ਗੁਰਤੇਜ ਸਿੰਘ ਸਿੱਧੂ, ਬਠਿੰਡਾ : ਬਠਿੰਡਾ ਪੁਲਿਸ ਨੇ ਸੋਮਵਾਰ ਨੂੰ ਮਾਡਲ ਟਾਊਨ ਫੇਜ਼-2 ਦੀ ਮਾਰਕੀਟ ਵਿਚ ਖੜ੍ਹ ਕੇ ਗੁਪਤ ਅੰਗ 'ਤੇ ਚਿੱਟੇ ਦਾ ਟੀਕਾ ਲਗਾਉਣ ਵਾਲੇ ਦੋ ਨੌਜਵਾਨਾਂ ਵਿਚੋਂ ਇਕ ਨੂੰ ਗਿ੍ਫ਼ਤਾਰ ਕੀਤਾ ਹੈ। ਟੀਕਾ ਲਾਉਣ ਵਾਲੇ ਦੋਵਾਂ ਨੌਜਵਾਨਾਂ ਖ਼ਿਲਾਫ਼ ਬਠਿੰਡਾ ਪੁਲਿਸ ਨੇ ਐਤਵਾਰ ਨੂੰ ਕੇਸ ਦਰਜ ਕੀਤਾ ਸੀ। ਇਹ ਮਾਮਲਾ 'ਪੰਜਾਬੀ ਜਾਗਰਣ' ਨੇ ਪ੍ਰਮੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਜ਼ਿਲ੍ਹਾ ਪੁਲਿਸ ਨੇ ਪਹਿਲਾਂ ਉਕਤ ਨੌਜਵਾਨਾਂ ਦੀ ਪਛਾਣ ਕੀਤੀ ਤੇ ਫਿਰ ਮਾਮਲਾ ਦਰਜ ਕੀਤਾ। ਇਨ੍ਹਾਂ 'ਚੋਂ ਇਕ ਨੌਜਵਾਨ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਜਦਕਿ ਦੂਜੇ ਦੀ ਗਿ੍ਫ਼ਤਾਰੀ ਬਾਕੀ ਹੈ।
ਮਾਡਲ ਟਾਊਨ ਚੌਕੀ ਇੰਚਾਰਜ ਰਘਵੀਰ ਸਿੰਘ ਬੰਗੀ ਨੇ ਦੱਸਿਆ ਕਿ ਮੁਲਜ਼ਮ ਨੂੰ ਗਣੇਸ਼ਾ ਬਸਤੀ ਤੋਂ ਸੋਮਵਾਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ। ਉਸ ਦੀ ਨਿਸ਼ਾਨਦੇਹੀ ਲਈ ਉਸ ਨੂੰ ਉਸੇ ਮਾਰਕੀਟ ਵਿਚ ਲਿਆਂਦਾ ਗਿਆ, ਜਿੱਥੇ ਉਸ ਨੇ ਖੜ੍ਹੇ ਹੋ ਕੇ ਗੁਪਤ ਅੰਗ 'ਤੇ ਟੀਕਾ ਲਗਾਇਆ ਸੀ। ਰਘਵੀਰ ਸਿੰਘ ਨੇ ਦੱਸਿਆ ਕਿ ਦੂਜੇ ਮੁਲਜ਼ਮ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
ਪੰਜਾਬੀ ਜਾਗਰਣ ਨੇ ਚੁੱਕਿਆ ਸੀ ਇਹ ਮਾਮਲਾ
ਲੰਘੇ ਦਿਨੀਂ ਮਾਡਲ ਟਾਊਨ ਫੇਜ਼-2 ਦੀ ਮਾਰਕੀਟ ਵਿਚ ਖੜ੍ਹੇ ਦੋ ਨੌਜਵਾਨ ਗੁਪਤ ਅੰਗ 'ਤੇ ਨਸ਼ੇ ਦੇ ਟੀਕੇ ਲਗਾ ਰਹੇ ਸਨ। ਪੰਜਾਬੀ ਜਾਗਰਣ ਵੱਲੋਂ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਚੁੱਕਿਆ ਗਿਆ ਸੀ। ਇਸ ਤੋਂ ਬਾਅਦ ਐੱਸਐੱਸਪੀ ਜੇ ਇਲੇਨਚੇਜ਼ੀਅਨ ਨੇ ਇਸ ਦਾ ਨੋਟਿਸ ਲਿਆ ਅਤੇ ਤੁਰੰਤ ਪੁਲਿਸ ਫੋਰਸ ਨੂੰ ਮੌਕੇ 'ਤੇ ਭੇਜਿਆ ਪਰ ਉਕਤ ਨੌਜਵਾਨ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਫ਼ਰਾਰ ਹੋ ਗਏ। ਇਸ ਤੋਂ ਬਾਅਦ ਪੁਲਿਸ ਨੇ ਉਕਤ ਨੌਜਵਾਨਾਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਅਤੇ ਦੋ ਦਿਨਾਂ ਵਿਚ ਉਨ੍ਹਾਂ ਦੀ ਪਛਾਣ ਹੋ ਗਈ। ਐਤਵਾਰ ਨੂੰ ਮਾਮਲਾ ਦਰਜ ਕਰ ਲਿਆ ਅਤੇ ਸੋਮਵਾਰ ਨੂੰ ਇਨ੍ਹਾਂ 'ਚੋਂ ਇਕ ਨੂੰ ਗਿ੍ਫ਼ਤਾਰ ਕਰ ਲਿਆ।