ਸੀਨੀਅਰ ਸਟਾਫ਼ ਰਿਪੋਰਟਰ, ਬਠਿੰਡਾ : ਪਿਛਲੇ ਦਿਨੀਂ ਬਠਿੰਡਾ ਪੱਛਮ ਵੈਲਫੇਅਰ ਆਰਗੇਨਾਈਜੇਸ਼ਨ ਦੀ ਗਵਰਨਿੰਗ ਬਾਡੀ ਦੀ ਇਕ ਮੀਟਿੰਗ ਐਸਸੀ ਨਗਰ ਵਿਖੇ ਅੰਜਨੀ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਸਰਬਸੰਮਤੀ ਨਾਲ ਗਵਰਨਿੰਗ ਬਾਡੀ ਵੱਲੋਂ ਦੇਸ ਰਾਜ ਛੱਤਰੀ ਵਾਲਾ ਨੂੰ ਬਠਿੰਡਾ ਪੱਛਮ ਵੈਲਫੇਅਰ ਆਰਗੇਨਾਈਜੇਸ਼ਨ ਦਾ ਪ੍ਰਧਾਨ ਚੁਣਿਆ ਗਿਆ। ਜਗਦੀਸ਼ ਸਚਦੇਵਾ ਨੂੰ ਚੇਅਰਮੈਨ, ਜਨਰਲ ਸਕੱਤਰ ਹੇਮੰਤ ਅਰੋੜਾ, ਖਜਾਨਚੀ ਸੁਭਾਸ਼ ਚੰਦਰ, ਉਪ ਪ੍ਰਧਾਨ ਮੋਹਨ ਲਾਲ ਵਰਮਾ, ਮੁੱਖ ਸਲਾਹਕਾਰ ਰਾਜਨ ਸ਼ਰਮਾ ਅਤੇ ਸੋਹਣ ਸਿੰਘ ਚਿੱਤਰਕਾਰ, ਸਲਾਹਕਾਰ ਜਸਬੀਰ ਸਿੰਘ ਜੱਸਲ, ਪ੍ਰਦੀਪ ਤਿਵਾੜੀ, ਸਤੀਸ਼ ਭਟਨਾਗਰ ਨੂੰ ਪ੍ਰਚਾਰ ਸਕੱਤਰ ਨਿਯੁਕਤ ਕੀਤਾ ਗਿਆ। ਚੋਣ ਉਪਰੰਤ ਅੰਜਨੀ ਕੁਮਾਰ ਸ਼ਰਮਾ ਨੇ ਨਵ-ਨਿਯੁਕਤ ਸਮੁੱਚੀ ਟੀਮ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਦੇਸ ਰਾਜ ਛੱਤਰੀ ਵਾਲਾ ਨੇ ਪ੍ਰਬੰਧਕ ਕਮੇਟੀ ਸਮੇਤ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਠਿੰਡਾ ਪੱਛਮ ਵੈਲਫੇਅਰ ਆਰਗੇਨਾਈਜੇਸ਼ਨ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਲੋਕਾਂ ਦੀ ਭਲਾਈ ਲਈ ਮੁਹਿੰਮ ਵਿੱਢੀ ਗਈ ਹੈ। ਇਲਾਕੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਲੋਕ ਭਲਾਈ ਦੇ ਕੰਮਾਂ ਵਿਚ ਅੜਚਨਾਂ ਦੇ ਬਾਵਜੂਦ ਕਾਮਯਾਬ ਹੋਏ ਹਾਂ, ਭਵਿੱਖ ਵਿਚ ਵੀ ਸਮੁੱਚੀ ਟੀਮ ਅਤੇ ਲੋਕਾਂ ਦੇ ਸਹਿਯੋਗ ਨਾਲ ਲੋਕ ਭਲਾਈ ਦੇ ਕੰਮਾਂ ਵਿਚ ਕਾਮਯਾਬ ਹੋਵਾਂਗੇ। ਜਥੇਬੰਦੀ ਵੱਲੋਂ ਇਲਾਕੇ ਵਿਚ ਖੇਡ ਸਟੇਡੀਅਮ ਬਣਾਉਣ, ਬਠਿੰਡਾ ਪੱਛਮੀ ਵਿਚ ਖੇਡ ਸਟੇਡੀਅਮ ਬਣਵਾਓ, ਨਵੀਂ ਪੀੜ੍ਹੀ ਨੂੰ ਸਾਰਥਕ ਦਿਸ਼ਾ ਦਿਖਾਓ, ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਥਾਨਕ ਲੋਕਾਂ ਦੀਆਂ ਮੰਗਾਂ ਦੀ ਆਵਾਜ਼ ਬੁਲੰਦ ਕਰਕੇ ਨੂੰ ਪੂਰਾ ਕਰਵਾਉਣ ਲਈ ਯਤਨ ਕੀਤੇ ਜਾਣਗੇ।