ਵਿਪਨ ਕੁਮਾਰ ਰਾਣਾ, ਅੰਮ੍ਰਿਤਸਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਰੋਡਰੇਜ ਮਾਮਲੇ ਵਿਚ ਜੇਲ੍ਹ ਹੋਣ ’ਤੇ ਵਿਰੋਧੀਆਂ ਤੋਂ ਜ਼ਿਆਦਾ ਪਾਰਟੀ ਸਾਥੀਆਂ ਨੇ ਸੁੱਖ ਦਾ ਸਾਹ ਲਿਆ ਹੈ। ਵਿਧਾਨ ਸਭਾ ਚੋਣ ਤੋਂ ਪਹਿਲਾਂ ਸਿੱਧੂ ਦੀ ਬਿਆਨਬਾਜ਼ੀ ਕਾਂਗਰਸ ਲਈ ਖ਼ਤਰਨਾਕ ਸਾਬਤ ਹੋਈ। ਸਿੱਧੂ ਦੇ ਸਿਆਸੀ ਸਫਰ ਦੀ ਗੱਲ ਕਰੀਏ ਤਾਂ ਇਹ 18ਵੇਂ ਸਾਲ ਵਿਚ ਪ੍ਰਵੇਸ਼ ਕਰ ਗਿਆ। ਉਨ੍ਹਾਂ ਦੇ ਨਾਲ ਚੱਲਣ ਵਾਲਾ ਇਕ ਵੀ ਸਾਥੀ ਹੁਣ ਨਾਲ ਨਹੀਂ ਹੈ। ਫਿਰ ਚਾਹੇ ਭਾਜਪਾ ਦਾ ਕਾਰਜਕਾਲ ਰਿਹਾ ਹੋ ਜਾਂ ਫਿਰ ਕਾਂਗਰਸ ਦਾ। 2004 ਵਿਚ ਅੰਮ੍ਰਿਤਸਰ ਲੋਕ ਸਭਾ ਸੀਟ ’ਤੇ ਚੋਣ ਲਡ਼ਣ ਲਈ ਸਿੱਧੂ ਦੀ ਆਮਦ ਹੋਈ ਤਾਂ ਅੰਮ੍ਰਿਤਸਰ ਦੀ ਸਭ ਤੋਂ ਮਜ਼ਬੂਤ ਟੀਮ ਉਨ੍ਹਾਂ ਦੇ ਨਾਲ ਸੀ।
ਭਾਜਪਾ ਦੇ ਸਵ. ਪ੍ਰਦੇਸ਼ ਪ੍ਰਧਾਨ ਕਮਲ ਸ਼ਰਮਾ, ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ, ਭਾਜਪਾ ਦੇ ਕੌਮੀ ਜਨਰਲ ਸੈਕਟਰੀ ਤਰੁਣ ਚੁੱਗ, ਸਾਬਕਾ ਮੇਅਰ ਬਖਸ਼ੀ ਰਾਮ ਅਰੋਡ਼ਾ, ਸਾਬਕਾ ਚੇਅਰਮੈਨ ਸੰਜੀਵ ਖੰਨਾ, ਮਾਨਵ ਤਨੇਜਾ, ਰਜਿੰਦਰ ਮੋਹਨ ਸਿੰਘ ਛੀਨਾ, ਸਾਬਕਾ ਐੱਸਪੀ ਕੇਵਲ ਕੁਮਾਰ, ਜੁਗਲ ਗੁਮਟਾਲਾ, ਸੁਖਦੇਵ ਚਾਹਲ ਤੋਂ ਲੈ ਕੇ ਅਨੇਕਾਂ ਅਜਿਹੇ ਕੱਦਾਵਰ ਨਾਂ ਸਨ, ਜੋ ਸਿੱਧੂ ਦੇ ਨਾਲ ਸਨ ਤੇ ਸਿੱਧੂ ਦੇ ਹਰ ਪ੍ਰੋਗਰਾਮ ਨੂੰ ਪ੍ਰਵਾਨ ਚਡ਼ਾਉਣ ਦੀ ਜਿੰਮਾ ਇਨ੍ਹਾਂ ਦਾ ਹੁੰਦਾ ਸੀ। ਸਿੱਧੂ ਦੇ ਭਾਜਪਾ ਛੱਡ ਕਾਂਗਰਸ ਵਿਚ ਜਾਣ ਤੋਂ ਬਾਅਦ ਇਨ੍ਹਾਂ ਵਿੱਚੋਂ ਸਿਰਫ ਸੁਖਦੇਵ ਚਾਹਲ ਹੀ ਉਨ੍ਹਾਂ ਦੇ ਨਾਲ ਗਏ ਪਰ ਉਹ ਵੀ ਹੁਣ ਉਨ੍ਹਾਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਚਲੇ ਗਏ ਹਨ।
ਕਾਂਗਰਸੀ ਦਿੱਗਜਾਂ ਨੇ ਸਵੀਕਾਰਿਆ ਹੀ ਨਹੀਂ
ਸਿੱਧੂ 2017 ਵਿਚ ਕਾਂਗਰਸ ਵਿਚ ਤਾਂ ਚਲੇ ਗਏ ਪਰ ਕਾਂਗਰਸੀ ਦਿੱਗਜਾਂ ਨੇ ਉਨ੍ਹਾਂ ਨੂੰ ਜ਼ਿਆਦਾ ਅਹਿਮੀਅਤ ਨਹੀਂ ਦਿੱਤੀ। ਸਿੱਧੂ ਦੇ ਕੈਬਨਿਟ ਮੰਤਰੀ ਬਣਨ ਤੇ ਪੀਪੀਸੀਸੀ ਪ੍ਰਧਾਨ ਬਣਨ ਤੋਂ ਬਾਅਦ ਕਾਂਗਰਸ ਵਿਚ ਉਨ੍ਹਾਂ ਦੀ ਕੁਝ ਸਰਗਰਮੀ ਚਾਹੇ ਥੋਡ਼੍ਹੀ ਵਧੀ ਜ਼ਰੂਰ ਪਰ ਚੋਣ ਹਾਰਨ ਤੇ ਪੀਪੀਸੀਸੀ ਪ੍ਰਧਾਨਗੀ ਤੋਂ ਹਟਾਉਣ ਤੋਂ ਬਾਅਦ ਫਿਰ ਤੋਂ ਉਹੀ ਆਲਮ ਬਣਿਆ ਹੋਇਆ ਹੈ। 2017 ਦੇ ਵਿਧਾਨ ਸਭਾ ਚੋਣ ਵਿਚ ਉਨ੍ਹਾਂ ਨੂੰ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੂੰ ਹਾਈਕਮਾਨ ’ਤੇ ਦਬਾਅ ਬਣਾ ਨਾਲ ਤਾਂ ਤੋਰਿਆ ਪਰ ਨਿਗਮ ਚੋਣ ਵਿਚ ਉਨ੍ਹਾਂ ਨੂੰ ਹੀ ਟਿਕਟ ਨਾ ਲੈਣ ਦਿੱਤੀ। ਜਿਨ੍ਹਾਂ ਆਗੂਆਂ ਨੂੰ ਉਨ੍ਹਾਂ ਨੇ ਨਿਗਮ ਚੋਣ ਵਿਚ ਟਿਕਟਾਂ ਦਿਵਾਈਆਂ ਤੇ ਜਿਤਾਇਆ, ਉਨ੍ਹਾਂ ਵਿੱਚੋਂ ਵੀ 10 ਕੌਂਸਲਰ ਸਿੱਧੂ ਦਾ ਨਾਲ ਛੱਡ ਕੇ 2022 ਦੇ ਵਿਧਾਨ ਸਭਾ ਚੋਣ ਵਿਚ ਆਮ ਆਦਮੀ ਪਾਰਟੀ ਵਿਚ ਚਲੇ ਗਏ। ਉਨ੍ਹਾਂ ਦੇ ਅੰਗ-ਸੰਗ ਰਹਿਣ ਵਾਲੇ ਕੌਂਸਲਰ ਉਨ੍ਹਾਂ ਦੇ ਨਾਲ ਦਿਖਾਈ ਨਹੀਂ ਦਿੰਦੇ। ਇੰਨਾ ਹੀ ਨਹੀਂ ਜੌਡ਼ਾ ਫਾਟਕ ਹਾਦਸੇ ਵਿਚ ਸੁਰਖੀਆਂ ਵਿਚ ਆਏ ਸੌਰਭ ਮਦਾਨ ਮਿੱਠੂ ਵੀ ਅਮਰਿੰਦਰ ਸਿੰਘ ਰਾਜਾ ਵਡ਼ਿੰਗ ਦੇ ਪ੍ਰਧਾਨ ਬਣਨ ਪਿੱਛੋਂ ਸਿੱਧੂ ਦੇ ਪ੍ਰੋਗਰਾਮਾਂ ਤੋਂ ਗ਼ਾਇਬ ਹੋ ਗਏ।
ਜਿੱਥੇ ਗਏ, ਬਣਾਇਆ ਆਪਣਾ ਧਡ਼ਾ
ਸਿੱਧੂ ਤੇ ਧਡ਼ੇਬੰਦੀ ਦਾ ਸ਼ੁਰੂ ਤੋਂ ਸਾਥ ਰਿਹਾ ਹੈ। ਸਿਆਸੀ ਪਿੱਠ-ਭੂਮੀ ਨਾ ਹੋਣ ਦੀ ਵਜ੍ਹਾ ਨਾਲ ਸਿੱਧੂ ਨੇ ਹਮੇਸ਼ਾਂ ਆਪਣੀ ਚਲਾਉਣ ਦੀ ਕਵਾਇਦ ਕੀਤੀ। ਫਿਰ ਚਾਹੇ ਉਹ ਭਾਜਪਾ ਹੋਵੇ ਜਾਂ ਫਿਰ ਕਾਂਗਰਸ। ਭਾਜਪਾ ਵਿਚ ਅੱਜ ਵੀ ਬਣੀ ਹੋਈ ਧਡ਼ੇਬੰਦੀ ਕਿਤੇ ਨਾ ਕਿਤੇ ਸਿੱਧੂ ਦੀ ਦੇਣ ਹੈ। ਕਾਂਗਰਸ ਵਿਚ ਵੀ ਸਿੱਧੂ ਨੇ ਆਪਣਾ ਧਡ਼ਾ ਤਾਂ ਬਣਾਉਣਾ ਚਾਹੁੰਦਾ ਪਰ ਉਨ੍ਹਾਂ ’ਤੇ ਕਾਂਗਰਸੀ ਦਿੱਗਜ ਹਾਵੀ ਰਹੇ। ਖ਼ਾਸ ਗੱਲ ਇਹ ਰਹੀ ਕਿ ਸਿੱਧੂ ਦੀਆਂ ਮਨਮਾਨੀਆਂ ਨੂੰ ਭਾਜਪਾ ਨੇ ਚਾਹੇ 13 ਸਾਲ ਝੱਲ ਲਿਆ ਪਰ ਉਨ੍ਹਾਂ ਦੀ ਕਾਂਗਰਸ ਵਿਚ ਇਹ ਖੇਡ 13 ਮਹੀਨੇ ਵੀ ਨਹੀਂ ਚੱਲੀ। ਸਿੱਧੂ ਦੇ ਮੰਤਰੀ ਬਣਨ ਪਿੱਛੋਂ ਉਦੋਂ ਦੇ ਮੁੱਖ ਮੰਤਰੀ ਕੈਪਟਨ ਤੇ ਸਿੱਧੂ ਦੀ ਅਣਬਣ ਹੋ ਗਈ ਸੀ। ਪੀਪੀਸੀਸੀ ਪ੍ਰਧਾਨ ਬਣਨ ਦੇ ਬਾਅਦ ਦੁਬਾਰਾ ਉਹ ਸਰਗਰਮ ਤਾਂ ਹੋਏ ਪਰ ਉਨ੍ਹਾਂ ਦਾ ਇਹ ਕਾਰਜਕਾਲ ਵੀ ਕਾਂਗਰਸ ’ਤੇ ਭਾਰੀ ਰਿਹਾ। ਆਲਮ ਤਾਂ ਇਹ ਰਿਹਾ ਕਿ ਸਿੱਧੂ ਦੇ ਮੋਢੇ ’ਤੇ ਬੰਦੂਕ ਰੱਖ ਚਲਾਉਣ ਵਾਲੇ ਟਕਸਾਲੀ ਨੇਤਾ ਵੀ ਕੈਪਟਨ ਦੇ ਹਟਵਾਉਣ ਪਿੱਛੋਂ ਸਿੱਧੂ ਤੋਂ ਦੂਰ ਹੋ ਗਏ।