ਇੰਦਰਪ੍ਰੀਤ ਸਿੰਘ, ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਪ੍ਰੋਟੋਕਾਲ ਨੂੰ ਦੇਖਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੇ ਬਰਾਬਰ ਬੁਲਾਈ ਗਈ ਬੈਠਕ ਮੁਲਤਵੀ ਕਰ ਦਿੱਤੀ ਹੈ ਜਿਸ ਕਾਰਨ ਅਫ਼ਸਰਸ਼ਾਹੀ ਨੇ ਰਾਹਤ ਦਾ ਸਾਹ ਲਿਆ ਹੈ। ਕਾਬਿਲੇ ਗ਼ੌਰ ਹੈ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਬੁੱਧਵਾਰ ਨੂੰ ਪਹਿਲੀ ਫਰਵਰੀ ਤੋਂ ਸਰਹੱਦੀ ਜ਼ਿਲ੍ਹਿਆਂ ਦਾ ਦੋ ਦਿਨਾ ਦੌਰਾ ਰੱਖ ਲਿਆ ਸੀ ਜਿਸ ਬਾਰੇ ਉਨ੍ਹਾਂ ਨੇ 24 ਜਨਵਰੀ ਨੂੰ ਹੀ ਸਰਕਾਰ ਨੂੰ ਸੂਚਿਤ ਕਰ ਦਿੱਤਾ ਸੀ। ਇਕ ਫਰਵਰੀ ਨੂੰ ਹੀ ਮੁੱਖ ਮੰਤਰੀ ਨੇ ਵੀ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਦੀ ਮੀਟਿੰਗ ਚੰਡੀਗੜ੍ਹ ’ਚ ਬੁਲਾ ਲਈ ਹੈ। ਇਸ ਹਾਲਤ ’ਚ ਅਧਿਕਾਰੀ ਕਿਸ ਬੈਠਕ ’ਚ ਸ਼ਾਮਿਲ ਹੋਣ ਇਸ ਲਈ ਇਸ ਬਾਰੇ ਪਰੇਸ਼ਾਨੀ ਖੜ੍ਹੀ ਹੋ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਰਾਜਪਾਲ ਤੇ ਮੁੱਖ ਮੰਤਰੀ ਵਿਚਕਾਰ ਇਕ ਵਾਰ ਫਿਰ ਤੋਂ ਟਕਰਾਅ ਦੇ ਆਸਾਰ ਉਸ ਤਰ੍ਹਾਂ ਦੇ ਬਣਨਗੇ ਜਿਸ ਤਰ੍ਹਾਂ ਪਹਿਲਾਂ ਦੋ ਯੂਨੀਵਰਸਿਟੀਆਂ ਦੇ ਵੀਸੀ ਲਗਾਉਣ, ਚੰਡੀਗੜ੍ਹ ’ਚ ਐੱਸਐੱਸਪੀ ਲਗਾਉਣ ਤੇ ਵਿਧਾਨ ਸਭਾ ਦਾ ਇਜਲਾਸ ਬੁਲਾਉਣ ਦੇ ਮਾਮਲੇ ’ਚ ਹੋਇਆ ਸੀ। ਪਰ ਮੁੱਖ ਮੰਤਰੀ ਭਗਵੰਤ ਮਾਨ ਇਸ ਵਾਰ ਵਿਵਾਦ ਖੜ੍ਹਾ ਕਰਨ ਦੇ ਮੂਡ ’ਚ ਨਜ਼ਰ ਨਹੀਂ ਆਏ ਤੇ ਰਾਜਪਾਲ ਦੇ ਪ੍ਰੋਟੋਕਾਲ ਨੂੰ ਦੇਖਦੇ ਹੋਏ ਉਨ੍ਹਾਂ ਨੇ ਆਪਣੀ ਬੈਠਕ ਦੋ ਦਿਨ ਲਈ ਟਾਲ ਕੇ ਤਿੰਨ ਫਰਵਰੀ ਨੂੰ ਕਰ ਲਈ ਹੈ।
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਪਹਿਲੀ ਫਰਵਰੀ ਨੂੰ ਆਪਣੇ ਦੋ ਦਿਨਾ ਦੌਰੇ ’ਤੇ ਸਰਹੱਦੀ ਜ਼ਿਲ੍ਹਿਆਂ ’ਚ ਜਾ ਰਹੇ ਹਨ। ਉਹ ਬੁੱਧਵਾਰ ਨੂੰ ਅੰਮ੍ਰਿਤਸਰ, ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹਾਂ ਦਾ ਦੌਰਾ ਕਰਨ ਤੇ ਵੀਰਵਾਰ ਨੂੰ ਉਹ ਫਾਜ਼ਿਲਕਾ, ਫਿਰੋਜ਼ਪੁਰ ਤੇ ਤਰਨਤਾਰਨ ਜ਼ਿਲ੍ਹਿਆਂ ਦੇ ਦੌਰੇ ’ਤੇ ਰਹਿਣਗੇ। ਉਨ੍ਹਾਂ ਨਾਲ ਮੁੱਖ ਸਕੱਤਰ ਵੀਕੇ ਜੰਜੂ ਤੇ ਡੀਜੀਪੀ ਗੌਰਵ ਯਾਦਵ ਵੀ ਨਾਲ ਰਹਿਣਗੇ। ਕਿਉਂਕਿ ਪਹਿਲੀ ਫਰਵਰੀ ਨੂੰ ਹੀ ਮੁੱਖ ਮੰਤਰੀ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲਿਸ ਮੁਖੀਆਂ ਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਬੈਠਕ ਲਈ ਬੁਲਾਇਆ ਹੋਇਆ ਸੀ। ਜਿਸ ’ਚ ਉਨ੍ਹਾਂ ਨਾਲ ਅਮਨ ਕਾਨੂੰਨ ਦੀ ਸਥਿਤੀ ’ਤੇ ਚਰਚਾ ਕੀਤੀ ਜਾਣੀ ਸੀ ਨਾਲ ਹੀ ਜ਼ਿਲ੍ਹਿਆਂ ’ਚ ਚੱਲ ਰਹੇ ਵਿਕਾਸ ਕਾਰਜਾਂ ਦੀ ਵੀ ਸਮੀਖਿਆ ਹੋਣੀ ਸੀ। ਉਸੇ ਦਿਨ ਰਾਜਪਾਲ ਨੇ ਤਿੰਨ ਜ਼ਿਲ੍ਹਿਆਂ ਦੇ ਦੌਰੇ ’ਤੇ ਜਾਣਾ ਸੀ। ਇਸ ਹਾਲਤ ’ਚ ਅਧਿਕਾਰੀਆਂ ਲਈ ਪਰੇਸ਼ਾਨੀ ਇਹ ਸੀ ਕਿ ਕਿਸ ਦੀ ਬੈਠਕ ਛੱਡਣ।
ਸੂਬੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਰਾਜਪਾਲ ਸੰਵਿਧਾਨਕ ਮੁਖੀ ਹਨ ਤੇ ਉਨ੍ਹਾਂ ਦੀ ਆਮਦ ’ਤੇ ਜ਼ਿਲ੍ਹਿਆਂ ਦੇ ਡਪਟੀ ਕਮਿਸ਼ਨਰ ਤੇ ਐੱਸਐੱਸਪੀ ਦਾ ਉੱਥੇ ਰਹਿਣਾ ਜ਼ਰੂਰੀ ਹੈ। ਇਹ ਸਾਰੇ ਜ਼ਿਲ੍ਹੇ ਏਨੇ ਨੇੜੇ ਵੀ ਨਹੀਂ ਹਨ ਕਿ ਕੋਈ ਅਧਿਕਾਰੀ ਰਾਜਪਾਲ ਦੀ ਬੈਠਕ ’ਚ ਸ਼ਾਮਿਲ ਹੋਣ ਤੋਂ ਬਾਅਦ ਮੁੱਖ ਮੰਤਰੀ ਦੀ ਬੈਠਕ ’ਚ ਸ਼ਾਮਿਲ ਹੋਣ ਲਈ ਚੰਡੀਗੜ੍ਹ ਪੁੱਜ ਜਾਵੇ। ਇਸ ਹਾਲਤ ’ਚ ਯਕੀਨੀ ਤੌਰ ’ਤੇ ਡਿਪਟੀ ਕਮਿਸ਼ਨਰ ਨੂੰ ਆਪਣੇ ਅਧੀਨ ਅਧਿਕਾਰੀਆਂ ਨੂੰ ਹੀ ਮੁੱਖ ਮੰਤਰੀ ਦੀ ਬੈਠਕ ’ਚ ਭੇਜਣਾ ਪਵੇਗਾ। ਇਸ ਹਾਲਤ ’ਚ ਮੁੱਖ ਮੰਤਰੀ ਦੀ ਨਾਰਾਜ਼ਗੀ ਵੀ ਉਨ੍ਹਾਂ ਨੂੰ ਝੱਲਣੀ ਪੈ ਸਕਦੀ ਹੈ।