ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਵਿਧਾਨ ਸਭਾ ਹਲਕਾ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਨੂੰ ਪਿੰਡਾਂ-ਪਿੰਡਾਂ ਦੇ ਨਾਲ ਮੋਹਾਲੀ ਸ਼ਹਿਰ 'ਚੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸ ਕਾਰਨ ਉਨਾਂ੍ਹ ਨੇ ਮੋਹਾਲੀ 'ਚ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ ਅਤੇ ਉਦਯੋਗਪਤੀਆਂ ਵੱਲੋਂ ਉਨਾਂ੍ਹ ਨੂੰ ਸਮਰਥਨ ਦਿੰਦਿਆਂ ਚੋਣ ਜਿਤਾਉਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਉਦਯੋਗਪਤੀਆਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣਗੀਆਂ ਅਤੇ ਮੋਹਾਲੀ 'ਚ ਉਦਯੋਗਿਕ ਕ੍ਰਾਂਤੀ ਲਿਆਉਣ ਲਈ ਪੁਰਜ਼ੋਰ ਯਤਨ ਕੀਤੇ ਜਾਣਗੇ ਤਾਂ ਜੋ ਇੱਥੋਂ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਸਾਧਨ ਜੁਟਾਏ ਜਾ ਸਕਣ। ਉਨਾਂ੍ਹ ਨੇ ਮੋਹਾਲੀ ਦੇ ਸਮੂਹ ਉਦਯੋਗਪਤੀਆਂ ਅਤੇ ਉਦਯੋਗਾਂ 'ਚ ਕੰਮ ਕਰਦੇ ਕਾਮਿਆਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ 20 ਫਰਵਰੀ ਨੂੰ ਚੋਣ ਨਿਸ਼ਾਨ 'ਝਾੜੂ' ਨੂੰ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ 'ਚ ਸਹਿਯੋਗ ਕਰਨ। ਇਸ ਮੌਕੇ ਡਿਪਲਾਸਟ ਫੈਕਟਰੀ ਦੇ ਮਾਲਿਕ ਅਸ਼ੋਕ ਗੁਪਤਾ, ਮਹਿੰਦਰਾ ਐਂਡ ਮਹਿੰਦਰਾ ਟਰੈਕਟਰ ਫ਼ੈਕਟਰੀ ਤੋਂ ਅਸ਼ਵਨੀ ਵੱਤਸ, ਬਿਲਕੋ ਇੰਜੀਨੀਅਰਿੰਗ ਕੰਪਨੀ ਦੇ ਮਾਲਿਕ ਹਰਿੰਦਰਪਾਲ ਸਿੰਘ ਬਿੱਲਾ, ਗਿਫਵੈਲ ਇੰਡਸਟਰੀਜ਼ ਦੇ ਮਾਲਿਕ ਅਤੇ ਮੋਹਾਲੀ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਕੇਐੱਸ ਮਾਹਲ, ਜਲ ਕੰਪਨੀ ਤੋਂ ਬੀਐੱਸ ਆਨੰਦ, ਵਧਾਵਾ ਸਿੰਘ ਸੋਖੀ, ਮਿਸਟਰ ਸੇਠ, ਇਕਬਾਲ ਸਿੰਘ, ਨਵਨੀਤ ਸਕਸੇਨਾ, ਵਿਜੇ ਗੋਇਲ, ਸੰਦੀਪ ਆਦਿ ਵੀ ਹਾਜ਼ਰ ਸਨ।