ਗਗਨਦੀਪ ਸਿੰਘ ਬੇਦੀ, ਅੰਮ੍ਰਿਤਸਰ : ਦਿੱਲੀ ਵਿਚ ਆਮ ਆਦਮੀ ਪਾਰਟੀ ਵੱਲੋਂ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਨੇ ਸ਼ਨਿਚਰਵਾਰ ਨੂੰ ਅੰਮ੍ਰਿਤਸਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰਾਂ ਨਾਲ ਇਨ੍ਹਾਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਗੁਪਤ ਮੀਟਿੰਗ ਕੀਤੀ। ਹਾਲਾਂਕਿ ਇਸ ਮੀਟਿੰਗ ਬਾਰੇ ਮੀਡੀਆ ਨੂੰ ਕੋਈ ਖਬਰ ਨਹੀਂ ਸੀ ਅਤੇ ਨਾ ਹੀ ਉਨ੍ਹਾਂ ਵੱਲੋਂ ਕੋਈ ਪ੍ਰੈਸ ਕਾਨਫਰੈਂਸ ਦਾ ਸੱਦਾ ਦਿੱਤਾ ਗਿਆ। ਸਗੋਂ ‘ਆਪ’ ਦੇ ਪੰਜਾਬ ਵਿਚ ਸੀਐੱਮ ਉਮੀਦਵਾਰ ਭਗਵੰਤ ਮਾਨ ਵੀ ਅੱਜ ਅੰਮ੍ਰਿਤਸਰ ਵਿਚ ਵੱਖ-ਵੱਖ ਧਾਰਮਿਕ ਸਥਾਨਾਂ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਣਾ ਮੰਦਿਰ, ਸ੍ਰੀ ਰਾਮਤੀਰਥ ਆਦਿ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਨੇ ਪ੍ਰੈਸ ਵਾਰਤਾ ਵੀ ਕੀਤੀ ਪਰ ਮਨੀਸ਼ ਸਿਸੋਦੀਆ ਦੀ ਉਮੀਦਵਾਰਾਂ ਨਾਲ ਗੁਪਤ ਮੀਟਿੰਗ ਬਾਰੇ ਕਿਸੇ ਨੂੰ ਖਬਰ ਨਾ ਦਿੱਤੀ ਗਈ। ਸੂਤਰਾਂ ਮੁਤਾਬਿਕ ਮਨੀਸ਼ ਸਿਸੋਦੀਆਂ ਦੀ ਉਮੀਦਵਾਰਾਂ ਨਾਲ ਮੁਲਾਕਾਤ ਦਾ ਮਕਸਦ ਇਥੇ ਚੱਲ ਰਹੀ ਪ੍ਰਚਾਰ ਮੁਹਿੰਮ ਨੂੰ ਤੇਜ ਕਰਨਾ ਹੈ ਅਤੇ ਕਿਆਸਰਾਈਆਂ੍ ਲਗਾਈਆਂ ਜਾ ਰਹੀਆਂ ਹਨ ਕਿ ਆਉਣ ਵਾਲੇ ਦਿਨਾਂ ਵਿਚ ਮਨੀਸ਼ ਸਿਸੋਦੀਆਂ ਖੁਦ ਡੋਰ ਟੂ ਡੋਰ ਚੋਣ ਪ੍ਰਚਾਰ ਕਰਕੇ ਅੰਮ੍ਰਿਤਸਰ ਵਾਸੀਆਂ ਦੇੇ ਰੂ ਬ ਰੂ ਹੋਣਗੇ ਅਤੇ ਪੰਜਾਬ ਵਾਸੀਆਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣਗੇ। ਮਨੀਸ਼ ਸਿਸੋਦੀਆਂ ਦੀ ਇਥੋਂ ਦੇ ਇਕ ਨਿੱਜੀ ਹੋਟਲ ਵਿਚ ਹਲਕਾ ਦੱਖਣੀ ਦੇ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਜਰ, ਹਲਕਾ ਉੱਤਰੀ ਦੇ ਉਮੀਦਵਾਰ ਤੇ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ, ਹਲਕਾ ਪੂਰਬੀ ਉਮੀਦਵਾਰ ਮੈਡਮ ਜੀਵਵਨਜੋਤ ਸਮੇਤ ਸਾਰੇ ਉਮੀਦਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਡਾ. ਨਿੱਜਰ ਦੇ ਨਾਲ ਮੁਲਾਕਾਤ ਦੀ ਇਕ ਤਸਵੀਰ ਸੋਸ਼ਲ ਮੀਡੀਆਂ ‘ਤੇ ਵੀ ਦੇਖੀ ਗਈ। ਇਸ ਮੌਕੇ ‘ਆਪ’ ਦੇ ਹਲਕਾ ਦੱਖਣੀ ਦੇ ਸੀਨੀਅਰ ਨੇਤਾ ਜਸਪ੍ਰੀਤ ਸਿੰਘ ਵੀ ਹਾਜ਼ਰ ਸਨ।