ਜਾ. ਸ. ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਆਜ਼ਾਦੀ ਨੇ ਸਿੱਖਾਂ ਨੂੰ ਧਾਰਮਿਕ ਅਤੇ ਸਿਆਸੀ ਤੌਰ ’ਤੇ ਕਮਜ਼ੋਰ ਕਰ ਦਿੱਤਾ ਹੈ। ਸਿੱਖਾਂ ਨੂੰ ਮਜ਼ਬੂਤ ਬਣ ਕੇ ਦੇਸ਼ ਦੀ ਆਰਥਿਕਤਾ ’ਤੇ ਕਾਬਜ਼ ਹੋਣਾ ਪਵੇਗਾ। ਤਦ ਹੀ ਸਾਡੇ ਕੋਲ ਰਾਜ ਹੋਵੇਗਾ। ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਸਭ ਨੂੰ ਇੱਕਜੁੱਟ ਹੋ ਕੇ ਮੈਦਾਨ ਵਿੱਚ ਆਉਣਾ ਪਵੇਗਾ। ਜਥੇਦਾਰ ਨੇ ਕਿਹਾ ਕਿ 1947 ਤੋਂ ਸਿੱਖਾਂ ਨੂੰ ਦਬਾਉਣ ਦੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਹਨ।
ਸਿੱਖਾਂ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਹਨ, ਜੋ ਸਾਨੂੰ ਧਾਰਮਿਕ, ਸਮਾਜਿਕ ਅਤੇ ਸਿਆਸੀ ਤੌਰ 'ਤੇ ਕਮਜ਼ੋਰ ਕਰ ਰਹੀਆਂ ਹਨ। ਇਸ ਕੜੀ ਵਿੱਚ ਈਸਾਈ ਧਰਮ ਦਾ ਜ਼ੋਰਦਾਰ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਨੂੰ ਰੋਕਣ ਲਈ ਸਾਨੂੰ ਇਕਜੁੱਟ ਹੋ ਕੇ ਮੁੜ ਮੈਦਾਨ ਵਿਚ ਲੜਨਾ ਪਵੇਗਾ। ਸਿੱਖਾਂ ਨੂੰ ਪਿੰਡ-ਪਿੰਡ ਖੜ੍ਹਾ ਕਰਨਾ ਪਵੇਗਾ। ਹੁਣ ਏਸੀ ਕਮਰਿਆਂ ਤੋਂ ਬਾਹਰ ਨਿਕਲਣ ਦਾ ਸਮਾਂ ਹੈ। ਜੇਕਰ ਅਸੀਂ ਧਾਰਮਿਕ ਤੌਰ 'ਤੇ ਮਜ਼ਬੂਤ ਨਹੀਂ ਹਾਂ ਤਾਂ ਅਸੀਂ ਆਰਥਿਕ ਤੌਰ 'ਤੇ ਮਜ਼ਬੂਤ ਨਹੀਂ ਹੋਵਾਂਗੇ। ਇਸ ਨਾਲ ਸਿਆਸੀ ਕਮਜ਼ੋਰੀ ਹੀ ਪੈਦਾ ਹੋਵੇਗੀ।
ਰਾਜ ਕਰਨ ਦਾ ਸੰਕਲਪ ਖਾਲਸਾ ਦੁਹਰਾਉਂਦਾ ਰਹੇਗਾ। ਕੋਈ ਖੁੱਲ੍ਹੀ ਜ਼ੁਬਾਨ ਨਾਲ ਰਾਜ ਮੰਗਦਾ ਅਤੇ ਕੋਈ ਦੱਬੀ ਹੋਈ ਜ਼ਬਾਨ ਨਾਲ। ਉਨ੍ਹਾਂ ਸਿੱਖ ਸੰਸਥਾਵਾਂ ਨੂੰ ਗੁਰਦੁਆਰਿਆਂ ਵਿੱਚ ਗਤਕਾ ਅਕੈਡਮੀ ਸਥਾਪਤ ਕਰਨ ਦੀ ਅਪੀਲ ਕੀਤੀ। ਆਧੁਨਿਕ ਸ਼ੂਟਿੰਗ ਰੇਂਜ ਸਥਾਪਤ ਕਰਨ ਵਿੱਚ ਕੋਈ ਨੁਕਸਾਨ ਨਹੀਂ ਹੈ। ਸ਼ਰੇਆਮ ਹਥਿਆਰਾਂ ਦੀ ਟਰੇਨਿੰਗ ਦੇਵਾਂਗੇ, ਲੁੱਕ ਛਿਪ ਕੇ ਨਹੀਂ ਦਿਆਂਗੇ। ਉਨ੍ਹਾਂ ਸਿੱਖ ਧਿਰਾਂ ਨੂੰ ਅਪੀਲ ਕੀਤੀ ਕਿ ਅਸੀਂ ਇਕੱਠੇ ਚੱਲੀਏ। ਸਫ਼ਰ ਬਹੁਤ ਲੰਬਾ ਹੈ, ਇਸ ਲਈ ਸਾਨੂੰ ਆਪਣੇ ਮਤਭੇਦ ਭੁਲਾ ਕੇ ਤੁਰਨਾ ਪਵੇਗਾ। ਗੁਰੂ ਸਾਡੇ ਅੰਗ-ਸੰਗ ਹੈ, ਉਸ ਦੀ ਬਖਸ਼ਿਸ਼ ਸਾਡੇ ਨਾਲ ਹੈ। ਜਥੇਦਾਰ ਨੇ ਕਿਹਾ ਕਿ ਅਸੀਂ ਸਾਰੇ ਮਤਭੇਦ ਭੁਲਾ ਕੇ ਇਕੱਠੇ ਹੋਏ ਹਾਂ। ਸਾਰੇ ਗੁਰੂ ਦੇ ਬਣ ਜਾਣ, ਗੁਰੂ ਸਾਡੇ ਅੰਗ-ਸੰਗ ਹੈ, ਉਸ ਦੀ ਬਖਸ਼ਿਸ਼ ਸਾਡੇ ਨਾਲ ਹੈ।