ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਵਲੋਂ ਸਰਕਾਰ ਬਣਾਉਣ ਤੋਂ ਪਹਿਲਾਂ ਹੀ ਬੇਰੁਜ਼ਗਾਰਾਂ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਹੁਣ ਸੱਤਾ ਪ੍ਰਾਪਤ ਕਰਨ ਤੋਂ ਬਾਅਦ ਸਰਕਾਰ ਨਵੀਆਂ ਨੌਕਰੀਆਂ ਦੇਣ ਦੀ ਬਜਾਏ ਪੁਰਾਣਿਆਂ ਕੋਲੋਂ ਨੌਕਰੀਆਂ ਖੋਹ ਕੇ ਆਪਣੇ ਚਹੇਤੇ ਰੱਖਣ ਲਈ ਉਤਾਵਲੀ ਹੋਈ ਪਈ ਹੈ। ਮਿਲੀ ਜਾਣਕਾਰੀ ਅਨੁਸਾਰ ਬਲਾਕ ਦਫ਼ਤਰ ਮਹਿਲਕਲਾਂ ਵਿਖੇ ਇੱਕ ਕੰਪਿਊਟਰ ਆਪਰੇਟਰ ਦੀ ਪੋਸਟ ਖਾਲੀ ਸੀ, ਜਿਸ ਉਪਰ ਇੱਕ ਕਰਮਚਾਰੀ ਅਮਜ਼ਦ ਖਾਂ ਪਿਛਲੇ ਕਰੀਬ ਇੱਕ ਮਹੀਨੇ ਤੋਂ ਕੰਮ ਕਰ ਰਿਹਾ ਸੀ ਤੇ ਉਸ ਨੂੰ ਬਲਾਕ ਸੰਮਤੀ ਮਹਿਲਕਲਾਂ ਵਲੋਂ ਮਤਾ ਨੰਬਰ 14 ਰਾਹੀਂ ਪੰਜਾਬ ਸਰਕਾਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਚੰਡੀਗੜ ਦੇ ਪੱਤਰ ਨੰ: 2718-57 ਦੇ ਹੁਕਮਾਂ ਤਹਿਤ ਬਤੌਰ ਕੰਪਿਊਟਰ ਆਪਰੇਟਰ ਰੱਖਿਆ ਗਿਆ ਸੀ, ਜਿਸ ਨੂੰ 5 ਜੁਲਾਈ ਨੂੰ ਬਿਨਾਂ ਕੋਈ ਕਾਰਨ ਦੱਸੇ ਨੌਕਰੀ ਤੋਂ ਕੱਢਿਆ ਗਿਆ।
ਮੌਜੂਦਾ ਸਰਕਾਰ ਵੱਲੋਂ ਤਾਜਾ ਬੇਰੁਜਗਾਰ ਕੀਤੇ ਅਮਜ਼ਦ ਖਾਂ ਨੇ ਕਿਹਾ ਹੈ ਕਿ ਹਲਕੇ ਦੇ ਵਿਧਾਇਕ ਨੇ ਮੈਨੂੰ ਨੌਕਰੀ ਤੋਂ ਹਟਾ ਕੇ ਕੋਈ ਆਪਣਾ ਜਾਣ ਪਛਾਣ ਵਾਲਾ ਅਡਜਸਟ ਕੀਤਾ ਹੈ ਤੇ ਵਾਰ-ਵਾਰ ਫੋਨ ਕਰਕੇ ਬੀ.ਡੀ.ਪੀ.ਓ ਮਹਿਲਕਲਾਂ ਸੁਖਦੀਪ ਸਿੰਘ ਗਰੇਵਾਲ ਉੱਪਰ ਜ਼ੋਰ ਪਾਇਆ ਸੀ ਕਿ ਜੋ ਲੜਕਾ ਉਹ ਭੇਜ ਰਹੇ ਹਨ, ਉਸ ਨੂੰ ਐਡਜਸ਼ਟ ਕੀਤਾ ਜਾਵੇ। ਅਮਜਦ ਖਾਨ ਨੇ ਕਿਹਾ ਕਿ ਮੈਨੂੰ ਨੌਕਰੀ ਤੋਂ ਵਾਂਝਾ ਕਰਨਾ ਹਲਕਾ ਵਿਧਾਇਕ ਦੀ ਨਿਰੋਲ ਡਿਕਟੇਟਰਸ਼ਿਪ ਹੈ। ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਆਪਣੇ ਹਲਕਾ ਵਿਧਾਇਕਾਂ ਨੂੰ ਖਾਸ ਹਦਾਇਤ ਕੀਤੀ ਗਈ ਸੀ ਕਿ ਤੁਸੀਂ ਜਾਂ ਤੁਹਾਡੇ ਪੀਏ ਨੇ ਕਿਸੇ ਕਿਸਮ ਦੀ ਸਿਫ਼ਾਰਸ਼ ਨਹੀਂ ਕਰਨੀ, ਜਿਸ ਨਾਲ ਕਿਸੇ ਸਹੀ ਬੰਦੇ ਦਾ ਨੁਕਸਾਨ ਹੁੰਦਾ ਹੋਵੇ। ਪਰ ਲੱਗ ਰਿਹਾ ਹੈ ਕਿ ਅਕਾਲੀ ਤੇ ਕਾਂਗਰਸੀ ਸਰਕਾਰਾਂ ਵਾਂਗ ਮੌਜੂਦਾ ਐਮਐਲਏ ਤੇ ਉਨ੍ਹਾਂ ਦੇ ਪੀਏ ਵੀ ਆਪਣੀਆਂ ਮਰਜ਼ੀਆਂ ਕਰਨ ਲੱਗੇ ਹਨ। ਵਿਧਾਇਕ ਦੇ ਪੀਏ ਉੱਪਰ ਪੈਸੇ ਲੈ ਕੇ ਬੰਦਾ ਰਖਾਉਣ ਦੇ ਦੋਸ਼ ਵੀ ਲੱਗ ਰਹੇ ਹਨ, ਜਿਸ ਨੂੰ ਉਸ ਨੇ ਸਿਰੇ ਤੋਂ ਨਕਾਰ ਦਿੱਤਾ ਹੈ। ਉਧਰ ਜਦ ਅਮਜ਼ਦ ਖਾਨ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਉਹ ਮੁਸਲਿਮ ਘੱਟ ਗਿਣਤੀਆਂ ’ਚ ਆਉਂਦੇ ਹਨ, ਜਿਸ ਕਾਰਨ ਉਨ੍ਹਾਂ ਨਾਲ ਸਰਾਸਰ ਧੱਕਾ ਹੋਇਆ ਹੈ।
ਉਸ ਨੇ ਕਿਹਾ ਹੈ ਕਿ ਉਹ ਘੱਟ ਗਿਣਤੀ ਕਮਿਸ਼ਨ ਤੇ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਇਸ ਸਾਰੇ ਮਾਮਲੇ ਪ੍ਰਤੀ ਜਾਣੂ ਕਰਵਾਉਣਗੇ। ਉਸ ਨੇ ਕਿਹਾ ਕਿ ਅਜੇ ਤਾਂ ਸਰਕਾਰ ਆਈ ਨੂੰ ਤਿੰਨ ਮਹੀਨੇ ਹੋਏ ਹਨ, ਪਰ ਇਨਾਂ ਦੇ ਧੱਕੇ ਨੇ ਸੰਗਰੂਰ ਲੋਕ ਸਭਾ ਸੀਟ ਹਰਾ ਦਿੱਤੀ ਹੈ। ਆਉਣ ਵਾਲੇ ਸਮੇਂ ’ਚ ਅਜਿਹੇ ਹਲਕਾ ਵਿਧਾਇਕ ਜੇਕਰ ਨਾ ਹਟਾਏ ਗਏ ਤਾਂ ਲੋਕਾਂ ਦਾ ਜਿਉਣਾ ਦੁੱਭਰ ਕਰ ਦੇਣਗੇ। ਇਸ ਸਬੰਧੀ ਜਦੋਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨਾਲ ਇਸ ਸਾਰੇ ਮਾਮਲੇ ਸਬੰਧੀ ਪੁਛਿਆ ਗਿਆ ਕਿ ਇਸ ਨੂੰ ਕੱਢਣ ਦਾ ਕੀ ਕਾਰਨ ਹੋਇਆ ਤਾਂ ਉਨ੍ਹਾਂ ਗੋਲ-ਮੋਲ ਜਵਾਬ ਦਿੰਦਿਆਂ ਕਿ ਮੈਂ ਇਸ ਲੜਕੇ ਨੂੰ ਬਹੁਤ ਜਲਦ ਕਿਤੇ ਨਾ ਕਿਤੇ ਜਰੂਰ ਰਖਵਾ ਦੇਵਾਂਗਾ। ਪੀਏ ਦੇ ਪੈਸੇ ਦੇ ਮਾਮਲੇ ਸਬੰਧੀ ਉਨ੍ਹਾਂ ਕਿਹਾ ਕਿ ਇਹ ਹੋ ਨਹੀਂ ਸਕਦਾ। ਇਸ ਸਬੰਧੀ ਜਦ ਬੀਡੀਪੀਓ ਮਹਿਲਕਲਾਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਨੌਕਰੀ ਕਾਬਲੀਅਤ ਦੇ ਆਧਾਰ ’ਤੇ ਮਿਲਣੀ ਚਾਹੀਦੀ ਹੈ ਨਾ ਕਿ ਸਿਫ਼ਾਰਿਸ਼ ਨਾਲ : ਮਨਜੀਤ ਧਨੇਰ
ਜਦ ਇਸ ਮਸਲੇ ਦਾ ਕਿਸਾਨ ਜਥੇਬੰਦੀਆਂ ਨੂੰ ਪਤਾ ਲੱਗਿਆ ਤਾਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਹੈ ਕਿ ਜੇਕਰ ਇਸ ਕਰਮਚਾਰੀ ਨੂੰ ਉਸਦਾ ਬਣਦਾ ਹੱਕ ਨਾ ਦਿੱਤਾ ਗਿਆ ਤਾਂ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨੌਕਰੀ ਆਪਣੀ ਕਾਬਲੀਅਤ ਦੇ ਆਧਾਰ ’ਤੇ ਮਿਲਣੀ ਚਾਹੀਦੀ ਹੈ ਨਾ ਕਿ ਸਿਫ਼ਾਰਸ਼ ਦੇ ਆਧਾਰ ’ਤੇ। ਉਨ੍ਹਾਂ ਕਿਹਾ ਕਿ ਜੇਕਰ ਕੱਢੇ ਗਏ ਲੜਕੇ ਨੂੰ ਮੁੜ੍ਹ ਨਾ ਰੱਖਿਆ ਗਿਆ ਤਾਂ ਸਮੂਹ ਜਥੇਬੰਦੀਆਂ ਨਾਲ ਪ੍ਰੋਗਰਾਮ ਉਲੀਕ ਕੇ ਜਲਦ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਭਾਕਿਯੂ ਡਕੌਂਦਾ ਦੇ ਬਲਾਕ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ, ਜਰਨਲ ਸਕੱਤਰ ਅਮਨਦੀਪ ਸਿੰਘ ਰਾਏਸਰ, ਭਾਕਿਯੂ ਡਕੌਂਦਾ ਦੇ ਜ਼ਿਲਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ, ਭਾਕਿਯੂ ਦੇ ਜ਼ਿਲਾ ਆਗੂ ਮਲਕੀਤ ਸਿੰਘ ਈਨਾਂ ਤੋਂ ਇਲਾਵਾਂ ਹੋਰ ਵੱਖ-ਵੱਖ ਜਥੇਬੰਦੀਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸੂਬੇ ’ਚ ਰਾਜ ਕਰਦੀ ਆਮ ਆਦਮੀ ਪਾਰਟੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਵੱਡੀ ਪੱਧਰ ’ਤੇ ਰੋਸ ਧਰਨੇ ਅਤੇ ਰੋਸ ਮੁਜਾਹਰੇ ਤੋਂ ਇਲਾਵਾ ‘ਆਪ’ ਵਿਧਾਇਕ ਦਾ ਘਿਰਾਓ ਵੀ ਕੀਤਾ ਜਾਵੇਗਾ।