ਜੈ ਸਿੰਘ ਛਿੱਬਰ, ਚੰਡੀਗਡ਼੍ਹ : ਪਦਮ ਸ੍ਰੀ ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਸੀਚੇਵਾਲ ਅਤੇ ਬਿਕਰਮਜੀਤ ਸਿੰਘ ਸਾਹਨੀ ਨੂੰ ਆਮ ਆਦਮੀ ਪਾਰਟੀ ਨੇ ਰਾਜ ਸਭਾ ਲਈ ਉਮੀਦਵਾਰ ਐਲਾਨਿਆ ਹੈ। ਸੀਚੇਵਾਲ ਅਤੇ ਸਾਹਨੀ ਦਾ ਰਾਜ ਸਭਾ ਮੈਂਬਰ ਚੁਣੇ ਜਾਣਾ ਤੈਅ ਹੈ ਕਿਉਂਕਿ ਆਪ ਦੇ ਵਿਧਾਨ ਸਭਾ ਵਿਚ 92 ਵਿਧਾਇਕ ਹਨ। ਰਾਜ ਸਭਾ ਲਈ ਉਮੀਦਵਾਰ 31 ਮਈ ਤਕ ਆਪਣੇ ਨਾਮਜ਼ਦਗੀ ਪੱਤਰ ਭਰ ਸਕਦੇ ਹਨ ਤੇ ਤਿੰਨ ਜੂਨ ਤਕ ਉਮੀਦਵਾਰ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਹਨ ਅਤੇ ਵੋਟਾਂ 10 ਜੂਨ ਨੂੰ ਪੈਣਗੀਆਂ। ਇਹ ਪਹਿਲੀ ਵਾਰ ਹੋਵੇਗਾ ਕਿ ਪੰਜਾਬ ਤੋਂ ਰਾਜ ਸਭਾ ਲਈ ਸੱਤ ਦੀਆਂ ਸੱਤ ਸੀਟਾਂ ’ਤੇ ਇੱਕੋ ਪਾਰਟੀ ਦੇ ਮੈਂਬਰ ਹੋਣਗੇ। ਅਕਾਲੀ ਦਲ ਦੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦਡ਼ ਅਤੇ ਕਾਂਗਰਸ ਦੀ ਅੰਬਿਕਾ ਸੋਨੀ ਦੀ ਰਾਜ ਸਭਾ ਦੇ ਮੈਂਬਰ ਵਜੋ ਮਿਆਦ 4 ਜੁਲਾਈ ਨੂੰ ਖ਼ਤਮ ਹੋ ਰਹੀ ਹੈ।
ਸੰਤ ਸੀਚੇਵਾਲ ਨੇ ਸੁਲਤਾਨਪੁਰ ਲੋਧੀ ’ਚ 160 ਕਿਲੋਮੀਟਰ ਲੰਬੀ ਕਾਲੀ ਵੇਈਂ ਦੀ ਸਫ਼ਾਈ ਕੀਤੀ, ਜਿਸ ਨਾਲ ਦੁਨੀਆ ਭਰ ’ਚ ਦੇ ਕਾਰਜਾਂ ਦੀ ਸਲਾਘਾ ਹੋਈ। ਨਦੀਆਂ ਦੇ ਪ੍ਰਦੂਸ਼ਿਤ ਪਾਣੀਆਂ ਨੂੰ ਰੋਕਣ ਅਤੇ ਨਦੀਆਂ ਦੀ ਸਫ਼ਾਈ ਕਰਨ ਕਰਕੇ ਭਾਰਤ ਸਰਕਾਰ ਨੇ ਸਾਲ 2017 ਵਿਚ ਸੰਤ ਬਲਵੀਰ ਸਿੰਘ ਸੀਚੇਵਾਲ ਨੂੰ ਪਦਮ ਸ੍ਰੀ ਐਵਾਰਡ ਨਾਲ ਸਨਮਾਨਤ ਕੀਤਾ ਸੀ। ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਵਿਚਾਰਧਾਰਾ ਨੂੰ ਅੱਗੇ ਵਧਾ ਰਹੇ ਹਨ।
ਦੂਜੇ ਪਾਸੇ ਬਿਕਰਮਜੀਤ ਸਿੰਘ ਸਾਹਨੀ ਨੇ ਸਿੱਖਿਆ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਇਆ ਹੈ। ਉਹ ਪਿਛਲੇ ਲੰਬੇ ਸਮੇਂ ਤੋ ਸਮਾਜ ਭਲਾਈ ਦੇ ਕਾਰਜਾਂ ਵਿਚ ਲੱਗੇ ਹੋਏ ਹਨ। ਉਨ੍ਹਾਂ ਵਿਸ਼ਵ ਪੰਜਾਬੀ ਮੰਚ ਦਾ ਗਠਨ ਕਰਕੇ ਦੁਨੀਆ ਭਰ ’ਚ ਪੰਜਾਬੀ ਸਭਿਆਚਾਰ ਤੇ ਪੰਜਾਬੀ ਭਾਸ਼ਾ ਲਈ ਪ੍ਰਚਾਰ ਕੀਤਾ ਹੈ। ਉਹ ਕਰੀਬ 22 ਸਾਲ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਦੇ ਪ੍ਰਧਾਨ ਰਹੇ ਹਨ। ਉਨ੍ਹਾਂ ਨੇ 500 ਤੋਂ ਜ਼ਿਆਦਾ ਅਫ਼ਗਾਨ ਹਿੰਦੂਆਂ ਅਤੇ ਸਿੱਖਾਂ ਦੇ ਪੁਨਰਵਾਸ ਦੀ ਜ਼ਿੰਮੇਵਾਰੀ ਲਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਸੰਤ ਸੀਚਵਾਲ ਤੇ ਬਿਕਰਮ ਸਿੰਘ ਸਾਹਨੀ ਦੇ ਨਾਵਾਂ ਦਾ ਐਲਾਨ ਕੀਤਾ। ਇਸ ਐਲਾਨ ’ਤੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ , ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਡਾ. ਸੰਦੀਪ ਪਾਠਕ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਕਤ ਦੋਵੇਂ ਸ਼ਖ਼ਸੀਅਤਾਂ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਰਾਜ ਸਭਾ ’ਚ ਉਠਾਉਣਗੀਆਂ।