ਦੀਪਕ ਸ਼ਰਮਾ, ਬਠਿੰਡਾ : ਫ਼ਰੀਦਕੋਟ ਮੈਡੀਕਲ ਕਾਲਜ ਤੇ ਹਸਪਤਾਲ ਦੇ ਨਰਸਿੰਗ ਸਟਾਫ ਦੀਆਂ ਤਨਖਾਹਾਂ ਰੋਕੇ ਜਾਣ ਦੇ ਰੋਸ ਵਜੋਂ ਸਥਾਨਕ ਸਰਕਾਰੀ ਹਸਪਤਾਲ ਦੇ ਨਰਸਿੰਗ ਸਟਾਫ ਨੇ ਕਾਲੇ ਬਿੱਲੇ ਲਗਾ ਕੇ ਰੋਸ ਦਾ ਪ੍ਰਗਟਾਵਾ ਕੀਤਾ ਅਤੇ ਮੁਲਾਜ਼ਮ ਮਾਰੂ ਨੀਤੀਆਂ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਨਰਸਿੰਗ ਐਸੋਸੀਏਸ਼ਨ ਦੇ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਰੁਕੀਆਂ ਹੋਈਆਂ ਤਨਖਾਹਾਂ ਜਲਦੀ ਜਾਰੀ ਨਾ ਕੀਤੀਆਂ ਗਈਆਂ ਤਾਂ ਇਸ ਸੰਘਰਸ਼ ਨੂੰ ਤਿੱਖਾ ਰੂਪ ਦਿੱਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਿਹਤ ਵਿਭਾਗ ਦੀ ਹੋਵੇਗੀ। ਇਸ ਮੌਕੇ ਨਰਸਿੰਗ ਐਸੋਸੀਏਸ਼ਨ ਦੀ ਪ੍ਰਧਾਨ ਸਵਰਨਜੀਤ ਕੌਰ ਨੇ ਦੱਸਿਆ ਕਿ ਆਪਣੀਆਂ ਹੱਕੀ ਮੰਗਾਂ ਲਈ ਪਿਛਲੇ ਸਮੇਂ ਨਰਸਿੰਗ ਕੇਡਰ ਨੇ ਸੰਘਰਸ਼ ਵਿੱਿਢਆ ਸੀ, ਉਸ ਸਮੇਂ ਦੌਰਾਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਦੇ ਨਰਸਿੰਗ ਸਟਾਫ਼ ਦੀਆਂ ਤਨਖਾਹਾਂ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫਰੀਦਕੋਟ ਦੇ ਵਾਈਸ ਚਾਂਸਲਰ ਵੱਲੋਂ ਰੋਕੀਆਂ ਗਈਆਂ ਹਨ, ਜੋ ਕਿ ਸਰਾਸਰ ਗਲ਼ਤ ਤੇ ਗ਼ੈਰ ਲੋਕਤੰਤਰੀ ਵਰਤਾਰਾ ਹੈ। ਤਨਖਾਹਾਂ ਜਾਰੀ ਨਾ ਹੋਣ ਕਰਕੇ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜੇਕਰ ਤਨਖਾਹਾਂ ਜਲਦ ਤੋਂ ਜਲਦ ਜਾਰੀ ਨਾ ਕੀਤੀਆਂ ਗਈਆਂ ਤਾਂ ਪੰਜਾਬ ਦਾ ਸਮੁਚਾ ਨਰਸਿੰਗ ਕੇਡਰ ਸੰਘਰਸ਼ ਦੇ ਰਾਹ ਤੁਰਨ ਲਈ ਮਜਬੂਰ ਹੋਵੇਗਾ, ਜਿਸ ਦੀ ਨਿਰੋਲ ਜ਼ਿੰਮੇਵਾਰੀ ਵਾਇਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੀ ਹੋਵੇਗੀ। ਅੱਜ ਵੀ ਸਾਰੇ ਨਰਸਿੰਗ ਸਟਾਫ਼ ਨੇ ਰੋਸ ਵਜੋਂ ਕਾਲੇ ਬਿੱਲੇ ਲਗਾ ਕੇ ਡਿਊਟੀ ਕੀਤੀ।