ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 3 ਮਈ ਨੂੰ ਹੋਏ ਪੰਥਕ ਇਕੱਠ ’ਚ ਪੰਜ ਸਿੰਘ ਸਾਹਿਬਾਨ ਨੇ ਫ਼ੈਸਲਾ ਕਰਦਿਆਂ ਤਿੰਨ ਸਾਲ ’ਚ ਹਾਰਮੋਨੀਅਮ ਛੱਡ ਤੰਤੀ ਸਾਜਾਂ ਨਾਲ ਕੀਰਤਨ ਕਰਵਾਉਣ ਦਾ ਅਦੇਸ਼ ਦਿੱਤਾ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਦੇਸ਼ ’ਚ ਕਿਹਾ ਸੀ ਕਿ ਹਰਿਮੰਦਰ ਸਾਹਿਬ ਵਿਖੇ ਤੰਤੀ ਸਾਜ਼ਾਂ ਨਾਲ ਕੀਰਤਨ ਕਰਵਾਉਣ ਲਈ ਯਤਨ ਤੇਜ਼ ਕੀਤੇ ਜਾਣ। ਤੰਤੀ ਸਾਜ਼ਾਂ ਨਾਲ ਕੀਰਤਨ ਕਰਵਾਉਣ ਲਈ ਭਾਵੇਂ ਸਮਾਂ ਲੱਗੇਗਾ ਪਰ ਇਸ ਨੂੰ ਯਕੀਨੀ ਬਣਾਇਆ ਜਾਵੇ ਕਿ ਹਾਰਮੋਨੀਅਨ ਤੋਂ ਕੀਰਤਨ ਕਰਨਾ ਬੰਦ ਕਰ ਕੇ ਪੁਰਾਤਨ ਮਰਿਆਦਾ ਅਨੁਸਾਰ ਹੀ ਰਾਗਾਂ ’ਤੇ ਆਧਾਰਿਤ ਕੀਰਤਨ ਕੀਤਾ ਜਾਵੇ। ਇਸ ਲਈ ਸ਼੍ਰੋਮਣੀ ਕਮੇਟੀ ਦੋ-ਤਿੰਨ ਸਾਲਾਂ ਦੇ ਅੰਦਰ-ਅੰਦਰ ਤੰਤੀ ਸਾਜ਼ਾਂ ਨਾਲ ਕੀਰਤਨ ਕੀਤੇ ਜਾਣ ਨੂੰ ਯਕੀਨੀ ਬਣਾਵੇ। ਉਧਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਧਰਮ ਪ੍ਰਚਾਰ ਕਮੇਟੀ ਵੱਲੋਂ ਇਕ ਪੱਤਰ ਜਾਰੀ ਕਰਕੇ ਛੇ ਮਹੀਨਿਆਂ ਦੇ ਅੰਦਰ-ਅੰਦਰ ਰਾਗੀ ਸਿੰਘਾਂ ਨੂੰ ਤੰਤੀ ਸਾਜ਼ਾਂ ਨਾਲ ਕੀਰਤਨ ਆਰੰਭ ਕਰਨ ਦਾ ਆਦੇਸ਼ ਜਾਰੀ ਕੀਤਾ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਧਰਮ ਪ੍ਰਚਾਰ ਕਮੇਟੀ ਰਾਹੀਂ ਚਲਾਏ ਜਾਂਦੇ ਗੁਰਮਤਿ ਸੰਗੀਤ ਵਿਦਿਆਲਿਆਂ ਅਤੇ ਮਿਸ਼ਨਰੀ ਕਾਲਜਾਂ ’ਚ ਕੀਰਤਨ ਸਿਖਲਾਈ ਲੈਣ ਵਾਲੇ ਵਿਦਿਆਰਥੀਆਂ ਨੂੰ ਤੰਤੀ ਸਾਜ਼ਾਂ ਦਾ ਅਭਿਆਸ ਲਾਜ਼ਮੀ ਕਰਨ ਲਈ ਆਖਿਆ ਹੈ।
ਤਿੰਨ ਜੱਥੇ ਤੇ 18 ਤੰਤੀ ਸਾਜ਼ਾਂ ਦੇ ਸਹਾਇਕ ਰਾਗੀ ਹਨ ਮੌਜੂਦ
ਸ੍ਰੀ ਹਰਿਮੰਦਰ ਸਾਹਿਬ ਵਿਖੇ ਤੰਤੀ ਸਾਜ਼ਾਂ ਨਾਲ ਕੀਰਤਨ ਕਰਨ ਵਾਲੇ ਤਿੰਨ ਰਾਗੀ ਜਥੇ ਭਾਈ ਜਸਪਿੰਦਰ ਸਿੰਘ, ਭਾਈ ਮਨਿੰਦਰ ਸਿੰਘ ਤੇ ਭਾਈ ਸ੍ਰੀਪਾਲ ਸਿੰਘ ਤੋਂ ਇਲਾਵਾ ਟੀਵੀ ਚੈਨਲ ਦੇ ਲਾਈਵ ਸਮੇਂ ਕੀਰਤਨੀ ਜਥਿਆਂ ਦੇ ਨਾਲ ਸਹਾਇਕ ਤੰਤੀ ਸਾਜ਼ ਵਾਦਕ ਡਿਊਟੀ ਦਿੰਦੇ ਹਨ। ਇਨ੍ਹਾਂ ਤੰਤੀ ਸਾਜ਼ ਵਜਾਉਣ ਵਾਲਿਆਂ ਨੂੰ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਰੱਖਿਆ ਸੀ।
ਸ਼੍ਰੋਮਣੀ ਕਮੇਟੀ ਠੇਕੇ ’ਤੇ ਕਰਦੀ ਹੈ ਰਾਗੀਆਂ ਦੀ ਭਰਤੀ
ਰਾਗੀ ਭਾਈ ਸ੍ਰੀਪਾਲ ਸਿੰਘ ਨੇ ਕਿਹਾ ਕਿ ਤੰਤੀ ਸਾਜ਼ ਵਜਾਉਂਣੇ ਸੌਖੇ ਨਹੀਂ ਹਨ। ਸਾਰੇ ਰਾਗੀ ਸਿੰਘਾਂ ਨੂੰ ਤੰਤੀ ਸਾਜ਼ਾਂ ਨਾਲ ਕੀਰਤਨ ਕਰਨ ਲਈ ਲੰਮਾ ਸਮਾਂ ਲੱਗ ਸਕਦਾ ਹੈ। ਪਿਛਲੇ ਲੰਮੇਂ ਸਮੇਂ ਤੋਂ ਤੰਤੀ ਸਾਜ਼ਾਂ ਨਾਲ ਕੀਰਤਨ ਕਰਨ ਵਾਲੇ ਰਾਗੀਆਂ ਨੂੰ ਸ਼੍ਰੋਮਣੀ ਕਮੇਟੀ ਨੇ ਅੱਖੋਂ-ਪਰੋਖੇ ਕੀਤਾ ਹੈ। ਰਾਗੀ ਸਿੰਘਾਂ ਨੂੰ ਸ਼੍ਰੋਮਣੀ ਕਮੇਟੀ ਤਾਂ ਠੇਕੇ ’ਤੇ ਹੀ ਭਰਤੀ ਕਰਦੀ ਹੈ। ਉਨ੍ਹਾਂ ਦੇ ਨਾਲ 8 ਸਾਲ ਲਗਾਤਾਰ ਕੀਰਤਨ ਦੀ ਸੇਵਾ ਨਿਭਾਉਂਣ ਵਾਲੇ ਭਾਈ ਮਹਾਬੀਰ ਸਿੰਘ ਨੂੰ ਸ਼੍ਰੋਮਣੀ ਕਮੇਟੀ ਨੇ ਹੁਣ ਠੇਕੇ ’ਤੇ 7500 ਰੁਪਏ ਮਹੀਨੇ ’ਤੇ ਰੱਖਿਆ ਹੋਇਆ ਹੈ। ਤੰਤੀ ਸਾਜ਼ ਵੀ ਰਾਗੀ ਸਿੰਘਾਂ ਨੂੰ ਮੁੱਲ ਖ਼ਰੀਦਣਾ ਪੈਂਦਾ ਹੈ ਜਿਸ ਦੀ ਕੀਮਤ ਹਾਰਮੋਨੀਅਮ ਤੋਂ ਕਈ ਗੁਣਾ ਜ਼ਿਆਦਾ ਹੁੰਦੀ ਹੈ।
ਜਥੇਦਾਰ ਦਾ ਹੁਕਮ ਵਾਜਬ ਨਹੀਂ : ਭਾਈ ਉਂਕਾਰ ਸਿੰਘ
ਸ਼੍ਰੋਮਣੀ ਰਾਗੀ ਸਭਾ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਧਾਨ ਭਾਈ ਉਂਕਾਰ ਸਿੰਘ ਨੇ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਇਹ ਹੁਕਮ ਵਾਜਬ ਨਹੀਂ ਹੈ। ਮਾਹਿਰਾਂ ਮੁਤਾਬਿਕ ਤਿੰਨ ਸਾਲ ਅੰਦਰ ਕੋਈ ਵੀ ਤੰਤੀ ਸਾਜ਼ਾਂ ਨਾਲ ਕੀਰਤਨ ਕਰਨ ਵਿਚ ਨਿਪੁੰਨ ਨਹੀਂ ਹੋ ਸਕਦਾ। ਜਥੇਦਾਰ ਸਾਹਿਬ ਹਾਰਮੋਨੀਅਮ ਨੂੰ ਨਹੀਂ ਹਰਮੋਨੀਅਮ ਨਾਲ ਕੀਰਤਨ ਕਰਨ ਵਾਲੇ ਰਾਗੀਆਂ ਨੂੰ ਬਾਹਰ ਕਰਨਾ ਚਾਹੁੰਦੇ ਹਨ।
ਗੁਰੂ ਅਰਜਨ ਦੇਵ ਦੀ ਕਰਦੇ ਸਨ ਸਰੰਦੇ ਨਾਲ ਕੀਰਤਨ
ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਰਤਨ ਦੀ ਅਰੰਭਤਾ ਕੀਤੀ। ਗੁਰੂ ਸਾਹਿਬ ਨਾਲ ਭਾਈ ਮਰਦਾਨਾ ਜੀ ਰਬਾਬ ਵਜਾਇਆ ਕਰਦੇ ਸਨ। ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਵੀ ਸਰੰਦੇ ਨਾਲ ਕੀਤਰਨ ਕਰਦੇ ਸਨ। ਸਭ ਤੋਂ ਪਹਿਲਾਂ ਭਾਈ ਸੱਤਾ ਤੇ ਭਾਈ ਬਲਵੰਤ ਰਬਾਬ ਨਾਲ ਕੀਰਤਨ ਕਰਦੇ ਸਨ। ਭਾਈ ਸੱਤਾ ਤੇ ਭਾਈ ਬਲਵੰਤ ਦੇ ਹੰਕਾਰੀ ਹੋਣ ਪਿੱਛੋਂ ਗੁਰੂ ਅਰਜਨ ਦੇਵ ਜੀ ਨੇ ਗੁਰਸਿੱਖਾਂ ਨੂੰ ਕੀਰਤਨ ਦੀ ਬਖਸ਼ਿਸ਼ ਕੀਤੀ।
ਇਹ ਹਨ ਤੰਤੀ ਸਾਜ਼
ਤੰਤੀ ਸਾਜ਼ਾਂ ਵਿਚ ਰਬਾਬ, ਤਾਊਸ, ਸਰੰਦਾ, ਦਿਲਰੂਬਾ, ਤਾਨਪੁਰਾ, ਸਵਰਮੰਡਲ ਆਦਿ ਨਾਲ ਕੀਰਤਨ ਕੀਤਾ ਜਾ ਸਕਦਾ ਹੈ, ਜਦ ਕਿ ਇਕ ਤਾਰੇ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। 150 ਸਾਲ ਪੁਰਾਣਾ ਜਰਮਨੀ ਦਾ ਈਜਾਦ ਹੋਇਆ ਹਾਰਮੋਨੀਅਮ 1874 ਈਸਵੀਂ ਦੇ ਕਰੀਬ ਭਾਰਤ ਆਇਆ ਸੀ। ਵਜਾਉਣ ਵਿਚ ਸੌਖਾ ਹੋਣ ਕਾਰਨ ਰਾਗੀ ਸਿੰਘਾਂ ਨੇ ਹਰਮੋਨੀਅਮ ਨਾਲ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ।