ਕਰਮਜੀਤ ਸਿੰਘ ਸਾਗਰ, ਧਨੌਲਾ : ਬੰਦ ਪਏ ਸਕੂਲਾਂ ਨੂੰ ਖੁਲ੍ਹਵਾਉਣ ਲਈ ਪਿੰਡ ਬਦਰਾ ਵਿਖੇ ਕਿਸਾਨ ਯੂਨੀਅਨ ਆਗੂ ਜੱਗਾ ਸਿੰਘ ਦੀ ਅਗਵਾਈ 'ਚ ਸਮੂਹ ਪਿੰਡ ਵਾਸੀਆਂ ਵੱਲੋਂ ਇਕ ਭਾਰੀ ਇਕੱਠ ਕੀਤਾ ਗਿਆ। ਜਿਸ 'ਚ ਫ਼ੈਸਲਾ ਲਿਆ ਗਿਆ ਹੈ ਕਿ 27 ਜਨਵਰੀ ਤਕ ਜੇਕਰ ਸਕੂਲ ਨਹੀਂ ਖੁੱਲ੍ਹਦੇ ਤਾਂ 28 ਜਨਵਰੀ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਅੱਗੇ ਧਰਨਾ ਲਾਇਆ ਜਾਵੇਗਾ। ਪ੍ਰਧਾਨ ਜੱਗਾ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਕੋਰੋਨਾ ਦੀ ਆੜ 'ਚ ਸਕੂਲ ਬੰਦ ਕਰਵਾਏ ਜਾ ਚੁੱਕੇ ਹਨ, ਜਦਕਿ ਹੋਰ ਕੁਝ ਵੀ ਬੰਦ ਨਹੀਂ ਹੋਇਆ। ਸਕੂਲ ਬੰਦ ਹੋਣ ਨਾਲ ਬੱਚਿਆਂ ਦੀ ਪੜ੍ਹਾਈ 'ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ। ਇਸ ਲਈ ਪਿੰਡ ਵਾਸੀਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ 27 ਜਨਵਰੀ ਤਕ ਸਕੂਲ ਨਹੀਂ ਖੋਲ੍ਹੇ ਗਏ ਤਾਂ ਇਲਾਕੇ ਦੇ ਹੋਰ ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ 28 ਜਨਵਰੀ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਜਾਵੇਗਾ। ਇਸ ਮੌਕੇ ਨਾਜ਼ਰ ਸਿੰਘ ਫੌਜੀ, ਬੰਤ ਸਿੰਘ ਭੁੱਲਰ, ਮਹਿੰਦਰ ਸਿੰਘ, ਸਰਦਾਰਾ ਸਿੰਘ, ਜੱਸਾ ਸਿੰਘ, ਬਿੰਦਰ ਸਿੰਘ, ਜਸਵੀਰ ਸਿੰਘ ਮੈਂਬਰ, ਅਮਰੀਕਾ ਸਿੰਘ, ਹਰਵਿੰਦਰ ਸਿੰਘ, ਜਗਜੀਵਨ ਸਿੰਘ ਨੰਬਰਦਾਰ, ਪ੍ਰਧਾਨ ਜੱਸੀ ਸਿੰਘ, ਨਾਜਮ ਸਿੰਘ ਨੰਬੜਦਾਰ, ਬਹਾਦਰ ਸਿੰਘ ਮੈਂਬਰ ਅਤੇ ਹੋਰ ਸੈਂਕੜਿਆਂ ਦੀ ਗਿਣਤੀ 'ਚ ਲੋਕ ਹਾਜ਼ਰ ਸਨ।