ਗੁਰਤੇਜ ਸਿੰਘ ਸਿੱਧੂ, ਬਠਿੰਡਾ : ਜ਼ਿਲ੍ਹਾ ਪਸ਼ੂ ਭਲਾਈ ਸੁਸਾਇਟੀ ਬਠਿੰਡਾ ਅਧੀਨ ਪਿੰਡ ਹਰਰਾਏਪੁਰ ’ਚ ਚੱਲ ਰਹੀ ਗਊਸ਼ਾਲਾ ’ਚ ਵੱਡੀ ਗਿਣਤੀ ਗਊਆਂ ਦੇ ਮਰਨ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਭਾਰਤੀ ਪਸ਼ੂ ਭਲਾਈ ਬੋਰਡ ਨੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਇਕ ਹਫ਼ਤੇ ’ਚ ਰਿਪੋਰਟ ਭੇਜਣ ਦੇ ਆਦੇਸ਼ ਦਿੱਤੇ ਹਨ। ਇਸ ਗਊਸ਼ਾਲਾ ’ਚ ਸਾਲ 2016 ਤੋਂ ਫਰਵਰੀ 2022 ਤਕ 4535 ਗਊਆਂ/ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ, ਜੋ ਕਿ ਹੋਰਨਾਂ ਗਊਸ਼ਾਲਾਵਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਆਰਟੀਆਈ ਵਰਕਰ ਸੰਜੀਵ ਸਿੰਗਲਾ ਨੇ ਇਸ ਮਾਮਲੇ ਦੀ ਸ਼ਿਕਾਇਤ 26 ਅਪ੍ਰੈਲ 2022 ਨੂੰ ਐਨੀਮਲ ਵੈੱਲਫੇਅਰ ਬੋਰਡ ਆਫ ਇੰਡੀਆ (ਭਾਰਤੀ ਪਸ਼ੂ ਭਲਾਈ ਬੋਰਡ) ਨੂੰ ਕੀਤੀ ਸੀ। ਉਨ੍ਹਾਂ ਮਰੇ ਪਸ਼ੂਆਂ ਦੀ ਗਿਣਤੀ ਤੇ ਹੋਰ ਵੇਰਵੇ ਵੀ ਬੋਰਡ ਨੂੰ ਭੇਜੇ ਸਨ। ਐਨੀਮਲ ਵੈੱਲਫੇਅਰ ਬੋਰਡ ਆਫ ਇੰਡੀਆ ਵੱਲੋਂ ਵੀ ਸੁਪਰੀਮ ਕੋਰਟ ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਲਿਖਿਆ ਹੈ ਕਿ ਜੇਕਰ ਅਧਿਕਾਰੀ ਸੱਤ ਦਿਨਾਂ ਵਿਚ ਹੁਕਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਇਹ ਉਹ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਦੇ ਬਰਾਬਰ ਹੋਵੇਗਾ। ਐਨੀਮਲ ਵੈੱਲਫੇਅਰ ਬੋਰਡ ਆਫ ਇੰਡੀਆ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਤੇ ਡਾਇਰੈਕਟਰ ਪਸ਼ੂ ਪਾਲਣ ਚੰਡੀਗਡ਼੍ਹ ਨੂੰ ਵੀ ਇਸ ਮਾਮਲੇ ਦੀ ਤੁਰੰਤ ਜਾਂਚ ਕਰਨ ਤੇ ਕਾਨੂੰਨ ਦੀਆਂ ਧਾਰਾਵਾਂ ਅਨੁਸਾਰ ਸਬੰਧਤ ਅਪਰਾਧੀਆਂ ਵਿਰੁੱਧ ਐੱਫਆਈਆਰ ਦਰਜ ਕਰਨ ਲਈ ਲਿਖਿਆ ਗਿਆ ਹੈ। ਆਰਟੀਆਈ ਵਰਕਰ ਤੇ ਜਾਗੋ ਗ੍ਰਾਹਕ ਦੇ ਆਗੂ ਸੰਜੀਵ ਸਿੰਗਲਾ ਨੇ ਕਿਹਾ ਕਿ ਹੁਣ ਦੇਖਣਾ ਇਹ ਹੈ ਕਿ ਕੀ ਡਿਪਟੀ ਕਮਿਸ਼ਨਰ ਬਠਿੰਡਾ ਤੇ ਡਾਇਰੈਕਟਰ ਪਸ਼ੂ ਪਾਲਣ ਚੰਡੀਗਡ਼੍ਹ ਇਸ ਮਾਮਲੇ ’ਚ ਨਿਰਪੱਖ ਕਾਰਵਾਈ ਕਰ ਪਾਉਂਦੇ ਹਨ ਜਾਂ ਨਹੀਂ। ਇਸ ਮਾਮਲੇ ’ਚ ਅਣਗਹਿਲੀ ਵਰਤਣ ਵਾਲਿਆਂ ’ਤੇ ਕਾਰਵਾਈ ਹੁੰਦੀ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ ਕਿ ਥੋਡ਼ੇ੍ਹ ਸਮੇਂ ’ਚ ਇੰਨੀਆਂ ਗਊਆਂ ਕਿਵੇਂ ਮਰ ਗਈਆਂ। ਜ਼ਿਲ੍ਹਾ ਪਸ਼ੂ ਭਲਾਈ ਸੁਸਾਇਟੀ ’ਚ ਕਈ ਸਰਕਾਰ ਅਧਿਕਾਰੀ ਸ਼ਾਮਲ ਹਨ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ।
ਗਊਸ਼ਾਲਾ ’ਚ 6 ਸਾਲਾਂ (2016 ਤੋਂ ਫਰਵਰੀ 2022 ਤਕ) ਵਿਚ 4535 ਤੋਂ ਵੱਧ ਗਊਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚੋਂ ਤਕਰੀਬਨ ਢਾਈ ਸਾਲਾਂ ਵਿਚ (ਅਗਸਤ 2019 ਤੋਂ ਫਰਵਰੀ 2022 ਤਕ) ਗਊਸ਼ਾਲਾ ਵਿਚ 3002 ਗਊਆਂ, ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਮਾਰਚ 2022 ਵਿਚ ਤੇ ਉਸ ਤੋਂ ਬਾਅਦ 25 ਗਊਆਂ, ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਅਤੇ ਅਪ੍ਰੈਲ 2022 ਵਿਚ ਵੀ 66 ਗਊਆਂ/ਜਾਨਵਰਾਂ ਦੀ ਮੌਤ ਹੋ ਚੁੱਕੀ ਹੈ। ਅਪ੍ਰੈਲ 2022 ਤਕ ਗਊਸ਼ਾਲਾ ਵਿਚ 4626 ਤੋਂ ਵੱਧ ਗਊਆਂ ਦੀ ਮੌਤ ਹੋ ਚੁੱਕੀ ਹੈ।