ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਮੁਬਾਰਕਪੁਰ 'ਚ ਤੇਜ਼ ਰਫਤਾਰ ਮੋਟਰਸਾਈਕਲ ਦੀ ਟਰੱਕ ਨਾਲ ਟੱਕਰ ਹੋਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਮੋਟਰਸਾਈਕਲ ਸਵਾਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਮਿ੍ਤਕ ਦੇ ਭਰਾ ਸ਼ੰਟੂ ਰਾਮ ਵਾਸੀ ਪਤਾਰਾ ਜ਼ਿਲ੍ਹਾ ਪਟਿਆਲਾ ਨੇ ਦੱਸਿਆ ਕਿ ਉਹ ਮੂਲ ਰੂਪ 'ਚ ਬਿਹਾਰ ਦਾ ਰਹਿਣ ਵਾਲਾ ਹੈ। ਉਸ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ 'ਚ ਦੱਸਿਆ ਕਿ ਉਸ ਦਾ 32 ਸਾਲਾ ਭਰਾ ਟੁਨਟੁਨ ਰਾਮ 6 ਮਹੀਨੇ ਪਹਿਲਾਂ ਕੰਮ ਦੀ ਭਾਲ 'ਚ ਪੰਜਾਬ ਆਇਆ ਸੀ। ਉਸ ਦੇ ਭਰਾ ਨੂੰ ਮੁਬਾਰਕਪੁਰ 'ਚ ਨੌਕਰੀ ਮਿਲ ਗਈ ਜਿਸ ਕਾਰਨ ਉਹ ਉੱਥੇ ਰਹਿਣ ਲੱਗ ਪਿਆ। 3 ਦਸੰਬਰ ਨੂੰ ਉਹ ਆਪਣੇ ਛੋਟੇ ਭਰਾ ਨੂੰ ਮਿਲਣ ਮੁਬਾਰਕਪੁਰ ਆਇਆ ਹੋਇਆ ਸੀ ਤਾਂ ਰਾਤ ਕਰੀਬ 9 ਵਜੇ ਉਹ ਆਪਣੇ ਭਰਾ ਨਾਲ ਬਾਜ਼ਾਰ 'ਚ ਸਾਮਾਨ ਖਰੀਦਣ ਤੋਂ ਬਾਅਦ ਕਮਰੇ ਵੱਲ ਪੈਦਲ ਜਾ ਰਿਹਾ ਸੀ ਤਾਂ ਇਕ ਮੋਟਰਸਾਈਕਲ ਤੇਜ਼ ਰਫਤਾਰ ਨਾਲ ਆਇਆ, ਜਿਸ ਨੇ ਉਸ ਦੇ ਭਰਾ ਨੂੰ ਪਿੱਛੇ ਤੋਂ ਟਰੱਕ ਨਾਲ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦਾ ਭਰਾ ਸੜਕ 'ਤੇ ਬੁਰੀ ਤਰ੍ਹਾਂ ਡਿੱਗ ਗਿਆ। ਰਾਹਗੀਰਾਂ ਦੀ ਮੱਦਦ ਨਾਲ ਉਸ ਨੇ ਆਪਣੇ ਭਰਾ ਨੂੰ ਸਿਵਲ ਹਸਪਤਾਲ ਡੇਰਾਬੱਸੀ ਪਹੁੰਚਾਇਆ ਜਿੱਥੇ ਇਲਾਜ ਦੌਰਾਨ ਉਸ ਦੇ ਭਰਾ ਦੀ ਮੌਤ ਹੋ ਗਈ। ਪੁਲਿਸ ਨੇ ਮੋਟਰਸਾਈਕਲ ਚਾਲਕ ਸੁਰਿੰਦਰ ਵਾਸੀ ਕ੍ਰਿਸ਼ਨਾ ਇਨਕਲੇਵ ਢਕੌਲੀ ਖ਼ਿਲਾਫ਼ ਆਈਪੀਸੀ ਦੀ ਧਾਰਾ 279, 304ਏ ਅਤੇ 427 ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।