ਸਟਾਫ ਰਿਪੋਰਟਰ, ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਵਿਚ ਘਟੇ 328 ਪਾਵਨ ਸਰੂਪਾਂ ਦੇ ਇਨਸਾਫ਼ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਆਵਾਜ਼ ਬੁਲੰਦ ਕਰਨ ਲਈ ਭਾਈ ਹਰਮਿੰਦਰ ਸਿੰਘ ਪਾਇਲ ਨੇ ਪੰਜਾਂ ਤਖ਼ਤਾਂ ਦੀ ਪੈਦਲ ਯਾਤਰਾ ਅਰੰਭ ਕੀਤੀ ਹੈ। ਅਕਾਲ ਤਖ਼ਤ ’ਤੇ ਅਰਦਾਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਬਲਬੀਰ ਸਿੰਘ ਮੁੱਛਲ, ਜਥਾ ਸਿਰਲੱਥ ਖ਼ਾਲਸਾ ਦੇ ਦਿਲਬਾਗ ਸਿੰਘ ਸੁਲਤਾਨਵਿੰਡ, ਸਿੱਖ ਯੂਥ ਫ਼ੈਡਰੇਸ਼ਨ (ਭਿੰ.) ਦੇ ਪ੍ਰਧਾਨ ਰਣਜੀਤ ਸਿੰਘ, ਜਗਤਾਰ ਸਿੰਘ ਹਵਾਰਾ ਕਮੇਟੀ ਦੇ ਮੁਖੀ ਪ੍ਰੋ. ਬਲਜਿੰਦਰ ਸਿੰਘ, ਸਤਨਾਮ ਸਿੰਘ ਝੰਜੀਆਂ ਤੇ ਮਨਿੰਦਰ ਕੌਰ ਨੇ ਹਰਮਿੰਦਰ ਸਿੰਘ ਨੂੰ ਰਵਾਨਾ ਕੀਤਾ।
ਇਸ ਮੌਕੇ ਜਥੇਬੰਦੀਆਂ ਦੇ ਕਾਰਕੁਨਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੂੰ ਰੋਕਣ ਲਈ ਸਰਕਾਰਾਂ ਸੰਜੀਦਾ ਨਹੀਂ ਹਨ। ਸ਼੍ਰੋਮਣੀ ਕਮੇਟੀ ਨੇ ਪਾਵਨ ਸਰੂਪ ਗ਼ਾਇਬ ਕਰਨ ਵਾਲੇ ਦੋਸ਼ੀਆਂ ’ਤੇ ਪਰਚੇ ਦਰਜ ਨਹੀਂ ਕਰਵਾਏ ਬਲਕਿ ਇਨਸਾਫ਼ ਮੰਗਦੇ ਵਿਅਕਤੀਆਂ ’ਤੇ ਜ਼ੁਲਮ ਢਾਹਿਆ ਗਿਆ ਹੈ. ਡੇਢ ਸਾਲ ਦਾ ਸਮਾਂ ਬੀਤਣ ਦੇ ਬਾਵਜੂਦ ਹਕੁੂਮਤ ਨੇ ਇਹ ਨਹੀਂ ਦੱਸਿਆ ਕਿ ਪਾਵਨ ਸਰੂਪ ਕਿਸ ਨੂੰ ਕਿਸ ਦੇ ਕਹਿਣ ’ਤੇ ਕਿਉਂ ਅਤੇ ਕਿੱਥੇ ਦਿੱਤੇ? ਇਹ ਨਹੀਂ ਦੱਸਿਆ ਕਿ ਹੁਣ ਪਾਵਨ ਸਰੂਪ ਕਿਹੜੀ ਹਾਲਤ ਵਿਚ ਹਨ? ਇਸ ਮੌਕੇ ਭਾਈ ਸੁਖਦੇਵ ਸਿੰਘ ਹਰੀਆਂ, ਭਾਈ ਪ੍ਰਣਾਮ ਸਿੰਘ, ਭਾਈ ਕੁਲਦੀਪ ਸਿੰਘ ਬਿੱਟੂ ਆਦਿ ਹਾਜ਼ਰ ਸਨ।