ਗੁਰਮੀਤ ਸੰਧੂ, ਅੰਮ੍ਰਿਤਸਰ : ਵਿਸ਼ਵ ਪੱਧਰ 'ਤੇ ਨਾਪਾਕ ਇਰਾਦਿਆਂ ਦੀ ਜ਼ਿਊਂਦੀ ਜਾਗਦੀ ਮਿਸਾਲ ਬਣ ਚੁੱਕੇ ਭਾਰਤ ਦੇ ਜਨਮ ਜਾਤ ਵਿਰੋਧੀ ਦੇਸ਼ ਪਾਕਿਸਤਾਨ ਦੇ ਵੱਲੋਂ ਕੀਤੀਆਂ ਜਾਂਦੀਆਂ ਹਰੇਕ ਪ੍ਰਕਾਰ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਦਾ ਬਾਰਡਰ ਸਕਿਊਰਟੀ ਫੋਰਸ (ਬੀਐੱਸਐੱਫ) ਮੁੂੰਹ ਤੋੜਵਾਂ ਜਵਾਬ ਦੇਣਾ ਤੇ ਡੱਟ ਕੇ ਮੁਕਾਬਲਾ ਕਰਨਾ ਜਾਣਦੀ ਹੈ।
ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾ ਬੀਐੱਸਐੱਫ ਦੇ ਪੱਛਮੀ ਕਮਾਂਡ ਦੇ ਐਡੀਸ਼ਨਲ ਡੀਜੀ ਪੀਵੀ ਰਾਮਾ ਸਸਤਰੀ ਨੇ ਬੀਐੱਸਐੱਫ ਸੈਕਟਰ ਹੈਡ ਕੁਆਟਰ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਬੀਤੇ 2 ਮਹੀਨਿਆਂ ਦੇ ਦੌਰਾਨ ਪਾਕਿਸਤਾਨ ਦੇ ਵੱਲੋਂ 232 ਦੇ ਕਰੀਬ ਭਾਰਤ ਵਿਰੋਧੀ ਡ੍ਰੋਨ ਹਮਲੇ ਕੀਤੇ ਗਏ, ਜਿਸ ਵਿਚੋਂ 193 ਦੇ ਕਰੀਬ ਡ੍ਰੋਨ ਹਮਲਿਆਂ ਨੂੰ ਬੀਐੱਸਐੱਫ ਦੇ ਵੱਲੋਂ ਅਸਫਲ ਹੀ ਨਹੀਂ ਕੀਤਾ ਗਿਆ ਬਲਕਿ ਬਹੁਤ ਸਾਰੇ ਡ੍ਰੋਨਾਂ ਨੂੰ ਤਬਾਹ ਵੀ ਕੀਤਾ ਗਿਆ। ਪਾਕਿ ਵੱਲੋਂ ਲਗਾਤਾਰ ਅੱਤਵਾਦੀ ਤੇ ਆਤਮਘਾਤੀ ਹਮਲਿਆ ਤੋਂ ਇਲਾਵਾ ਕੀਤੀ ਜਾਂਦੀ ਘੁਸਪੈਠ, ਜਾਅਲੀ ਕਰੰਸੀ, ਨਸ਼ਾਖੋਰੀ, ਨਸ਼ਾ ਤਸਕਰੀ, ਨਾਜਾਇਜ਼ ਹਥਿਆਰਾਂ ਦੇ ਜ਼ਖ਼ੀਰੇ ਭੇਜੇ ਜਾਣ ਸਬੰਧੀ ਕੀਤੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਇਸ ਮਾਮਲੇ ਤੇ ਬੀਐੱਸਐੱਫ ਇੱਕ ਠੋਸ ਰਣਨੀਤੀ ਤਹਿਤ ਕੰਮ ਕਰ ਰਹੀ ਹੈ ਜਿਸ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਅਧਿਕਾਰਤ ਖੇਤਰ ਵਿਚ ਗੁਜਰਾਤ, ਰਾਜਸਥਾਨ, ਪੰਜਾਬ, ਜੰਮੂ-ਕਸ਼ਮੀਰ ਤੇ ਐੱਲਓਸੀ ਆਦਿ ਕੌਮਾਂਤਰੀ ਸਰਹੱਦੀ ਖੇਤਰ ਆਉਂਦਾ ਹੈ ਜਿੱਥੇ ਬੀਐੱਸਐੱਫ ਦੀ ਕਾਰਜਸ਼ੈਲੀ ਸ਼ਾਨਦਾਰ ਤੇ ਬੇਮਿਸਾਲ ਹੈ। ਇਸ ਦੇ ਨਾਲ ਹੀ ਇਨ੍ਹਾਂ ਰਾਜਾਂ ਦੀ ਲੋਕਲ ਪੁਲਿਸ ਦਾ ਵੀ ਵੱਡਾ ਸਹਿਯੋਗ ਹੈ।
ਜ਼ਿਕਰਯੋਗ ਹੈ ਕਿ ਬੀਐੱਸਐੱਫ ਦੇ ਪੱਛਮੀ ਕਮਾਂਡ ਦੇ ਐਡੀਸ਼ਨਲ ਡੀਜੀ ਪੀਵੀ ਰਾਮਾ ਸਸਤਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ 4 ਦਸੰਬਰ ਦਿਨ ਐਤਵਾਰ ਨੂੰ ਕੌਮੀ ਪੱਧਰ 'ਤੇ ਮਨਾਏ ਜਾ ਰਹੇ ਬੀਐੱਸਐੱਫ ਦੇ 58ਵੇਂ ਸਥਾਪਨਾ ਦਿਵਸ ਨੂੰ ਲੈ ਕੇ ਚੱਲ ਰਹੀਆਂ ਤੈਆਰੀਆਂ ਦਾ ਜਾਇਜਾ ਲੈਣ ਲਈ ਅਤੇ ਬੀਐੱਸਐੱਫ ਵੱਲੋਂ ਤੈਅ ਕੀਤੀ ਗਈ ਰਣਨੀਤੀ ਦੀ ਸਮੀਖਿਆ ਕਰਨ ਲਈ ਵਿਸ਼ੇਸ਼ ਤੌਰ 'ਤੇ ਇੱਥੇ ਪੁੱਜੇ। ਨਿਤਿਆ ਨੰਦ ਰਾਏ ਗ੍ਰਹਿ ਰਾਜ ਮੰਤਰੀ ਭਾਰਤ ਸਰਕਾਰ ਇਸ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ। ਉਨ੍ਹਾਂ ਦਰਸ਼ਕਾਂ ਨੂੰ ਬੀਐਸਐਫ ਦੇ 58ਵੇਂ ਸਥਾਪਨਾ ਦਿਵਸ ਜਸ਼ਨਾਂ ਦੇ ਮੌਕੇ ਬੀਐੱਸਐੱਫ ਦੇ ਵੱਲੋਂ ਕੀਤੀ ਜਾਣ ਵਾਲੀ ਵਿਸ਼ੇਸ਼ ਡਰਿੱਲ ਅਤੇ ਹੋਰ ਹੈਰਤਅੰਗੇਜ਼ ਕਾਰਨਾਮਿਆਂ ਦਾ ਲੁਤਫ ਉਠਾਉਣ ਲਈ ਅਤੇ ਇਸ ਵਿਚ ਆਪਣੀ ਹਿੱਸੇਦਾਰੀ ਦਰਸਾਉਣ ਦੇ ਲਈ ਖੁੱਲ੍ਹਾ ਸੱਦਾ ਦਿੰਦਿਆਂ ਕਿਹਾ ਕਿ ਉਸ ਦਿਨ ਦਰਸ਼ਕ ਠੀਕ ਸਵੇਰੇ 8.30 ਵਜੇ ਕੋਈ ਵੀ ਸਰਕਾਰੀ ਸ਼ਨਾਖਤੀ ਪੱਤਰ ਲੈ ਕੇ ਇਸ ਵਿਚ ਸ਼ਮੂਲੀਅਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਜਸ਼ਨ ਸਵੇਰੇ 8.30 ਵਜੇ ਤੋਂ ਲੈਕੇ ਸਵੇਰੇ 11.30 ਵਜੇ ਤਕ ਮਨਾਏ ਜਾਣਗੇ। ਇਸ ਦੌਰਾਨ ਬੀਐੱਸਐੱਫ ਦੇ ਵਿਸ਼ੇਸ਼ ਊਠ, ਘੋੜੇ, ਕੁੱਤੇ, ਜਾਂਬਾਜ਼ ਮੋਟਰ ਸਾਈਕਲ ਸਵਾਰ, ਭਵਾਨੀ ਮਹਿਲਾ ਕਰਮਚਾਰੀ ਤੇ ਹੋਰ ਪਰੇਡ ਪਾਰਟੀਆਂ ਆਪਣੇ ਹੈਰਤਅੰਗੇਜ਼ ਕਾਰਨਾਮਿਆਂ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੀਆਂ। ਇਸ ਦੌਰਾਨ ਬੀਐੱਸਐੱਫ ਦੇ ਵੱਲੋਂ ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ ਔਜ਼ਾਰਾਂ, ਹਥਿਆਰਾਂ ਤੇ ਆਧੁਨਿਕ ਮਸ਼ੀਨਰੀ ਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸੰਨ 1971 ਦੀ ਭਾਰਤ ਪਾਕਿ ਜੰਗ ਦੇ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ ਤੇ ਉਸ ਤੋਂ ਬਾਅਦ ਸੇਵਾ ਮੁਕਤ ਹੋ ਚੁੱਕੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਇਸ ਮੌਕੇ ਸ਼ਮੂਲੀਅਤ ਕਰਨ ਦੇ ਲਈ ਵਿਸ਼ੇਸ਼ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦੌਰਾਨ ਸੁਰੱਖਿਆ ਵਿਵਸਥਾ ਦੇ ਮੱਦੇਨਜ਼ਰ ਦਰਸ਼ਕਾਂ ਦੀ ਜਾਨ ਤੇ ਮਾਲ ਦੀ ਰਾਖੀ ਲਈ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਪਰਿੰਦਾ ਵੀ ਪਰ ਨਹੀਂ ਮਾਰ ਸਕੇਗਾ। ਜਦੋਂ ਕਿ ਬੀਐੱਸਐੱਫ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਰਸ਼ਕਾ ਦੇ ਨਾਲ ਨਰਮੀ ਦੇ ਨਾਲ ਨਰਮੀ ਦੇ ਨਾਲ ਪੇਸ਼ ਆਉਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਮੌਕੇ ਆਈਜੀ ਫਰੰਟੀਅਰ ਹੈਡ ਕੁਆਟਰ ਜਲੰਧਰ ਆਸਿਫ ਜਲਾਲ, ਡੀਆਈਜੀ ਬੀਐਸਐਫ ਸੈਕਟਰ ਹੈਡ ਕੁਆਟਰ ਅੰਮ੍ਰਿਤਸਰ ਸੰਜੈ ਗੌਰ, ਕਮਾਡੈਂਟ ਪ੍ਰਦੀਪ ਸਿੰਘ, ਕਮਾਡੈਂਟ ਜਸਬੀਰ ਸਿੰਘ ਸਮੇਤ ਕਈ ਉਚ ਆਹਲਾ ਅਧਿਕਾਰੀ ਤੇ ਅਫਸਰਾਨ ਹਾਜ਼ਰ ਸਨ।