮ ਦੀ ਸ਼ਲਾਘਾ ਕੀਤੀ ਅਤੇ ਆਪਣੇ ਸੰਬੋਧਨ ਵਿਚ ਚੰਡੀਗੜ੍ਹ ਪ੍ਰਸ਼ਾਸਨ ਦੇ ਹਾਜ਼ਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਵਿਭਾਗਾਂ ਵਿਚ ਬਾਜਰੇ ਨੂੰ ਨਿਯਮਤ ਰੂਪ ਵਿੱਚ ਸ਼ਾਮਲ ਕਰਨ। ਇਸ ਮੌਕੇ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ, ਸੰਸਦ ਮੈਂਬਰ ਕਿਰਨ ਖੇਰ, ਮੇਅਰ ਸਰਬਜੀਤ ਕੌਰ, ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ, ਬੀਜੇਪੀ ਦੇ ਸੀਨੀਅਰ ਨੇਤਾ ਸੰਜੇ ਟੰਡਨ, ਬੀਜੇਪੀ ਦੇ ਸੀਨੀਅਰ ਨੇਤਾ ਵਿਨੀਤ ਜੋਸ਼ੀ ਅਤੇ ਹੋਰ ਪਤਵੰਤਿਆਂ ਦੀ ਹਾਜ਼ਰੀ ਵਿੱਚ ਅੰਤਰਰਾਸ਼ਟਰੀ ਮਿਲਟ ਸਾਲ ਦਾ ਉਦਘਾਟਨ ਕੀਤਾ ਗਿਆ।
ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਉਮੇਂਦਰ ਦੱਤ ਨੇ ਕਿਹਾ ਕਿ ਮਿਲੇਟਸ ਚਮਤਕਾਰੀ ਭੋਜਨ ਹੈ ਅਤੇ ਸਾਡੇ ਵਿੱਚੋਂ ਜ਼ਿਆਦਾਤਰ ਲੋਕ ਚਿੱਟੇ ਚਾਵਲ ਕਣਕ ਦੇ ਪੋ੍ਸੈਸਡ ਭੋਜਨ ਕਾਰਨ ਬਿਮਾਰ ਹੁੰਦੇ ਹਨ ਅਤੇ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਆਪ ਨੂੰ ਬਦਲੀਏ ਅਤੇ ਬਾਜਰੇ ਵੱਲ ਵਧੀਏ ਤਾਂ ਜੋ ਅਸੀਂ ਤੰਦਰੁਸਤ ਰਹਿ ਸਕੀਏ ਅਤੇ ਇਸ ਚਮਤਕਾਰੀ ਅਨਾਜ ਦੇ ਮੁੜ ਸੁਰਜੀਤ ਹੋਣ ਨਾਲ ਪੰਜਾਬ, ਹਰਿਆਣਾ ਦੀ ਮਿੱਟੀ, ਸਿਹਤ ਅਤੇ ਪਾਣੀ ਦੇ ਸੰਕਟ 'ਤੇ ਵੀ ਸਕਾਰਾਤਮਕ ਪ੍ਰਭਾਵ ਪਵੇਗਾ। ਉਮੇਂਦਰ ਦੱਤ ਨੇ ਚੰਡੀਗੜ੍ਹ ਨੂੰ ਮਿਲੇਟਸ ਦੇ ਅੰਤਰਰਾਸ਼ਟਰੀ ਸਾਲ 2023 ਚ ਭਾਰਤ ਵਿੱਚ ਮੋਹਰੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ ਅਤੇ ਭਰੋਸਾ ਦਿਵਾਇਆ ਕਿ ਖੇਤੀ ਵਿਰਾਸਤ ਮਿਸ਼ਨ 2008 ਤੋਂ ਬਾਜਰੇ ਦੇ ਪ੍ਰਚਾਰ ਲਈ ਯਤਨਸ਼ੀਲ ਹੈ ਅਤੇ ਚੰਡੀਗੜ੍ਹ ਪ੍ਰਸ਼ਾਸਨ ਨਾਲ ਇਸ ਮਿਸ਼ਨ ਵਿੱਚ ਭਾਈਵਾਲ ਦੀ ਭੂਮਿਕਾ ਨਿਭਾਉਣ ਲਈ ਰਾਜ਼ੀ ਹੈ।
ਇਸ ਮੌਕੇ ਮਿਲੇਟਸ ਸ਼ੈੱਫ ਰਾਮ ਬਾਬੂ ਨੇ ਦੱਸਿਆ ਕਿ ਸਾਡੀ ਰਸੋਈ ਸਾਡੀ ਸਿਹਤ ਦਾ ਖਜ਼ਾਨਾ ਹੈ ਅਤੇ ਖਾਣਾ ਪਕਾਉਣਾ ਮੈਡੀਟੇਸ਼ਨ ਵਰਗਾ ਹੈ। ਬਾਬੂ ਨੇ ਕਿਹਾ ਅੱਜ ਦੇ ਯੁੱਗ ਵਿੱਚ ਪੋ੍ਸੈਸਡ ਫੂਡ ਦਾ ਯੁੱਗ ਹੈ, ਜੇਕਰ ਅਸੀਂ ਆਪਣੀ ਸਿਹਤ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਪੈਕੇਜ, ਪੋ੍ਸੈਸਡ ਫੂਡ, ਕਣਕ, ਚੌਲਾਂ ਤੋਂ ਦੂਰ ਰਹਿਣਾ ਪਵੇਗਾ ਅਤੇ ਕੋਦਰਾ, ਕੰਗਨੀ, ਕੁਟਕੀ, ਬਾਜਰਾ, ਰਾਗੀ , ਹਰੀ ਕੰਗਣੀ ,ਜਵਾਰ ਨੂੰ ਅਪਣਾਉਣਾ ਪਵੇਗਾ। ਸਾਨੂੰ ਮਿਲੇਟਸ ਨੂੰ ਮੁੱਖ ਭੋਜਨ ਵਜੋਂ ਅਪਣਾਉਣਾ ਚਾਹੀਦਾ ਹੈ ਤਾਂ ਜੋ ਸਾਨੂੰ ਭਰਪੂਰ ਮਾਤਰਾ ਵਿੱਚ ਫਾਈਬਰ ਖਣਿਜ ਪਦਾਰਥ ਮਿਲ ਸਕਣ।