ਗੁਰਤੇਜ ਸਿੰਘ ਸਿੱਧੂ, ਬਠਿੰਡਾ : ਗੁਰੂਆਂ-ਪੀਰਾਂ ਦੀਆਂ ਸਮਾਧਾਂ ਥਾਂ-ਥਾਂ ਦੇਖਣ ਨੂੰ ਮਿਲਦੀਆਂ ਹਨ ਤੇ ਹਰ ਧਰਮ ਦੇ ਲੋਕ ਉਥੇ ਸ਼ਰਧਾ ਨਾਲ ਮੱਥਾ ਟੇਕਦੇ ਹਨ ਪਰ ਬਠਿੰਡਾ ’ਚ ਇਕ ਅਜਿਹਾ ਮਕਬਰਾ ਹੈ, ਜਿਥੇ ਪ੍ਰੇਮੀ ਵਿਸ਼ੇਸ਼ ਤੌਰ ’ਤੇ ਮੱਥਾ ਟੇਕਦੇ ਹਨ। ਮੰਨਿਆ ਜਾਂਦਾ ਹੈ ਕਿ ਜਿਹੜਾ ਵੀ ਇਥੇ ਸਿਰ ਝੁਕਾਉਂਦਾ ਹੈ, ਉਸ ਨੂੰ ਉਸਦਾ ਪਿਆਰ ਮਿਲਦਾ ਹੈ। ਕਈ ਅਜਿਹੇ ਲੋਕ ਵੀ ਇਸ ਮਕਬਰੇ ’ਤੇ ਮੱਥਾ ਟੇਕਣ ਲਈ ਆਉਂਦੇ ਹਨ ਜਿਨ੍ਹਾਂ ਦਾ ਵਿਆਹ ਨਹੀਂ ਹੁੰਦਾ। ਬਠਿੰਡਾ ਦੀ ਠੰਢੀ ਸੜਕ ’ਤੇ ਸਥਿਤ ਲਾਈਨ ਪਾਰ ਇਲਾਕੇ ਵਿਚ ਇਕ ਮਜ਼ਾਰ ਹੈ। ਇਹ ਦਿੱਲੀ ’ਤੇ ਰਾਜ ਕਰਨ ਵਾਲੀ ਰਜ਼ੀਆ ਸੁਲਤਾਨ ਦੇ ਪੇ੍ਰਮੀ ਜਲਾਲੂਦੀਨ ਯਾਕੂਤ ਦੀ ਕਬਰ ਹੈ।
ਵੈਸਟ ਵੈਲਫੇਅਰ ਸੁਸਾਇਟੀ ਦੇ ਮੁਖੀ ਦੇਸ਼ਰਾਜ ਛੱਤਰੀਵਾਲਾ ਅਨੁਸਾਰ ਇਹ ਮਜ਼ਾਰ ਰੇਲ ਲਾਈਨ ਦੇ ਵਿਚਕਾਰ ਬਣੀ ਹੋਈ ਹੈ। ਲੋਕ ਇਸ ਨੂੰ ਯਾਕੂਤ ਪੀਰ ਦੀ ਮਜ਼ਾਰ ਕਹਿੰਦੇ ਹਨ। ਇਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਪੂਜਾ ਕਰਦੇ ਹਨ। ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਦਾ ਵਿਆਹ ਨਹੀਂ ਹੋ ਰਿਹਾ ਜਾਂ ਕਿਸੇ ਨੂੰ ਉਸ ਦਾ ਪਿਆਰ ਨਹੀਂ ਮਿਲ ਰਿਹਾ ਤਾਂ ਜੇਕਰ ਉਹ ਇਥੇ ਪੂਰੀ ਸ਼ਰਧਾ ਨਾਲ ਮੱਥਾ ਟੇਕਣ ਤਾਂ ਉਸ ਦੀ ਮਨੋਕਾਮਨਾ ਪੂਰੀ ਹੋ ਜਾਂਦੀ ਹੈ। ਇਸ ਮਜ਼ਾਰ ’ਤੇ ਲੋਕ ਆਮ ਹੀ ਮੱਥਾ ਟੇਕਦੇ ਵੇਖੇ ਜਾ ਸਕਦੇ ਹਨ। ਹੁਣ ਇਹ ਮਜ਼ਾਰ ਲਾਈਨਾਂ ਦੇ ਵਿਚਕਾਰ ਵੀ ਹੈ ਪਰ ਇਸਨੂੰ ਇਕ ਪਾਸੇ ਵੀ ਬਣਾ ਦਿੱਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਕੋਈ ਪੇ੍ਰਸ਼ਾਨੀ ਨਾ ਆਵੇ।
ਮਜ਼ਾਰ ਹਿੰਦੂ-ਮੁਸਲਿਮ ਏਕਤਾ ਦਾ ਬਣਿਆ ਪ੍ਰਤੀਕ
ਰਜ਼ੀਆ ਸੁਲਤਾਨ ਦੇ ਪੇ੍ਰਮੀ ਜਲਾਲੂਦੀਨ ਯਾਕੂਤ ਦੀ ਕਬਰ ਹਿੰਦੂ ਮੁਸਲਿਮ ਏਕਤਾ ਦੀ ਪ੍ਰਤੀਕ ਬਣੀ ਹੋਈ ਹੈ। ਇਥੇ ਸਾਰੇ ਧਰਮਾਂ ਦੇ ਲੋਕ ਮੱਥਾ ਟੇਕਣ ਲਈ ਆਉਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਜਿਸ ਵਿਅਕਤੀ ਦਾ ਵਿਆਹ ਨਹੀਂ ਹੋਇਆ ਹੈ ਜਾਂ ਜੋ ਵਿਅਕਤੀ ਆਪਣਾ ਪਿਆਰ ਪ੍ਰਾਪਤ ਕਰਨਾ ਚਾਹੁੰਦਾ ਹੈ, ਉਹ ਇਸ ਸਮਾਧ ’ਤੇ ਆਪਣਾ ਸਿਰ ਝੁਕਾਉਂਦਾ ਹੈ ਅਤੇ ਉਸ ਦੀ ਇੱਛਾ ਪੂਰੀ ਹੁੰਦੀ ਹੈ। ਯਾਕੂਤ ਦੀ ਇਹ ਮਜ਼ਾਰ ਹਿੰਦੂ-ਮੁਸਲਿਮ ਏਕਤਾ ਦੇ ਨਜ਼ਰੀਏ ਤੋਂ ਮੀਲ ਪੱਥਰ ਸਾਬਤ ਹੋ ਰਹੀ ਹੈ। ਦੋਵਾਂ ਭਾਈਚਾਰਿਆਂ ਦੇ ਲੋਕ ਇਸ ਮਕਬਰੇ ’ਤੇ ਦੀਵੇ ਜਗਾ ਕੇ ਚਾਦਰ ਚੜ੍ਹਾਉਂਦੇ ਰਹੇ ਹਨ। ਰਜ਼ੀਆ ਸੁਲਤਾਨ ਵਿਚ ਇਕ ਚੰਗੇ ਸ਼ਾਸਕ ਹੋਣ ਦੇ ਸਾਰੇ ਗੁਣ ਸਨ। ਉਹ ਮਰਦਾਂ ਵਾਂਗ ਪਹਿਰਾਵਾ ਪਾਉਂਦੀ ਸੀ ਤੇ ਖੁੱਲ੍ਹੇ ਦਰਬਾਰ ਵਿਚ ਬੈਠਦੀ ਸੀ। ਯਾਕੂਤ ਰਜ਼ੀਆ ਸੁਲਤਾਨ ਨੂੰ ਘੋੜ ਸਵਾਰੀ ਸਿਖਾਉਦਾ ਸੀ। ਭਾਵੇਂ ਬਹੁਤੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਸਿਰਫ਼ ਅੰਧ ਵਿਸ਼ਵਾਸ ਹੈ। ਇੱਥੇ ਸਿਰਫ਼ ਰਜ਼ੀਆ ਸੁਲਤਾਨ ਦੇ ਪੇ੍ਰਮੀ ਯਾਕੂਤ ਦੀ ਮੌਤ ਹੋਈ ਸੀ। ਇਸ ਤੋਂ ਵੱਧ ਕੁੱਝ ਨਹੀਂ ਹੈ ਪਰ ਬਹੁਤ ਸਾਰੇ ਲੋਕ ਆਪਣੀ ਮਨੋਕਾਮਣਾ ਪਰੀ ਕਰਨ ਲਈ ਇੱਥੇ ਆਉਦੇ ਹਨ।
ਇਥੇ ਰਜ਼ੀਆ ਦੇ ਪੇ੍ਰਮੀ ਦੀ ਹੋਈ ਸੀ ਹੱਤਿਆ
ਇਤਿਹਾਸਕਾਰ ਹਰਵਿੰਦਰ ਸਿੰਘ ਖਾਲਸਾ ਅਨੁਸਾਰ ਯਾਕੂਤ, ਰਜ਼ੀਆ ਸੁਲਤਾਨ ਦਾ ਪੇ੍ਰਮੀ ਸੀ। ਰਜ਼ੀਆ ਦੀ ਫ਼ੌਜ ਬਠਿੰਡੇ ’ਤੇ ਹਮਲਾ ਕਰਨ ਲਈ ਫੌਜ ਲਸ਼ਕਰ ਟਿੱਬੀ ਪਹੁੰਚ ਗਈ। ਇਸ ਤੋਂ ਬਾਅਦ ਰਾਜਾ ਅਲਤੁਨੀਆ ਨਾਲ ਲੜਾਈ ਸ਼ੁਰੂ ਹੋ ਗਈ ਤੇ ਯਾਕੂਤ ਠੰਡੀ ਸੜਕ ਦੇ ਕੋਲ ਮਾਰਿਆ ਗਿਆ। ਰਜ਼ੀਆ ਨੂੰ ਬੰਦੀ ਬਣਾ ਲਿਆ ਗਿਆ, ਜਿਸ ਥਾਂ ’ਤੇ ਯਾਕੂਤ ਨੂੰ ਮਾਰਿਆ ਗਿਆ ਸੀ, ਬਾਅਦ ਵਿਚ ਉਥੇ ਇਕ ਕਬਰ ਬਣਾਈ ਸੀ। ਹੁਣ ਲੋਕ ਇਥੇ ਮੱਥਾ ਟੇਕਣ ਆਉਂਦੇ ਹਨ।