ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਸ਼ਨਿਚਰਵਾਰ ਨੂੰ ਕੰਪਿਊਟਰ ਅਧਿਆਪਕਾਂ ਦਾ ਵਫ਼ਦ ਜ਼ਿਲ੍ਹਾ ਸਿੱਖਿਆ ਅਫਸਰ (ਸ.ਸ.) ਬਰਨਾਲਾ ਨੂੰ ਮਿਲਿਆ। ਜਿਸ 'ਚ ਜ਼ਿਲ੍ਹਾ ਜਨਰਲ ਸਕੱਤਰ ਜਤਿੰਦਰ ਕੁਮਾਰ ਤੇ ਪਰਦੀਪ ਕੁਮਾਰ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ (ਸ.ਸ.) ਨੂੰ ਦੱਸਿਆ ਕਿ ਕੰਪਿਊਟਰ ਅਧਿਆਪਕ ਸਿੱਖਿਆ ਵਿਭਾਗ ਅਧੀਨ ਬਣਾਈ ਗਈ ਪਿਕਟਸ ਸੁਸਾਇਟੀ ਅਧੀਨ ਸੇਵਾ ਨਿਭਾ ਰਹੇ ਹਨ, ਜੋ ਕਿ ਜਮਾਤ ਛੇਵੀਂ ਤੋਂ ਬਾਰ੍ਹਵੀਂ ਤਕ ਕੰਪਿਊਟਰ ਸਾਇੰਸ ਵਿਸ਼ੇ ਦੇ ਅਧਿਆਪਕ ਹਨ। ਕੰਪਿਊਟਰ ਅਧਿਆਪਕਾਂ ਨੂੰ ਅੱਜੇ ਤਕ ਫਰੰਟ ਲਾਈਨ ਵਰਕਰ ਸਕੀਮ ਤਹਿਤ 50 ਲੱਖ ਦਾ ਬੀਮਾ ਕਵਰ ਨਹੀਂ ਦਿੱਤਾ ਜਾਂਦਾ, ਮੈਡੀਕਲ ਰੀਇਨਬਰਸਮੈਂਟ ਦੀ ਸਹੂਲਤ ਨਹੀਂ ਦਿੱਤੀ ਜਾਂਦੀ ਹੈ ਤੇ ਮੌਤ ਹੋਣ ਉਪਰੰਤ ਲੀਗਲ ਡੀਸੈਂਟ ਨੂੰ ਨੌਕਰੀ ਵੀ ਨਹੀਂ ਦਿੱਤੀ ਜਾਂਦੀ। ਉਨ੍ਹਾਂ ਦੱਸਿਆ ਕਿ ਕੰਪਿਊਟਰ ਅਧਿਆਪਕਾਂ ਦੀ ਡਿਊਟੀ ਕੋਰੋਨਾ ਕਾਲ 'ਚ ਪਿਛਲੇ ਸਾਲ ਤੋਂ ਹੀ ਵੱਖ-ਵੱਖ ਹਸਪਤਾਲਾਂ, ਆਈਸੋਲੇਸ਼ਨ ਸੈਂਟਰਾਂ, ਨਾਕਿਆਂ, ਤਹਿਸੀਲ, ਡੀਸੀ ਦਫ਼ਤਰ ਵਿਖੇ ਲੱਗ ਰਹੀਆਂ ਹਨ। ਜਿਨ੍ਹਾਂ ਡਿਊਟੀਆਂ ਦੌਰਾਨ ਕਈ ਕੰਪਿਊਟਰ ਅਧਿਆਪਕ ਕੋਰੋਨਾ ਪੀੜਤ ਹੋ ਚੁੱਕੇ ਹਨ ਤੇ ਇਲਾਜ ਦਾ ਸਾਰਾ ਖਰਚ ਕੰਪਿਊਟਰ ਅਧਿਆਪਕਾਂ ਨੂੰ ਖੁਦ ਕਰਨਾ ਪਿਆ ਹੈ। ਉਨ੍ਹਾ ਦੱਸਿਆ ਕਿ ਹੁਣ ਤਕ ਲਗਪਗ 100 ਕੰਪਿਊਟਰ ਅਧਿਆਪਕਾਂ ਦੀ ਵੱਖ-ਵੱਖ ਹਾਲਾਤਾਂ 'ਚ ਮੌਤ ਹੋ ਚੁੱਕੀ ਹੈ, ਪਰੰਤੂ ਸਰਕਾਰ ਵੱਲੋਂ ਉਨ੍ਹਾਂ ਦੇ ਲੀਗਲ ਡੀਸੈਂਟਸ ਨੂੰ ਤਰਸ ਦੇ ਆਧਾਰ 'ਤੇ ਨੌਕਰੀ ਨਹੀਂ ਦਿੱਤੀ ਗਈ ਤੇ ਨਾ ਹੀ ਕੋਈ ਵਿੱਤੀ ਸਹਾਇਤਾ ਦਿੱਤੀ ਗਈ ਹੈ। ਬਹੁਤ ਸਾਰੇ ਕੰਪਿਊਟਰ ਅਧਿਆਪਕ ਕੈਂਸਰ, ਦਿਲ ਦੀ ਬਿਮਾਰੀ ਆਦਿ ਤੋਂ ਪੀੜਤ ਹਨ, ਪਰੰਤੂ ਸਰਕਾਰ ਵੱਲੋਂ ਪਿਕਸਟ ਸੁਸਾਇਟੀ ਦੇ ਮੁਲਾਜ਼ਮ ਹੋਣ ਦਾ ਬਹਾਨਾ ਬਣਾ ਕੇ ਮੈਡੀਕਲ ਰੀਇਨਬਰਸਮੈਂਟ ਦੀ ਸਹੂਲਤ ਨਹੀਂ ਦਿੱਤੀ ਜਾ ਰਹੀ। ਕਈ ਕੰਪਿਊਟਰ ਅਧਿਆਪਕਾਂ ਦੀ ਮੌਤ ਮੈਡੀਕਲ ਰੀਇਨਬਰਸਮੈਂਟ ਦੀ ਸਹੂਲਤ ਪ੍ਰਰਾਪਤ ਨਾ ਹੋਣ ਕਾਰਨ ਵੀ ਹੋਈ ਹੈ। ਜ਼ਿਲ੍ਹਾ ਸਿੱਖਿਆ ਅਫਸਰ (ਸ.ਸ.) ਬਰਨਾਲਾ ਵੱਲੋਂ ਕੰਪਿਊਟਰ ਅਧਿਆਪਕਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਕੰਪਿਊਟਰ ਅਧਿਆਪਕਾਂ ਦੀਆਂ ਕੋਵਿਡ ਡਿਊਟੀਆਂ ਸਬੰਧੀ ਵਿਚਾਰ ਕਰ ਕੇ ਜਲਦੀ ਹੀ ਮਸਲੇ ਦਾ ਹੱਲ ਕਰਵਾਇਆ ਜਾਵੇਗਾ, ਕਿਉਂਕਿ ਇਨ੍ਹਾਂ ਨੂੰ ਮੈਡੀਕਲ ਰੀਇਨਬਰਸਮੈਂਟ ਤੇ ਸਰਕਾਰੀ ਮੁਲਾਜ਼ਮਾਂ ਵਾਂਗ 50 ਲੱਖ ਦੇ ਬੀਮੇ ਦੀ ਸਹੂਲਤ ਨਹੀਂ ਦਿੱਤੀ ਜਾ ਰਹੀ। ਇਸ ਮੌਕੇ ਵੱਡੀ ਗਿਣਤੀ 'ਚ ਕੰਪਿਊਟਰ ਅਧਿਆਪਕ ਹਾਜ਼ਰ ਸਨ।