ਦੀਪਕ ਸ਼ਰਮਾ, ਬਠਿੰਡਾ : ਸ਼ਹਿਰ ਦੀ ਲਾਲ ਸਿੰਘ ਬਸਤੀ ਸਥਿਤ ਸ੍ਰੀ ਪੰਚਮੁਖੀ ਬਾਲਾ ਜੀ ਮੰਦਿਰ ਨੇੜੇ ਐਤਵਾਰ ਦੇਰ ਸ਼ਾਮ ਨਵ-ਨਿਰਮਾਣ ਮੰਦਰ ਸ੍ਰੀ ਸਾਲਾਸਰ ਬਾਲਾ ਜੀ ਦਾ ਲੈਂਟਰ ਅਚਾਨਕ ਡਿੱਗ ਪਿਆ ਡਿੱਗ,ਜਿਸ ਕਾਰਨ ਮੰਦਰ ਦੇ ਅੰਦਰ ਕੰਮ ਕਰ ਰਹੇ ਅੱਧੀ ਦਰਜਨ ਦੇ ਕਰੀਬ ਪ੍ਰਵਾਸੀ ਮਜ਼ਦੂਰ ਮਲਬੇ ਹੇਠ ਦੱਬ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਸਮਾਜ ਸੇਵੀ ਸੰਸਥਾ ਸਹਾਰਾ ਜਨਸੇਵਾ ਦੀਆਂ ਟੀਮਾਂ ਐਂਬੂਲੈਂਸ ਲੈ ਕੇ ਮੌਕੇ ’ਤੇ ਪਹੁੰਚ ਗਈਆਂ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਾਹਰ ਕੱਢ ਕੇ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖਲ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ’ਚ ਇਕ ਬੱਚਾ ਵੀ ਸ਼ਾਮਲ ਹੈ। ਫਿਲਹਾਲ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।
ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੈਨਾਲ ਕਲੋਨੀ ਦੀ ਟੀਮ ਨੇ ਵੀ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਲਾਲ ਸਿੰਘ ਬਸਤੀ ਸਥਿਤ ਸ੍ਰੀ ਪੰਚਮੁਖੀ ਬਾਲਾ ਜੀ ਮੰਦਿਰ ਨੇੜੇ ਸਮਾਜਿਕ ਸੰਸਥਾਵਾਂ ਵੱਲੋਂ ਸ੍ਰੀ ਸਾਲਾਸਰ ਬਾਲਾ ਜੀ ਮਹਾਰਾਜ ਦਾ ਮੰਦਰ ਬਣਾਇਆ ਜਾ ਰਿਹਾ ਹੈ। ਮੰਦਰ ਦੀ ਛੱਤ ਦਾ ਲੈਂਟਰ ਐਤਵਾਰ ਦੁਪਹਿਰ ਨੂੰ ਹੀ ਪਾ ਦਿੱਤਾ ਗਿਆ। ਸ਼ਾਮ 3 ਵਜੇ ਤਕ ਲੈਂਟਰ ਪਾਉਣ ਤੋਂ ਬਾਅਦ ਬਾਕੀ ਮਜ਼ਦੂਰ ਤਾਂ ਚਲੇ ਗਏ ਸਨ ਪਰ ਮੰਦਰ ਵਿਚ ਕੰਮ ਕਰਨ ਵਾਲੇ ਅੱਧੀ ਦਰਜਨ ਪ੍ਰਵਾਸੀ ਮਜ਼ਦੂਰ ਮੌਜੂਦ ਸਨ।
ਸ਼ਾਮ ਕਰੀਬ ਛੇ ਵਜੇ ਅਚਾਨਕ ਮੰਦਰ ਦੇ ਸਾਹਮਣੇ ਵਾਲੇ ਹਿੱਸੇ ਦਾ ਲੈਂਟਰ ਡਿੱਗ ਗਿਆ ਅਤੇ ਉਥੇ ਕੰਮ ਕਰਨ ਵਾਲੇ ਮਜ਼ਦੂਰ ਇਸ ਦੇ ਮਲਬੇ ਹੇਠ ਦੱਬ ਗਏ। ਲੈਂਟਰ ਡਿੱਗਣ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਮੌਕੇ ’ਤੇ ਇਕੱਠੇ ਹੋ ਗਏ ਅਤੇ ਹਾਦਸੇ ਦੀ ਸੂਚਨਾ ਸਹਾਰਾ ਜਨ ਸੇਵਾ ਟੀਮ ਨੂੰ ਦਿੱਤੀ। ਸਹਾਰਾ ਜਨਸੇਵਾ ਦੀਆਂ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਮਲਬੇ ਹੇਠ ਦੱਬੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਮਲਬੇ ਹੇਠ ਦੱਬੇ ਪੰਜ ਵਿਅਕਤੀਆਂ ਨੂੰ ਬਾਹਰ ਕੱਢ ਕੇ ਇਲਾਜ ਲਈ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀਆਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ।