ਜੇਐਨਐਨ, ਮੋਹਾਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਮੋਹਾਲੀ ਵਿਚ ਖ਼ੁਸ਼ਹਾਲ ਪੰਜਾਬ ਬਣਾਉਣ ਲਈ ਦਸ ਸੂਤਰੀ ਮਾਡਲ ਪੇਸ਼ ਕੀਤਾ। ਕੇਜਰੀਵਾਲ ਨੇ ਕਿਹਾ ਕਿ ਇਨ੍ਹਾਂ ਨੁਕਤਿਆਂ ਦੇ ਆਧਾਰ ’ਤੇ ਰੰਗਲਾ ਤੇ ਸੁਨਹਿਰਾ ਪੰਜਾਬ ਬਣਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮੁੱਖ ਮੰਤਰੀ ਦਾ ਚਿਹਰਾ ਇਕ ਹਫ਼ਤੇ ਵਿਚ ਐਲਾਨ ਦਿੱਤਾ ਜਾਵੇਗਾ। ਪੰਜਾਬ ਵਿਚ 25 ਸਾਲ ਕਾਂਗਰਸ ਤੇ 19 ਸਾਲ ਬਾਦਲ ਪਰਿਵਾਰ ਨੇ ਰਾਜ ਕੀਤਾ। ਦੋਵਾਂ ਪਾਰਟੀਆਂ ਵਿਚ ਗਠਜੋਡ਼ ਸਰਕਾਰ ਚੱਲ ਰਹੀ ਸੀ। ਕਾਂਗਰਸ ਅਕਾਲੀਆਂ ਦੇ ਕਾਲੇ ਕਾਰਨਾਮਿਆਂ ’ਤੇ ਪਰਦਾ ਪਾਉਣ ਦਾ ਕੰਮ ਕਰਦੀ ਸੀ ਅਤੇ ਅਕਾਲੀ ਕਾਂਗਰਸ ਦੇ। ਲੋਕ ਇਸ ਵਾਰ ਬਦਲਾਅ ਚਾਹੁੰਦੇ ਹਨ। 2017 ਵਿਚ ਪਾਰਟੀ ਤੋਂ ਕੁਝ ਗਲਤੀਆਂ ਹੋਈਆਂ ਸਨ, ਪਰ ਇਨ੍ਹਾਂ ਨੂੰ ਦੁਹਰਾਇਆ ਨਹੀਂ ਜਾਵੇਗਾ।
ਸੀਟ ਛੱਡ ਦਿਆਂਗੇ ਪਰ ਵਿਕਣ ਨਹੀਂ ਦਿਆਂਗੇ
ਕੇਜਰੀਵਾਲ ਨੇ ਪਾਰਟੀ ਵਿਚ ਟਿਕਟਾਂ ਦੀ ਖ਼ਰੀਦ-ਫਰੋਖ਼ਤ ਦੇ ਦੋਸ਼ਾਂ ਨੂੰ ਨਿਰਾਧਾਰ ਦੱਸਿਆ। ਉਨ੍ਹਾਂ ਕਿਹਾ ਕਿ ਜੇਕਰ ਕੋਈ ਇਹ ਸਾਬਿਤ ਕਰ ਦੇਵੇ ਤਾਂ ਉਹ ਉਸ ਵਿਅਕਤੀ ਨੂੰ ਪਾਰਟੀ ਤੋਂ ਕੱਢ ਦੇਣਗੇ। ਪੰਜਾਬੀਆਂ ਦੇ ਵੋਟ ਵਿਕਦੇ ਨਹੀਂ। ਅਸੀਂ ਸੀਟ ਛੱਡ ਦੇਵਾਂਗੇ, ਪਰ ਵਿਕਣ ਨਹੀਂ ਦੇਵਾਂਗੇ।
ਰਾਜੇਵਾਲ ਨੇ ਮੰਗੀਆਂ ਸੀ 60 ਸੀਟਾਂ
ਕੇਜਰੀਵਾਲ ਨੇ ਮੰਨਿਆ ਕਿ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਉਨ੍ਹਾਂ ਨੂੰ ਮਿਲੇ ਸੀ, ਉਨ੍ਹਾਂ ਵੱਲੋਂ ਲਾਏ ਗਏ ਦੋਸ਼ ਸਹੀ ਨਹੀਂ ਹਨ। ਰਾਜੇਵਾਲ ਨੇ 60 ਟਿਕਟਾਂ ਦੀ ਮੰਗ ਕੀਤੀ ਸੀ ਪਰ ਉਦੋਂ ਤਕ ‘ਆਪ’ 90 ਟਿਕਟਾਂ ਵੰਡ ਚੁੱਕੀ ਸੀ। ਅਸੀਂ ਰਾਜੇਵਾਲ ਨੂੰ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਪਾਰਟੀ ਨੇ ਟਿਕਟ ਦਿੱਤੀ ਹੈ, ਉਹ ਵੀ ਕਿਸਾਨਾਂ ਦੇ ਬੇਟੇ ਹਨ। ਉਨ੍ਹਾਂ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਦੇ ਚੋਣਾਂ ਲਡ਼ਣ ਨਾਲ ਪਾਰਟੀ ਦੀਆਂ ਵੋਟਾਂ ’ਤੇ ਥੋਡ਼ਾ ਫਰਕ ਪਵੇਗਾ।
ਪੰਜਾਬ ਮਹੱਤਵਪੂਰਨ ਹੈ, ਕੇਜਰੀਵਾਲ ਨਹੀਂ
‘ਆਪ’ ਦੇ ਰਾਸ਼ਟਰੀ ਕਨਵੀਨਰ ਨੇ ਕਿਹਾ ਕਿ ਪੰਜਾਬ ਮਹੱਤਵਪੂਰਨ ਹੈ, ਕੇਜਰੀਵਾਲ ਨਹੀਂ। ਮਜੀਠੀਆ ਤੋਂ ਮਾਫ਼ੀ ਦੇ ਮਾਮਲੇ ਨੂੰ ਜਾਣਬੁੱਝ ਕੇ ਚੁੱਕਿਆ ਜਾ ਰਿਹਾ ਹੈ। ਪੀਐੱਮ ਸੁਰੱਖਿਆ ’ਤੇ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਨੂੰਨ-ਵਿਵਸਥਾ ਦਾ ਬੁਰਾ ਹਾਲ ਹੈ।
ਕੀ ਹੈ ਮਾਡਲ ’ਚ
-ਰੁਜ਼ਗਾਰ : ਪੰਜਾਬ ਛੱਡ ਕੇ ਕੈਨੇਡਾ ਗਏ ਨੌਜਵਾਨਾਂ ਲਈ ਅਜਿਹਾ ਮਾਹੌਲ ਸਿਰਜਾਂਗੇ ਕਿ ਉਹ ਪੰਜ ਸਾਲ ਵਿਚ ਪੰਜਾਬ ਪਰਤ ਆਉਣਗੇ।
-ਨਸ਼ਾ : ਪੰਜਾਬ ਦੇ ਪਿੰਡਾਂ ਵਿਚ ਨਸ਼ਾ ਵਿਕ ਰਿਹਾ ਹੈ। ਨਸ਼ਾ ਗਿਰੋਹਾਂ ਨਾਲ ਸਿਆਸੀ ਪਾਰਟੀਆਂ ਦੀ ਗੰਢਤੁਪ ਹੈ। ‘ਆਪ’ ਨਸ਼ਾ ਖ਼ਤਮ ਕਰੇਗੀ।
-ਕਾਨੂੰਨ-ਵਿਵਸਥਾ : ਪੰਜਾਬ ਪੁਲਿਸ ਨੂੰ ਛੋਟ ਦੇ ਦਿਓ ਸ਼ਾਂਤੀ ਵਿਵਸਥਾ ਆਪਣੇ-ਆਪ ਕਾਇਮ ਹੋ ਜਾਵੇਗੀ। ਬੇਅਦਬੀ ਮਾਮਲਿਆਂ ਵਿਚ ਜਲਦੀ ਨਿਆਂ ਕਰਾਂਗੇ। ਸ਼ਾਂਤੀ ਤੇ ਭਾਈਚਾਰਾ ਕਾਇਮ ਕੀਤਾ ਜਾਵੇਗਾ।
-ਭ੍ਰਿਸ਼ਟਾਚਾਰ : ਪੰਜਾਬ ਵਿਚ ਬਿਨਾਂ ਪੈਸੇ ਦੇ ਕੰਮ ਨਹੀਂ ਹੁੰਦਾ। ਸੂਬਾ ਸਾਢੇ ਤਿੰਨ ਲੱਖ ਕਰੋਡ਼ ਦੇ ਕਰਜ਼ ਵਿਚ ਡੁੱਬਿਆ ਹੈ। ਅਸੀਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਾਂਗੇ।
-ਸਿੱਖਿਆ : ਹਰ ਬੱਚੇ ਨੂੰ ਸਰਕਾਰੀ ਸਕੂਲ ਵਿਚ ਚੰਗੀ ਸਿੱਖਿਆ ਦਿੱਤੀ ਜਾਵੇਗੀ। ਹਰ ਵਰਗ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਜਾਣਗੇ।
-ਸਿਹਤ : ਗ਼ਰੀਬਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਇਲਾਜ ਮਿਲੇਗਾ। ਹਰ ਪਿੰਡ ’ਚ ਹਸਪਤਾਲ ਖੋਲ੍ਹਿਆ ਜਾਵੇਗਾ। 16 ਹਜ਼ਾਰ ਮੁਹੱਲਾ ਕਲੀਨਿਕ ਸ਼ੁਰੂ ਹੋਣਗੇ।
-ਬਿਜਲੀ : ਪੰਜਾਬ ਵਿਚ ਬਿਜਲੀ ਸਸਤੀ ਤੇ ਮੁਫ਼ਤ ਕਰਾਂਗੇ। 24 ਘੰਟੇ ਸਪਲਾਈ ਦੇਵਾਂਗੇ।
-ਔਰਤਾਂ : ਔਰਤਾਂ ਦੇ ਬੈਂਕ ਖਾਤੇ ਵਿਚ ਹਰ ਮਹੀਨੇ ਇਕ ਹਜ਼ਾਰ ਰੁਪਏ ਪਾਏ ਜਾਣਗੇ। ਉਨ੍ਹਾਂ ਨੂੰ ਮਜ਼ਬੂਤ ਬਣਾਇਆ ਜਾਵੇਗਾ।
-ਖੇਤੀ : ਕਿਸਾਨਾਂ ਨਾਲ ਸਬੰਧਤ ਜਿਹਡ਼ੇ ਵੀ ਮਸਲੇ ਸੂਬਾ ਸਰਕਾਰ ਦੇ ਅਧੀਨ ਹੋਣਗੇ, ਉਨ੍ਹਾਂ ਦਾ ਹੱਲ ਕਰਾਂਗੇ।
-ਵਪਾਰ ਤੇ ਇੰਡਸਟਰੀ : ਇੰਸਪੈਕਟਰੀ ਰਾਜ ਖ਼ਤਮ ਕਰਾਂਗੇ। ਇੰਡਸਟਰੀ ਲਈ ਪੰਜਾਬ ’ਚ ਬਿਹਤਰ ਮਾਹੌਲ ਦੇਵਾਂਗੇ।