ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਸਕੱਤਰੇਤ ਵਿਖੇ ਭੀਮ ਆਰਮੀ ਉੱਤਰ ਪ੍ਰਦੇਸ਼ ਦੇ ਪ੍ਰਧਾਨ ਚੰਦਰ ਸ਼ੇਖਰ ਆਜ਼ਾਦ ਨੇ ਸਾਥੀਆਂ ਨਾਲ ਮੁਲਾਕਾਤ ਕੀਤੀ। ਚੰਦਰ ਸ਼ੇਖਰ ਅਜ਼ਾਦ ਨੇ ਕਿਹਾ ਕਿ ਉਹ ਕੁਝ ਸ਼ੰਕਿਆਂ ਨੂੰ ਲੈ ਕੇ ਜਥੇਦਾਰ ਨਾਲ ਮੁਲਾਕਾਤ ਲਈ ਆਏ ਸਨ। ਮੁਲਾਕਾਤ ਵਿਚ ਗਿਆਨੀ ਹਰਪ੍ਰੀਤ ਸਿੰਘ ਨੇ ਉਨ੍ਹਾਂ ਨਾਲ ਸੁਖਾਵੇਂ ਮਾਹੌਲ ਵਿਚ ਗੱਲਬਾਤ ਕਰ ਕੇ ਸਾਰੇ ਸ਼ੰਕੇ ਦੂਰ ਕਰ ਦਿੱਤੇ ਹਨ। ਉਨ੍ਹਾਂ ਸਜ਼ਾਵਾਂ ਪੂਰੀਆਂ ਕਰ ਲੈਣ ਦੇ ਬਾਵਜੂਦ ਜੇਲ੍ਹਾਂ ਵਿਚ ਨਜ਼ਰਬੰਦ ਬੰਦੀ ਸਿੱਖਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਲੈਣ ਦੇ ਬਾਵਜੂਦ ਬੰਦੀ ਸਿੱਖਾਂ ਦਾ ਜੇਲ੍ਹਾਂ ਵਿਚ ਹੋਣਾ ਸੰਵਿਧਾਨ ਦੀ ਮੂਲ ਭਾਵਨਾ ਦੀ ਉਲੰਘਣਾ ਹੈ।
ਆਜ਼ਾਦ ਨੇ ਕਿਹਾ ਕਿ ਅਦਾਲਤ ਕੀਤੇ ਅਪਰਾਧ ਦੀ ਸਜ਼ਾ ਦਾ ਸਮਾਂ ਤੈਅ ਕਰਦੀਆਂ ਹਨ ਪਰ ਸਜ਼ਾ ਭੁਗਤ ਲੈਣ ਤੋਂ ਬਾਅਦ ਕਿਸੇ ਨੂੰ ਵੀ ਜੇਲ੍ਹ ਵਿਚ ਬੰਦ ਰੱਖਣਾ ਵੀ ਇਕ ਅਪਰਾਧ ਹੈ। ਇਹ ਸਿੱਧੇ ਤੌਰ ’ਤੇ ਮਨੁੱਖੀ ਅਧਿਕਾਰਾਂ ਦੀ ਉਲਘੰਣਾ ਹੈ। ਆਪਣੀਆਂ ਰਾਜਨੀਤਕ ਸਾਜ਼ਿਸ਼ਾਂ ਤੇ ਆਪਣੀਆਂ ਰਾਜਨੀਤਕ ਖਾਹਿਸ਼ਾਂ ਪੂਰੀਆਂ ਕਰਨ ਲਈ ਅਜਿਹਾ ਕਰਨਾ ਬਿਲਕੁੱਲ ਗ਼ਲਤ ਹੈ। ਉਨ੍ਹਾਂ ਕਿਹਾ ਕਿ ਉਹ ਵਫਦ ਸਮੇਤ ਬਹੁਤ ਸਾਰੇ ਸਵਾਲ ਲੈ ਕੇ ਜਥੇਦਾਰ ਨੂੰ ਮਿਲਣ ਲਈ ਆਏ ਸੀ। ਉਨ੍ਹਾਂ ਨੂੰ ਦੋ ਘੰਟੇ ਦੀ ਮੀਟਿੰਗ ਵਿਚ ਸਾਡੇ ਸਾਰੇ ਸਵਾਲਾਂ ਦਾ ਜਵਾਬ ਮਿਲ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਜਾਣਨਾ ਚਾਹੁੰੁਦੇ ਸੀ ਕਿ ਡਾ. ਭੀਮ ਰਾਓ ਅੰਬੇਡਕਰ ਸਿੱਖ ਕਿਉਂ ਨਹੀਂ ਬਣੇ ਤੇ ਜਥੇਦਾਰ ਨੇ ਉਸ ਘਟਨਾ ਨਾਲ ਸਬੰਧਤ ਪੁਸਤਕਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਸੈਕੂਲਰ ਦੇਸ਼ ਹੈ ਅਤੇ ਇਸ ਦਾ ਇਕ ਸੰਵਿਧਾਨ ਵੀ ਹੈ ਜੋ ਦੇਸ਼ ਵਿਚ ਰਹਿਣ ਵਾਲੇ ਹਰ ਵਿਅਕਤੀ ਨੂੰ ਆਪੋ ਆਪਣੇ ਧਰਮ ਦਾ ਪ੍ਰਚਾਰ ਕਰਨ ਦੀ ਖੁੱਲ੍ਹ ਦਿੰਦਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਨੇ ਸਾਨੂੰ ਅਸ਼ੀਰਵਾਦ ਦਿੱਤਾ ਹੈ ਤੇ ਭਰੋਸਾ ਦਿੱਤਾ ਹੈ ਕਿ ਹਰ ਸਮੇਂ ਸਾਥ ਦੇਣਗੇ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਚੰਦਰ ਸ਼ੇਖਰ ਆਜ਼ਾਦ ਤੇ ਸਾਥੀਆਂ ਦਾ ਅੰਮ੍ਰਿਤਸਰ ਆਉਣਾ ਸਾਡੇ ਲਈ ਬਹੁਤ ਸਨਮਾਨ ਦੀ ਗੱਲ ਹੈ। ਇਹ ਉਹ ਵਿਅਕਤੀ ਹੈ ਜਿਸ ਨੇ ਉੱਤਰ ਪ੍ਰਦੇਸ਼ ਤੇ ਕੇਂਦਰ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਜਥੇਦਾਰ ਨਾਲ ਗੱਲਬਾਤ ਦੌਰਾਨ ਆਜ਼ਾਦ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜ਼ਿਕਰ ਭਰੇ ਮਨ ਨਾਲ ਕੀਤਾ ਜੋ ਉਨ੍ਹਾਂ ਦੇ ਦਿਲ ਨੂੰ ਛੂਹ ਗਿਆ। ਉਨ੍ਹਾਂ ਕਿਹਾ ਕਿ ਸਾਡੀ ਲੜਾਈ ਬ੍ਰਾਹਮਣਵਾਦ ਖ਼ਿਲਾਫ਼ ਹੈ ਤੇ ਆਜ਼ਾਦ ਵੀ ਆਪਣੀ ਟੀਮ ਨਾਲ ਇਹ ਲੜਾਈ ਲੜ ਰਹੇ ਹਨ।