ਗੁਰਤੇਜ ਸਿੰਘ ਸਿੱਧੂ, ਬਠਿੰਡਾ : ਮਾਲਵਾ ਖੇਤਰ ਵਿਚ ਅਗੇਤੀ ਬੀਜੀ ਨਰਮੇ ਦੀ ਫਸਲ ਅਤੇ ਮੂੰਗੀ ’ਤੇ ਸੁੰਡੀ ਦਾ ਹਮਲਾ ਹੋ ਗਿਆ ਹੈ, ਉਥੇ ਹੀ ਪੰਜਾਬ ਨਾਲ ਲੱਗਦੇ ਹਰਿਆਣਾ ਦੇ ਪਿੰਡਾਂ ਵਿਚ ਵੀ ਗੁਲਾਬੀ ਸੁੰਡੀ ਦਾ ਹਮਲਾ ਸਾਹਮਣੇ ਆਇਆ ਹੈ। ਸੁੰਡੀ ਦੇ ਹਮਲੇ ਨੂੰ ਕੰਟਰੋਲ ਕਰਨ ਲਈ ਕਿਸਾਨ ਨਰਮੇ ਦੀ ਫ਼ਸਲ ’ਤੇ ਹੁਣ ਤੋਂ ਹੀ ਕੀਟਨਾਸ਼ਕ ਦਵਾਈਆਂ ਦਾ ਛਿਡ਼ਕਾਅ ਕਰਨ ਲੱਗੇ ਹਨ। ਹਾਲਾਂਕਿ ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਕਿ ਨਰਮੇ ’ਤੇ ਗੁਲਾਬੀ ਸੁੰਡੀ ਦਾ ਹਮਲਾ ਹੈ ਜਾਂ ਫਿਰ ਕੋਈ ਹੋਰ ਸੁੰਡੀ ਹਮਲਾ ਕਰ ਰਹੀ ਹੈ। ਨਰਮੇ ਦੀ ਫ਼ਸਲ ’ਤੇ ਸੁੰਡੀ ਦਾ ਹਮਲਾ ਕੁਝ ਖੇਤਾਂ ਵਿਚ ਹੀ ਨਜ਼ਰ ਆਇਆ ਹੈ। ਸੁੰਡੀ ਦਾ ਜ਼ਿਆਦਾਤਰ ਹਮਲਾ ਮੂੰਗੀ ਨੇਡ਼ੇ ਬੀਜੀ ਨਰਮੇ ਦੀ ਫਸਲ ਉੱਪਰ ਦੇਖਣ ਲਈ ਮਿਲ ਰਿਹਾ ਹੈ। ਸੁੰਡੀ ਲਗਾਤਾਰ ਨਰਮੇ ਦੇ ਛੋਟੇ ਬੂਟਿਆਂ ਦੇ ਪੱਤਿਆਂ ਨੂੰ ਚੱਟ ਰਹੀ ਹੈ।
ਪਿੰਡ ਰਾਮਾਂ ਦੇ ਕਿਸਾਨ ਬਸੰਤ ਸਿੰਘ ਨੇ ਦੱਸਿਆ ਕਿ ਉਸ ਨੇ ਕਰੀਬ ਡੇਢ ਏਕਡ਼ ਵਿਚ ਨਰਮੇ ਦੀ ਬਿਜਾਈ ਕੀਤੀ ਹੈ ਜਦੋਂ ਕਿ ਇਸ ਦੇ ਨਾਲ ਹੀ ਉਸ ਨੇ ਕੁਝ ਖੇਤਰ ਵਿਚ ਮੂੰਗੀ ਦੀ ਬਿਜਾਈ ਕੀਤੀ ਹੋਈ ਹੈ। ਕਿਸਾਨ ਨੇ ਦੱਸਿਆ ਕਿ ਪਹਿਲਾਂ ਮੂੰਗੀ ਦੀ ਫ਼ਸਲ ’ਤੇ ਸੁੰਡੀ ਨੇ ਹਮਲਾ ਕੀਤਾ ਸੀ ਜਿਸ ਤੋਂ ਬਾਅਦ ਹੁਣ ਨਰਮੇ ਦੀ ਫ਼ਸਲ ਉੱਪਰ ਵੀ ਸੁੰਡੀ ਨੇ ਹਮਲਾ ਕਰ ਦਿੱਤਾ ਹੈ। ਉਸ ਨੇ ਦੱਸਿਆ ਕਿ ਪਹਿਲਾਂ ਸੁੰਡੀ ਨੂੰ ਕਾਬੂ ਕਰਨ ਲਈ ਮੂੰਗੀ ਦੀ ਫਸਲ ’ਤੇ ਕੀਟਨਾਸ਼ਕ ਦਵਾਈਆਂ ਦਾ ਛਿਡ਼ਕਾਅ ਕੀਤਾ ਗਿਆ ਅਤੇ ਹੁਣ ਉਨ੍ਹਾਂ ਨਰਮੇ ਦੀ ਫ਼ਸਲ ਉੱਪਰ ਵੀ ਕੋਰਾਜੀਨ ਕੀਟਨਾਸ਼ਕ ਨਾਮੀ ਦਵਾਈ ਦਾ ਛਿਡ਼ਕਾਅ ਕੀਤਾ ਹੈ।
ਇਸੇ ਤਰ੍ਹਾਂ ਕਿਸਾਨ ਆਗੂ ਸਰੂਪ ਸਿੰਘ ਸਿੱਧੂ ਨੇ ਦੱਸਿਆ ਕਿ ਮੂੰਗੀ ਦੀ ਫ਼ਸਲ ਦੇ ਖੇਤਾਂ ਨੇਡ਼ਲੇ ਖੇਤਰ ਵਿਚ ਸੁੰਡੀ ਦਾ ਹਮਲਾ ਨਰਮੇ ਦੀ ਫ਼ਸਲ ਉੱਪਰ ਵੇਖਣ ਲਈ ਮਿਲ ਰਿਹਾ। ਭਾਵੇਂ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਹਮਲਾ ਗੁਲਾਬੀ ਸੁੰਡੀ ਦਾ ਹੈ ਜਾਂ ਕੋਈ ਹੋਰ ਸੁੰਡੀ ਨੇ ਹਮਲਾ ਕੀਤਾ ਹੈ। ਇਹ ਖੇਤੀਬਾਡ਼ੀ ਵਿਭਾਗ ਦੀ ਜਾਂਚ ਤੋਂ ਬਾਅਦ ਪਤਾ ਲੱਗੇਗਾ। ਸੁੰਡੀ ਪੁੰਗਰ ਰਹੇ ਨਰਮੇ ਦੀ ਫ਼ਸਲ ਦੇ ਪੱਤਿਆਂ ਨੂੰ ਲਗਾਤਾਰ ਖਾ ਰਹੀ ਹੈ। ਕਿਸਾਨ ਸੁੰਡੀ ਨੂੰ ਕਾਬੂ ਕਰਨ ਕੀਟਨਾਸ਼ਕ ਦਵਾਈਆਂ ਦਾ ਛਿਡ਼ਕਾਅ ਕਰਨ ਲੱਗੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਮਾਲਵਾ ਖੇਤਰ ’ਚ ਨਰਮੇ ਦੀ ਪੂਰੀ ਫ਼ਸਲ ਬਰਬਾਦ ਹੋ ਗਈ ਸੀ। ਇਸ ਤੋਂ ਪਹਿਲਾਂ ਸਾਲ 2015-16 ਵਿਚ ਚਿੱਟੀ ਮੱਖੀ ਨੇ ਨਰਮੇ ਦੀ ਫਸਲ ਨੂੰ ਬਰਬਾਦ ਕਰ ਦਿੱਤਾ ਸੀ। ਗੁਲਾਬੀ ਸੁੰਡੀ ਕਾਰਨ ਤਬਾਹ ਹੋਈ ਨਰਮੇ ਦੀ ਫ਼ਸਲ ਦਾ ਪੂਰਾ ਮੁਆਵਜ਼ਾ ਵੀ ਅਜੇ ਤਕ ਕਿਸਾਨਾਂ ਨੂੰ ਨਹੀਂ ਮਿਲ ਸਕਿਆ। ਮੁੱਖ ਖੇਤੀਬਾਡ਼ੀ ਅਫ਼ਸਰ ਡਾ. ਪਾਖਰ ਸਿੰਘ ਦਾ ਕਹਿਣਾ ਸੀ ਕਿ ਉਹ ਅੱਜ ਹੀ ਰਾਮਾਂ ਮੰਡੀ ਖੇਤਰ ਦੇ ਖੇਤਾਂ ਵਿਚ ਟੀਮ ਨੂੰ ਭੇਜ ਰਹੇ ਹਨ। ਇਹ ਗੁਲਾਬੀ ਸੁੰਡੀ ਦਾ ਹਮਲਾ ਨਹੀਂ ਹੈ ਪਰ ਫਿਰ ਵੀ ਉਹ ਇਸ ਨੂੰ ਚੈੱਕ ਕਰਨਗੇ।
ਸੁੰਡੀ ਦੇ ਹਮਲੇ ਕਾਰਨ ਰਕਬਾ ਘਟਿਆ
ਗੁਲਾਬੀ ਸੁੰਡੀ ਦੇ ਹਮਲੇ ਤੋਂ ਡਰੇ ਕਿਸਾਨਾਂ ਨੇ ਇਸ ਵਾਰ ਨਰਮੇ ਦੀ ਫਸਲ ਬੀਜਣ ਤੋਂ ਹੱਥ ਪਿੱਛੇ ਖਿੱਚ ਲਏ ਹਨ। ਖੇਤੀਬਾਡ਼ੀ ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਅਨੁਸਾਰ ਹੁਣ ਤਕ ਸੂਬੇ ਅੰਦਰ 2 ਲੱਖ 51 ਹਜ਼ਾਰ ਹੈਕਟੇਅਰ ਰਕਬੇ ਵਿਚ ਨਰਮੇ ਦੀ ਬਿਜਾਈ ਕੀਤੀ ਗਈ ਹੈ ਜਦੋਂ ਕਿ ਇਸ ਸਾਲ ਵਿਭਾਗ ਦਾ ਟੀਚਾ 4 ਲੱਖ ਹੈਕਟੇਅਰ ਹੈ। ਪਿਛਲੇ ਸਾਲ ਸੂਬੇ ਵਿਚ 3.03 ਲੱਖ ਹੈਕਟੇਅਰ ਰਕਬੇ ਵਿਚ ਨਰਮੇ ਦੀ ਬਿਜਾਈ ਹੋਈ ਸੀ। ਇਸ ਵਰ੍ਹੇ ਖੇਤੀਬਾਡ਼ੀ ਵਿਭਾਗ ਆਪਣੇ ਮਿੱਥੇ ਟੀਚੇ ਤੋਂ ਕਰੀਬ ਡੇਢ ਲੱਖ ਹੈਕਟੇਅਰ ਪਿੱਛੇ ਚੱਲ ਰਿਹਾ ਹੈ। ਬਠਿੰਡਾ ਜ਼ਿਲੇ ਅੰਦਰ ਹੁਣ ਤਕ ਇਸ ਵਾਰ 53 ਹਜ਼ਾਰ ਹੈਕਟੇਅਰ ਰਕਬੇ ਵਿਚ ਨਰਮੇ ਦੀ ਬਿਜਾਈ ਹੋਈ ਹੈ। ਇਸੇ ਤਰ੍ਹਾਂ ਹੀ ਮਾਨਸਾ ਜ਼ਿਲ੍ਹੇ ਵਿਚ ਪਿਛਲੇ ਸਾਲ 51 ਹਜ਼ਾਰ ਹੈਕਟੇਅਰ ਵਿਚ ਨਰਮੇ ਦੀ ਬਿਜਾਈ ਹੋਈ ਸੀ ਜਦੋਂ ਕਿ ਇਸ ਵਾਰ ਹੁਣ ਤਕ 41 ਹਜ਼ਾਰ ਹੈਕਟੇਅਰ ਵਿਚ ਨਰਮੇ ਦੀ ਫਸਲ ਬੀਜੀ ਗਈ ਹੈ। ਫਰੀਦਕੋਟ ਜ਼ਿਲ੍ਹੇ ਵਿਚ 1400 ਦੇ ਮੁਕਾਬਲੇ 2000 ਹਜ਼ਾਰ ਹੈਕਟੇਅਰ, ਸੰਗਰੂਰ ਜ਼ਿਲ੍ਹੇ ਵਿਚ 1222 ਦੇ ਮੁਕਾਬਲੇ 11.50 ਹਜ਼ਾਰ ਹੈਕਟੇਅਰ, ਬਰਨਾਲਾ ਜ਼ਿਲ੍ਹੇ ਵਿਚ 10 ਹਜ਼ਾਰ 423 ਦੇ ਮੁਕਾਬਲੇ 9040 ਹੈਕਟੇਅਰ, ਸ੍ਰੀ ਮੁਕਸਤਰ ਜ਼ਿਲ੍ਹੇ ਵਿਚ ਪਿਛਲੇ ਵਰ੍ਹੇ ਇਸ ਵਰ੍ਹੇ ਨਰਮੇ ਦੀ ਬਿਜਾਂਦ ਵਧੀ ਹੈ। ਪਿਛਲੇ ਸਾਲ 27 ਹਜ਼ਾਰ ਦੇ ਮੁਕਾਬਲੇ ਇਸ ਵਾਰ 34 ਹਜ਼ਾਰ ਹੈਕਟੇਅਰ ਵਿਚ ਬਿਜਾਈ ਹੋਈ ਹੈ। ਫਾਜ਼ਿਲਕਾ ਜ਼ਿਲ੍ਹੇ ਵਿਚ ਵੀ ਇਸ ਵਾਰ 29 ਹਜ਼ਾਰ ਹੈਕਟੇਅਰ ਵੱਧ ਰਕਬੇ ਵਿਚ ਨਰਮੇ ਦੀ ਬਿਜਾਈ ਹੋਈ ਹੈ।
ਹਰਿਆਣਾ ਦੇ ਪਿੰਡ ਤਿਰਲੋਕੇਵਾਲਾ ’ਚ ਗੁਲਾਬੀ ਸੁੰਡੀ ਦਾ ਹਮਲਾ
ਪੰਜਾਬ ਦੀ ਹੱਦ ਦੇ ਨਾਲ ਲੱਗਦੇ ਹਰਿਆਣਾ ਦੇ ਪਿੰਡ ਤਿਰਲੋਕੇਵਾਲਾ ਵਿਚ ਗੁਲਾਬੀ ਸੁੰਡੀ ਨੇ ਨਰਮੇ ਦੀ ਫਸਲ ’ਤੇ ਹਮਲਾ ਕਰ ਦਿੱਤਾ ਹੈ। ਕਿਸਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਸਰ੍ਹੋਂ ਦੀ ਫਸਲ ਤੋਂ ਬਾਅਦ ਨਰਮੇ ਦੀ ਬਿਜਾਈ ਕੀਤੀ ਸੀ। ਕਰੀਬ ਡੇਢ ਮਹੀਨੇ ਦਾ ਨਰਮਾ ਹੈ ਪਰ ਗੁਲਾਬੀ ਸੁੰਡੀ ਦਾ ਕਾਫੀ ਹਮਲਾ ਵੇਖਣ ਨੂੰ ਮਿਲ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਫੁੱਲ ਵਿੱਚੋਂ ਹੀ ਸੁੰਡੀ ਨਿਕਲ ਰਹੀ ਹੈ। ਕਿਸਾਨ ਨੇ ਪੰਜਾਬੀ ਜਾਗਰਣ ਨੂੰ ਫੁੱਲ ਵਿੱਚੋਂ ਨਿਕਲ ਰਹੀ ਸੁੰਡੀ ਦੀ ਵੀਡੀਓ ਵੀ ਭੇਜਿਆ ਹੈ। ਕਿਸਾਨ ਨਰਮੇ ਦੇ ਫੁੱਲ ਨੂੰ ਤੋਡ਼ ਕੇ ਉਸ ਵਿੱਚੋਂ ਸੁੰਡੀ ਕੱਢਦਾ ਨਜ਼ਰ ਆ ਰਿਹਾ ਹੈ। ਪੰਜਾਬ ਦੇ ਨਾਲ-ਨਾਲ ਹਰਿਆਣਾ ਦੇ ਕਿਸਾਨ ਨੂੰ ਸੁੰਡੀ ਦੇ ਹਮਲੇ ਤੋਂ ਬਾਅਦ ਚਿੰਤਤ ਨਜ਼ਰ ਆ ਰਹੇ ਹਨ।