ਗੌਰਵ ਜੋਸ਼ੀ,ਰਈਆ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਡੀਸੀ ਦਫ਼ਤਰ ਤਰਨਤਾਰਨ ਅੱਗੇ ਲੱਗਾ ਮੋਰਚਾ ਦਸਵੇਂ ਦਿਨ ਵਿਚ ਦਾਖਲ ਹੋ ਗਿਆ। ਅੱਜ ਪੰਜਾਬ ਭਰ ਦੇ ਐੱਮਪੀਜ਼ ਨੂੰ ਕਿਸਾਨਾਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਲੈਕੇ ਮੰਗ ਪੱਤਰ ਦੇਣ ਦੇ ਐਲਾਨ ਤਹਿਤ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਦੀ ਰਈਆ ਰਿਹਾਇਸ਼ ਵਿਖੇ ਪਹੁੰਚ ਕੇ ਉਨਾਂ੍ਹ ਦੇ ਸਿਆਸੀ ਸਲਾਹਕਾਰ ਵਰਿੰਦਰ ਸਿੰਘ ਵਿੱਕੀ ਭਿੰਡਰ ਨੂੰ ਮੰਗ ਪੱਤਰ ਦਿੱਤੇ ਗਏ।ਕਿਸਾਨ ਆਗੂ ਦਿਆਲ ਸਿੰਘ ਮੀਆਂਵਿੰਡ, ਮੁਖਤਾਰ ਸਿੰਘ ਬਿਹਾਰੀਪੁਰ ਨੇ ਕਿਹਾ ਕਿ ਸਰਕਾਰ ਚਾਹੇ ਪੰਜਾਬ ਦੀ ਹੋਵੇ ਜਾਂ ਕੇਂਦਰ ਦੀ, ਉਹ ਜਨਤਾ ਦੇ ਹਿੱਤ ਦੀ ਨੀਤੀ ਬਣਾਉਣ ਦੀ ਜਗ੍ਹਾ ਚੰਦ ਕਾਰਪੋਰੇਟ ਘਰਾਣਿਆਂ ਲਈ ਸਾਰੀ ਨੀਤੀ ਤਿਆਰ ਕਰ ਰਹੀ ਹੈ, ਜਦਕਿ ਆਮ ਜਨਤਾ ਬੇਰੁਜ਼ਗਾਰੀ, ਗਰੀਬੀ, ਨਸ਼ੇ, ਭਿ੍ਸ਼ਟਾਚਾਰ ਅਤੇ ਭੁੱਖ ਮਰੀ ਦੀ ਸ਼ਿਕਾਰ ਹੈ। ਉਨਾਂ੍ਹ ਕਿਹਾ ਕਿ ਅੱਜ ਲੋਕ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਚੁੱਕੇ ਹਨ ਅਤੇ ਧਰਨਿਆਂ ਅਤੇ ਅੰਦੋਲਨਾਂ ਰਾਹੀਂ ਸਰਕਾਰਾਂ ਨੂੰ ਸਹੀ ਦਿਸ਼ਾ ਵਿਚ ਕੰਮ ਕਰਨ ਲਈ ਮਜਬੂਰ ਕਰਨ ਲਈ ਕਮਰ ਕੱਸ ਚੁੱਕੇ ਹਨ। ਉਨਾਂ੍ਹ ਕਿਹਾ ਕਿ ਮੋਰਚੇ ਨੂੰ ਲਗਾਤਾਰ ਸਮਰਥਨ ਵੱਧ ਰਿਹਾ ਹੈ। ਕਿਸਾਨ ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਸ਼੍ਰੀ ਗੁਰੂ ਗੰ੍ਥ ਸਾਹਿਬ ਜੀ ਦੀ ਬੇਅਬਦੀ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ, ਸਰਕਾਰੀ ਸਕੂਲਾਂ ਦਾ ਪ੍ਰਬੰਧ ਠੀਕ ਕੀਤਾ ਜਾਵੇ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦਾ ਹੱਕ ਖੋਣ ਵਾਲਾ ਕਨੂੰਨ ਰੱਦ ਕੀਤਾ ਜਾਵੇ, ਸਰਕਾਰੀ ਦਫ਼ਤਰਾਂ ਵਿੱਚ ਫੈਲਿਆ ਭਿ੍ਸ਼ਟਾਚਾਰ ਬੰਦ ਕੀਤਾ ਜਾਵੇ, ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦਿੱਤਾ ਜਾਵੇ। ਇਸ ਮੌਕੇ ਮੁਖਤਾਰ ਸਿੰਘ ਬਿਹਾਰੀਪੁਰ, ਮਨਜੀਤ ਸਿੰਘ, ਪ੍ਰਭਜੋਤ ਸਿੰਘ ਜਲਾਲਾਬਾਦ, ਸਤਨਾਮ ਸਿੰਘ ਖੋਜਕੀਪੁਰ, ਹਰਜਿੰਦਰ ਸਿੰਘ ਘੱਗੇ, ਸਾਹਿਬ ਸਿੰਘ ਨਰੋਤਮਪੁਰ, ਬਲਜੀਤ ਸਿੰਘ , ਲਵਜੀਤ ਸਿੰਘ ਖੋਜਕੀਪੁਰ, ਕ੍ਰਿਪਾਲ ਸਿੰਘ ਲਿੱਧੜ, ਮੰਗਲ ਸਿੰਘ ਲੰਧਿੜ ਆਦਿ ਹਾਜ਼ਰ ਸਨ।
ਕੈਪਸ਼ਨ- ਐੱਮਪੀ ਡਿੰਪਾ ਦੇ ਸਿਆਸੀ ਸਲਾਹਕਾਰ ਵਰਿੰਦਰ ਸਿੰਘ ਵਿੱਕੀ ਭਿੰਡਰ ਨੂੰ ਮੰਗ ਪੱਤਰ ਸੌਂਪਦੇ ਹੋਏ ਕਿਸਾਨ ਆਗੂ।