ਗੁਰਤੇਜ ਸਿੰਘ ਸਿੱਧੂ, ਬਠਿੰਡਾ : ਸਾਬਕਾ ਸਿਹਤ ਮੰਤਰੀ ਦਾ ਓਐੱਸਡੀ ਪ੍ਰਦੀਪ ਬਾਂਸਲ ਬਠਿੰਡਾ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਦਾ ਘਰ ਮਾਡਲ ਟਾਊਨ ਦੇ ਸਿਵਲ ਸਟੇਸ਼ਨ ਗੁਰਦੁਆਰਾ ਸਾਹਿਬ ਦੇ ਨੇਡ਼ੇ ਹੈ। ਉਹ ਡਾ. ਵਿਜੇ ਸਿੰਗਲਾ ਦਾ ਸਕਾ ਭਾਣਜਾ ਹੈ। ਭਾਵੇਂ ਇਸ ਦਾ ਇਸ ਤੋਂ ਪਹਿਲਾਂ ਰਾਜਨੀਤੀ ਨਾਲ ਕੋਈ ਜ਼ਿਆਦਾ ਵਾਹ ਵਾਸਤਾ ਨਹੀਂ ਸੀ ਪਰ ਆਪਣੇ ਮਾਮੇ ਦੀ ਚੋਣ ਮੁਹਿੰਮ ਵਿਚ ਉਸ ਨੇ ਸਰਗਰਮੀ ਨਾਲ ਹਿੱਸਾ ਲਿਆ ਸੀ। ਜਦੋਂ ਆਮ ਆਦਮੀ ਪਾਰਟੀ ਨੇ ਡਾ. ਸਿੰਗਲਾ ਨੂੰ ਮਾਨਸਾ ਵਿਧਾਨ ਸਭਾ ਹਲਕੇ ਤੋਂ ਟਿਕਟ ਦਿੱਤੀ ਤਾਂ ਉਸ ਨੂੰ ਭੀਖੀ ਖੇਤਰ ਦਾ ਇੰਚਾਰਜ ਬਣਾਇਆ ਗਿਆ ਸੀ। ਚੋਣ ਜਿੱਤਣ ਪਿੱਛੋਂ ਸਿੰਗਲਾ ਨੂੰ ਪੰਜਾਬ ਸਰਕਾਰ ਵਿਚ ਸਿਹਤ ਮੰਤਰੀ ਬਣਾਇਆ ਗਿਆ ਤਾਂ ਉਨ੍ਹਾਂ ਭਾਣਜੇ ਪ੍ਰਦੀਪ ਬਾਂਸਲ ਨੂੰ ਆਪਣਾ ਓਐੱਸਡੀ ਨਿਯੁਕਤ ਕਰ ਲਿਆ। ਪੇਸ਼ੇ ਵਜੋਂ ਪ੍ਰਦੀਪ ਬਾਂਸਲ ਬਿਜ਼ਨੈਸਮੈਨ ਹੈ ਅਤੇ ਉਨ੍ਹਾਂ ਦਾ ਪਲਾਈ ਬੋਰਡ ਦਾ ਕੰਮ ਹੈ। ਪ੍ਰਦੀਪ ਦਾ ਭਰਾ ਕੇਵਲ ਜਿੰਦਲ ਵੀ ਉਸ ਦਾ ਸਾਥ ਦਿੰਦਾ ਸੀ। ਮਾਮੇ ਦਾ ਓਐੱਸਡੀ ਬਣਨ ਤੋਂ ਬਾਅਦ ਦੋਵੇਂ ਭਰਾ ਚੰਡੀਗਡ਼੍ਹ ਸ਼ਿਫਟ ਹੋ ਗਏ। ਪ੍ਰਦੀਪ ਬਾਂਸਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੇ ਘਰ ਤੇ ਦੁਕਾਨ ’ਤੇ ਸੰਨਾਟਾ ਛਾਇਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਸਿਹਤ ਮੰਤਰੀ ਬਣਨ ਪਿੱਛੋਂ ਡਾ. ਵਿਜੇ ਸਿੰਗਲਾ ਨੇ ਆਪਣੇ ਦੋਵਾਂ ਭਾਣਜਿਆਂ ਨੂੰ ਓਐੱਸਡੀ ਨਿਯੁਕਤ ਕਰ ਲਿਆ ਸੀ। ਪ੍ਰਦੀਪ ਤੋਂ ਬਿਨਾਂ ਸਿਹਤ ਮੰਤਰੀ ਦਾ ਦੂਸਰਾ ਓਐੱਸਡੀ ਡਾ. ਗਿਰੀਸ਼ ਕੁਮਾਰ ਵੀ ਉਸ ਦਾ ਸਕਾ ਭਾਣਜਾ ਹੈ। ਸਿੰਗਲਾ ਦੀਆਂ ਦੋ ਭੈਣਾਂ ਹਨ। ਉਨ੍ਹਾਂ ਦੋਵੇਂ ਭੈਣਾ ਦੇ ਇਕ-ਇਕ ਬੇਟੇ ਨੂੰ ਆਪਣਾ ਓਐੱਸਡੀ ਬਣਾ ਲਿਆ ਸੀ। ਡਾ. ਗਰੀਸ਼ ਕੁਮਾਰ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਤਾਇਨਾਤ ਸੀ।
ਮਾਨ ’ਤੇ ਮਾਣ : ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਵਲੋਂ ਰਿਸ਼ਵਤ ਦੇ ਦੋਸ਼ਾਂ ’ਚ ਆਪਣੇ ਮੰਤਰੀ ਦੀ ਬਰਖ਼ਾਸਤਗੀ ਦਾ ਸਵਾਗਤ ਕੀਤਾ ਹੈ। ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਕ ਕੱਟਡ਼ ਇਮਾਨਦਾਰ ਪਾਰਟੀ ਹੈ ਤੇ ਭ੍ਰਿਸ਼ਟ ਸਰਗਰਮੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਨੂੰ ਭਗਵੰਤ ਮਾਨ ’ਤੇ ਮਾਣ ਹੈ। ਅਸੀਂ ਭ੍ਰਿਸ਼ਟ ਪਾਏ ਜਾਣ ’ਤੇ ਕਿਸੇ ਵੀ ਆਗੂ ਨੂੰ ਨਹੀਂ ਬਖ਼ਸ਼ਾਂਗੇ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਨਾਲ ਧੋਖਾ ਕਰਨ ਦੀ ਬਜਾਏ ਮਰ ਜਾਣ ਨੂੰ ਤਰਜੀਹ ਦੇਵਾਂਗੇ। ਉਨ੍ਹਾਂ ਕਿਹਾ ਕਿ 2015 ’ਚ ਦਿੱਲੀ ’ਚ ਉਨ੍ਹਾਂ ਦੀ ਸਰਕਾਰ ਨੇ ਵੀ ਇਸੇ ਤਰ੍ਹਾਂ ਕੀਤਾ ਸੀ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਖ਼ੁਰਾਕ ਮੰਤਰੀ ਨੂੰ ਬਰਖ਼ਾਸਤ ਕਰ ਦਿੱਤਾ ਸੀ।
ਮਾਨ ਨੇ ਕਿਹਾ, ਚਾਹੁੰਦਾ ਤਾ ਮਾਮਲਾ ਦਬਾ ਸਕਦਾ ਸੀ ਪਰ ਇਹ ਲੋਕਾਂ ਨਾਲ ਧੋਖਾ ਹੁੰਦਾ
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵੀਡੀਓ ਸੰਦੇਸ਼ ਵਿਚ ਕਿਹਾ, ਮੇਰੀ ਸਰਕਾਰ ਰਿਸ਼ਵਤਖੋਰੀ ਨੂੰ ਬਿਲਕੁਲ ਬਰਦਾਸ਼ਤ ਨਾ ਕਰਨ ਦੀ ਰਾਹ ’ਤੇ ਚੱਲਦੀ ਰਹੇਗੀ ਅਤੇ ਕਿਸੇ ਨੂੰ ਵੀ, ਚਾਹੇ ਉਹ ਕਿੰਨਾ ਵੀ ਰਸੂਖਦਾਰ ਕਿਉਂ ਨਾ ਹੋਵੇ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਮੰਤਰੀ ਦੇ ਖ਼ਿਲਾਫ਼ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ। ਉਹ ਹਰ ਕੰਮ ਲਈ ਇਕ ਫ਼ੀਸਦੀ ਕਮਿਸ਼ਨ ਮੰਗ ਰਹੇ ਸਨ। ਡਾ. ਸਿੰਗਲਾ ਨੇ ਭ੍ਰਿਸ਼ਟਾਚਾਰ ਦੀ ਗੱਲ ਮੰਨ ਲਈ ਹੈ। ਇਹ ਜਾਣਕਾਰੀ ਸਿਰਫ਼ ਮੇਰੇ ਹੀ ਕੋਲ ਸੀ। ਮੈਂ ਚਾਹੁੰਦਾ ਤਾਂ ਇਸ ਨੂੰ ਦਬਾ ਸਕਦਾ ਸੀ, ਪਰ ਅਜਿਹਾ ਕਰਨਾ ਲੋਕਾਂ ਨਾਲ ਧੋਖਾ ਹੁੰਦਾ।