ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ
ਬੀਤੇ ਦਿਨੀਂ ਮੁਹਾਲੀ ਵਿਖੇ ਹੋਏ ਬੰਬ ਧਮਾਕਿਆਂ ਦੇ ਮੱਦੇਨਜ਼ਰ ਡੀਜੀਪੀ ਪੰਜਾਬ ਵਲੋਂ ਪੰਜਾਬ ਭਰ ਅੰਦਰ ਹਾਈ ਅਲਰਟ ਦੇ ਜਾਰੀ ਕੀਤੇ ਆਦੇਸ਼ਾਂ ਤਹਿਤ ਜ਼ਲਿ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਆਈਪੀਐੱਸ ਵਲੋਂ ਪਬਲਿਕ ਥਾਂਵਾਂ ਦੀ ਚੈਕਿੰਗ ਕਰਨ ਦੇ ਹੁਕਮਾਂ ਤਹਿਤ ਡੀਐੱਸਪੀ ਬਰਨਾਲਾ (ਡਵੀਜ਼ਨ) ਰਾਜੇਸ਼ ਸਨੇਹੀ ਬੱਤਾ ਵਲੋਂ ਥਾਣਾ ਸਿਟੀ 1 ਦੇ ਮੁਖੀ ਜਗਜੀਤ ਸਿੰਘ, ਬੱਸ ਸਟੈਂਡ ਚੌਂਕੀ ਦੇ ਇੰਚਾਰਜ਼ ਸਰਬਜੀਤ ਸਿੰਘ ਤੇ ਆਪਣੀ ਪੂਰੀ ਟੀਮ ਸਮੇਤ ਬੱਸ ਸਟੈਂਡ ਬਰਨਾਲਾ ਦੀ ਚੈਕਿੰਗ ਕੀਤੀ ਗਈ। ਹੈਂਡ ਡੀਟੈਕਟਿਵ, ਡਾਗ ਸਕੂਆਇਡ ਤੇ ਵੱਡੀ ਗਿਣਤੀ 'ਚ ਪੁਲਿਸ ਪਾਰਟੀ ਵਲੋਂ ਡੀਐੱਸਪੀ ਦੀ ਹਾਜ਼ਰੀ 'ਚ ਬੱਸਾਂ, ਦੁਕਾਨਾਂ ਤੇ ਬੱਸ ਸਟੈਂਡ ਅੰਦਰ ਸਥਿਤ ਦਫ਼ਤਰਾਂ ਦੀ ਬਰੀਕੀ ਨਾਲ ਜਾਂਚ ਕੀਤੀ ਗਈ। ਇਸ ਮੌਕੇ ਉਹਨਾਂ ਕਿਹਾ ਕਿ ਮੁਹਾਲੀ ਵਿਖੇ ਹੋਏ ਬੰਬ ਧਮਾਕੇ ਤੇ ਪੰਜਾਬ ਅੰਦਰ ਵਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਮਾਨਯੋਗ ਡੀਜੀਪੀ ਪੰਜਾਬ ਵਲੋਂ ਹਾਈ-ਅਲਰਟ ਤਹਿਤ ਐੱਸਐੱਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਦੇ ਹੁਕਮਾਂ ਅਨੁਸਾਰ ਜਨਤਕ ਥਾਵਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਹਨਾ ਕਿਹਾ ਕਿ ਬਰਨਾਲਾ ਪੁਲਿਸ ਪੂਰੀ ਤਰਾਂ੍ਹ ਮੁਸਤੈਦ ਹੈ ਤੇ ਟੀਮਾਂ ਬਣਾ ਕੇ ਸਾਰੀਆਂ ਹੀ ਜਨਤਕ ਥਾਂਵਾਂ ਤੇ ਹੋਰਨਾਂ ਅਦਾਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਬੱਸ ਸਟੈਂਡ ਅੰਦਰ ਚੈਕਿੰਗ ਦੌਰਾਨ ਮੁਸਾਫਰਾਂ ਦੇ ਸਾਮਾਨ, ਬੱਸਾਂ ਤੇ ਪੂਰੇ ਬੱਸ ਸਟੈਂਡ ਦਾ ਚੱਪਾ ਚੱਪਾ ਖੰਘਾਲਕੇ ਡੂੰਘਾਈ ਨਾਲ ਚੈਕਿੰਗ ਕੀਤੀ ਤੇ ਸ਼ੱਕੀ ਵਸਤੂਆਂ ਨੂੰ ਵੀ ਚੈੱਕ ਕੀਤਾ ਗਿਆ। ਉਨਾਂ੍ਹ ਕਿਹਾ ਕਿ ਚੈਕਿੰਗ ਦਾ ਮੁੱਖ ਉਦੇਸ਼ ਸ਼ਹਿਰ ਅੰਦਰ ਅਮਨ ਸ਼ਾਂਤੀ ਬਣਾਏ ਰੱਖਣਾ ਹੈ। ਉਨਾਂ੍ਹ ਪਬਲਿਕ ਨੂੰ ਅਪੀਲ ਕੀਤੀ ਕਿ ਜੇਕਰ ਉਹਨਾ ਨੂੰ ਕਿਸੇ ਵੀ ਥਾਂ 'ਤੇ ਕੋਈ ਸ਼ੱਕੀ ਚੀਜ਼ ਜਾਂ ਵਿਅਕਤੀ ਦਿਖਾਈ ਦਿੰਦੀ ਹੈ ਤਾਂ ਉਹ ਉਸਨੂੰ ਹੱਥ ਆਦਿ ਨਾ ਲਾਉਣ ਤੇ ਤੁਰੰਤ ਪੁਲਿਸ ਨੂੰ ਇਤਲਾਹ ਦੇਣ। ਇਸ ਮੌਕੇ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਹਾਜ਼ਰ ਸਨ।